ਦੱਖਣੀ ਅਫਰੀਕਾ ਨੂੰ ਦੂਸਰੇ ਵਨਡੇ ਵਿਚ ਹਰਾ ਕੇ ਭਾਰਤ ਸੀਰੀਜ ਵਿਚ 2-0 ਨਾਲ ਅੱਗੇ

ਸੈਂਚੁਰੀਅਨ, 04 ਫਰਵਰੀ (ਪੋਸਟ ਬਿਊਰੋ)— ਭਾਰਤ ਅਤੇ ਸਾਊਥ ਅਫਰੀਕਾ ਵਿਚਾਲੇ ਦੂਜਾ ਵਨ ਡੇ ਮੈਚ ਖੇਡਿਆ ਗਿਆ ਜਿਸ ‘ਚ ਭਾਰਤ ਨੇ ਦੱਖਣੀ ਅਫਰੀਕਾ ਨੂੰ 9 ਵਿਕਟਾਂ ਨਾਲ ਹਰਾਇਆ । ਬੱਲੇਬਾਜ਼ੀ ਕਰਦੇ ਹੋਏ ਸਾਊਥ ਅਫਰੀਕਾ ਨੂੰ ਪਹਿਲਾ ਝਟਕਾ ਉਦੋਂ ਲੱਗਾ ਜਦੋਂ ਹਾਸ਼ਿਮ ਅਮਲਾ 23 ਦੌੜਾਂ ਦੇ ਨਿਜੀ ਸਕੋਰ ‘ਤੇ ਆਊਟ ਹੋ ਗਏ। ਹਾਸ਼ਿਮ ਅਮਲਾ ਤੋਂ ਬਾਅਦ ਕੁਇੰਟਨ ਡੀ ਕਾਕ 20, ਐਡੇਨ ਮਾਰਕਰਮ 8 ਅਤੇ ਡੇਵਿਡ ਮਿਲਰ 0 ‘ਤੇ ਸਕੋਰ ‘ਤੇ ਆਊਟ ਹੋ ਗਏ। ਖਾਇਆ ਜ਼ੋਂਡਾ ਵੀ ਕੁਝ ਕਮਾਲ ਨਾ ਕਰ ਸਕੇ ਅਤੇ 25 ਦੌੜਾਂ ਦੇ ਨਿੱਜੀ ਸਕੋਰ ‘ਤੇ ਪੈਵੇਲੀਅਨ ਪਰਤ ਗਏ। ਜੀਨ-ਪਾਲ ਡੁਮਿਨੀ 25 ਦੌੜਾਂ ਜਦਕਿ ਕਗਿਸੋ ਰਬਾਡਾ 01 ਦੌੜ ਦੇ ਨਿੱਜੀ ਸਕੋਰ ‘ਤੇ ਆਊਟ ਹੋ ਗਏ। ਦੱਖਣੀ ਅਫਰੀਕਾ ਦੇ ਬਾਕੀ ਦੇ ਬੱਲੇਬਾਜ਼ ਕੁਝ ਕਮਾਲ ਨਾ ਕਰ ਸਕੇ ਅਤੇ ਛੇਤੀ-ਛੇਤੀ ਆਊਟ ਹੁੰਦੇ ਗਏ। ਸਿੱਟੇ ਵੱਜੋਂ ਸਾਊਥ ਅਫਰੀਕਾ ਦੀ ਪੂਰੀ ਟੀਮ 118 ‘ਤੇ ਆਲ ਆਊਟ ਹੋ ਗਈ। ਇਸ ਤਰ੍ਹਾਂ ਦੱਖਣੀ ਅਫਰੀਕਾ ਨੇ ਭਾਰਤ ਨੂੰ ਮੈਚ ਜਿੱਤਣ ਲਈ 119 ਦੌੜਾਂ ਦਾ ਟੀਚਾ ਦਿੱਤਾ ਹੈ। ਯੁਜਵੇਂਦਰ ਚਾਹਲ ਨੇ 5 ਅਤੇ ਕੁਲਦੀਪ ਯਾਦਵ ਨੇ 3 ਵਿਕਟਾਂ ਝਟਕਾਈਆਂ। ਭੁਵਨੇਸ਼ਵਰ ਕੁਮਾਰ ਨੇ 1 ਅਤੇ ਜਸਪ੍ਰੀਤ ਬੁਮਰਾਹ ਨੇ ਵੀ 1 ਵਿਕਟ ਲਿਆ। 
ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਟੀਮ ਦੇ ਵਲੋਂ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰੋਹਿਤ ਸ਼ਰਮਾ ਨੇ 17 ਗੇਂਦਾਂ ‘ਚ 15 ਦੌੜਾਂ ਬਣਾਈਆਂ ਜਿਸ ‘ਚ ਉਸ ਨੇ 1 ਛੱਕੇ ਅਤੇ 2 ਚੌਕੇ ਲਗਾਏ। ਇਸ ਤੋਂ ਬਾਅਦ ਸ਼ਿਖਰ ਧਵਨ ਅਤੇ ਵਿਰਾਟ ਕੋਹਲੀ ਨੇ ਪਾਰੀ ਨੂੰ ਸੰਭਾਲਿਆ। ਜਿਸ ‘ਚ ਧਵਨ ਨੇ ਆਪਣੀ ਬਿਹਤਰੀਨ ਪਾਰੀ ਖੇਡਦੇ ਹੋਏ 51 ਦੌੜਾਂ ਬਣਾਈਆਂ, ਜਿਸ ‘ਚ ਉਸ ਨੇ 9 ਚੌਕੇ ਲਗਾਏ। ਕਪਤਾਨ ਕੋਹਲੀ ਨੇ ਵੀ ਆਪਣੀ ਪਾਰੀ ਦੌਰਾਨ 46 ਦੌੜਾਂ ਬਣਾਈਆਂ ਜਿਸ ‘ਚ ਉਸ ਨੇ 1 ਛੱਕਾ ਅਤੇ 4 ਚੌਕੇ ਲਗਾਏ।