ਦੌਣ

-ਮਨਦੀਪ ਸਿੰਘ ਡਡਿਆਣਾ
ਆਲੇ ਦੁਆਲੇ ਵੇਖ ਕੇ ਜਿਵੇਂ ਮੈਂ ਕੋਈ ਚੋਰੀ ਕਰ ਰਿਹਾ ਹੋਵਾਂ, ਖਸਤਾ ਹਾਲ ਹੋਈ ਰੱਸੀ ਦਾ ਵਲ ਮੰਜੇ ਦੇ ਸੇਰਵੇ ਨਾਲ ਮਾਰ ਕੇ ਮੈਂ ਉਤੇ ਦਰੀ ਸਿੱਧੀ ਕਰ ਦਿੱਤੀ। ਬਿਸਤਰਾ ਸਿੱਧਾ ਜਿਹਾ ਹੋ ਗਿਆ ਅਤੇ ਉਤੇ ਇੰਜ ਪਰਦਾ ਕੱਜਿਆ ਗਿਆ, ਜਿਵੇਂ ਹੇਠਾਂ ਵੀ ਸਭ ਠੀਕ ਹੋਵੇ। ਮੇਰੇ ਮਨ ਨੂੰ ਤਸੱਲੀ ਹੋਈ ਅਤੇ ਮੈਂ ਰੇਹੜਾ ਜੋੜ ਕੇ ਕੱਖ ਲੈਣ ਖੇਤਾਂ ਵੱਲ ਜਾਣ ਲਈ ਤੁਰਨ ਹੀ ਲੱਗਾ ਸੀ।
‘ਪਹਿਲਾਂ ਮੰਜੇ ਵਿੱਚ ਦੌਣ ਲਿਆ ਕੇ ਪਾ ਦਿੰਦੇ।’ ਪਿੱਛੋਂ ਪਤਨੀ ਦੀ ਆਵਾਜ਼ ਸੁਣਾਈ ਦਿੱਤੀ।
‘ਕਿੱਥੇ ਖੁੱਲ੍ਹੀ ਹੋਣੀ ਅਜੇ ਦੁਕਾਨ, ਲਾਲਾ ਨ੍ਹੀਂ ਆਉਂਦਾ ਇੰਨੇ ਸਾਝਰੇ।’ ਮੈਂ ਕਿਹਾ।
‘ਦੇਖ ਤਾਂ ਆਉਂਦੇ, ਕਈ ਵਾਰ ਇਥੇ ਹੀ ਹੁੰਦਾ ਏ ਰਾਤ ਨੂੰ।’ ਉਹ ਫਿਰ ਬੋਲੀ।
ਮੈਂ ਰੇਹੜੇ ਤੋਂ ਵੱਖ ਕਰਕੇ ਵੱਛਾ ਫਿਰ ਖੁਰਲੀ ਨਾਲ ਬੰਨ੍ਹ ਦਿੱਤਾ ਅਤੇ ਦੁਕਾਨ ਵੱਲ ਚੱਲ ਪਿਆ।
‘ਮੇਰੇ ਲਈ ਕੰਮ ਫਿਰ ਵਧਾ ਦਿੱਤਾ। ਇਕ ਵਾਰ ਬਿਸਤਰੇ ਮਸਾਂ ਇਕੱਠੇ ਕਰਦੀ ਆਂ, ਇਹਨੇ ਫਿਰ ਵਿਛਾ ‘ਤਾ। ਇਹਨੂੰ ਰੱਬ ਦੇ ਬੰਦੇ ਨੂੰ ਅਕਲ ਨ੍ਹੀਂ ਆਉਣੀ।’ ਉਹ ਮੇਰੇ ਵਿਛਾਏ ਬਿਸਤਰੇ ਨੂੰ ਇਕੱਠਾ ਕਰਦੀ ਬੁੜਬੁੜ ਕਰ ਰਹੀ ਸੀ। ਅੱਗੇ ਜਾ ਕੇ ਵੇਖਿਆ ਤਾਂ ਦੁਕਾਨ ਅਜੇ ਖੁੱਲ੍ਹੀ ਨਹੀਂ ਸੀ। ਮੈਂ ਘਰ ਵੱਲ ਮੁੜ ਪਿਆ। ਵਾਪਸ ਆਇਆ ਤਾਂ ਪਤਨੀ ਸ਼ਾਇਦ ਮੈਨੂੰ ਹੀ ਉਡੀਕ ਰਹੀ ਸੀ।
‘ਕੀ ਗੱਲ ਆਇਆ ਨ੍ਹੀਂ ਹਾਲੇ ਲਾਲਾ, ਖੁੱਲ੍ਹੀ ਨ੍ਹੀਂ ਹੱਟੀ?’ ਪਤਨੀ ਨੇ ਪੁੱਛਿਆ।
‘ਨਹੀਂ, ਅਜੇ ਨ੍ਹੀਂ ਆਇਆ। ਮੈਂ ਕਿਹਾ ਤਾਂ ਸੀ ਕਿ ਇੰਨੇ ਸਾਝਰੇ ਨ੍ਹੀਂ ਆਉਂਦਾ ਉਹ। ਦਸ ਵਜੇ ਤੋਂ ਬਾਅਦ ਹੀ ਆਉਂਦੈ।’ ਮੈਂ ਜੁਆਬ ਦਿੱਤਾ।
‘ਮੈਂ ਰੋਜ਼ ਕਹਿੰਦੀ ਆਂ ਕਿ ਸ਼ਾਮ ਨੂੰ ਲਿਆ ਕੇ ਰੱਖ ਲਉ ਦੌਣ, ਪਰ ਮੇਰੀ ਕਿਹੜਾ ਕੋਈ ਮੰਨਦਾ ਐ।’ ਉਹ ਖਿਝ ਕੇ ਬੋਲੀ।
ਮੈਂ ਉਸ ਦੀ ਗੱਲ ਅਣਸੁਣੀ ਕਰਕੇ ਦੁਬਾਰਾ ਰੇਹੜਾ ਜੋੜ ਕੇ ਖੇਤ ਨੂੰ ਤੁਰ ਪਿਆ। ਖੇਤ ਵਿੱਚ ਕੰਮ ਕਰਦਿਆਂ ਵੀ ਮੇਰੇ ਸਿਰ ਵਿੱਚ ਮੱਠਾ-ਮੱਠਾ ਦਰਦ ਹੁੰਦਾ ਰਿਹਾ। ਦਰਦ ਤਾਂ ਹੋਣਾ ਹੀ ਸੀ, ਪਿਛਲੀਆਂ ਤਿੰਨ ਰਾਤਾਂ ਤੋਂ ਮੱਛਰ ਨੇ ਮੇਰੀ ਨੀਂਦ ਉਡਾ ਕੇ ਰੱਖ ਦਿੱਤੀ ਸੀ। ਮੇਰੀ ਪਤਨੀ ਨੂੰ ਮੈਨੂੰ ਜ਼ਿੰਮੇਵਾਰੀ ਦਾ ਅਹਿਸਾਸ ਕਰਵਾਉਣ ਦਾ ਨੁਕਤਾ ਮੇਰੀ ਨੀਂਦ ਖਾ ਗਿਆ ਸੀ। ਇਸੇ ਨੁਕਤੇ ਕਾਰਨ ਪਿਛਲੀਆਂ ਤਿੰਨ ਰਾਤਾਂ ਤੋਂ ਮੇਰੀ ਚਮੜੀ ਮੱਛਰਾਂ ਨੇ ਖਾ ਲਈ ਸੀ। ਘਰ ਦੇ ਬਾਕੀ ਤਿੰਨੇ ਜੀਅ ਸਾਰੀ ਰਾਤ ਸੁੱਤੇ ਰਹਿੰਦੇ। ਮੈਂ ਉਲੂ ਵਾਂਗ ਜਾਗਦਾ, ਮੱਛਰਾਂ ਨਾਲ ਅਣਐਲਾਨੀ ਜੰਗ ਵਿੱਚ ਸਦਾ ਹਾਰ ਜਾਂਦਾ। ਘਰ ਵਿੱਚ ਕੁੱਲ ਛੇ ਮੰਜੇ ਸਨ ਅਤੇ ਚਾਰ ਜੀਅ। ਦੋ ਮੰਜਿਆਂ ਦੀਆਂ ਬਾਹੀਆਂ ਟੁੱਟਿਆਂ ਮਹੀਨੇ ਤੋਂ ਉਪਰ ਹੋ ਚੁੱਕਾ ਸੀ। ਉਨ੍ਹਾਂ ਪਿੱਛੇ ਵੀ ਮੇਰੀ ਪਤਨੀ ਮੇਰੇ ਨਾਲ ਕਈ ਵਾਰ ਲੜਾਈ ਕਰ ਚੁੱਕੀ ਸੀ। ਉਸ ਦੀ ਗੱਲ ਠੀਕ ਸੀ, ਜੇ ਵੇਲੇ ਕੁਵੇਲੇ ਕੋਈ ਰਿਸ਼ਤੇਦਾਰ ਆ ਜਾਵੇ ਤਾਂ ਬੜੀ ਮੁਸ਼ਕਲ ਹੋਣੀ ਸੀ, ੁਆਂਢੀਆਂ ਤੋਂ ਮੰਗ ਕੇ ਮੰਜਾ ਲਿਆਉਣਾ ਪੈਣਾ ਸੀ। ਬਾਕੀ ਜਿਹੜੇ ਮੰਜੇ ਸਹੀ ਸਨ, ਉਨ੍ਹਾਂ ਵਿੱਚੋਂ ਵੀ ਇਕ ਦੀ ਦੌਣ ਬੁਰੀ ਤਰ੍ਹਾਂ ਟੁੱਟ ਚੁੱਕੀ ਸੀ। ਪਤਨੀ ਨੇ ਪਹਿਲਾਂ ਕਈ ਵਾਰ ਮੈਨੂੰ ਕਿਹਾ ਕਿ
‘ਨਵੀਂ ਦੌਣ ਲਿਆ ਕੇ ਮੰਜੇ ਵਿੱਚ ਪਾ ਦਿਉ।Ḕ ਮੇਰੇ ਕੰਨਾਂ Ḕਤੇ ਜੂੰ ਨਾ ਸਰਕੀ। ਇਸ ਤੋਂ ਅੱਕ ਕੇ ਉਸ ਨੇ ਇਹ ਕਹਿੰਦਿਆਂ ਉਹੀ ਟੁੱਟੀ ਦੌਣ ਵਾਲਾ ਮੰਜਾ ਮੇਰੇ ਲਈ ਡਾਹ ਦਿੱਤਾ, ‘ਜਦੋਂ ਤੁਸੀਂ ਪਓਗੇ ਤਾਂ ਤੁਹਾਨੂੰ ਜ਼ਿੰਮੇਵਾਰੀ ਦਾ ਅਹਿਸਾਸ ਹੋਊ।Ḕ
ਦੌਣ ਪਾਉਣੀ ਸੌਖੀ ਸੀ, ਪਰ ਇਸ ਲਈ ਪਤਨੀ ਨੇ ਸ਼ਰਤ ਰੱਖ ਦਿੱਤੀ, ‘ਦੌਣ ਦੁਪਹਿਰ ਤੋਂ ਪਹਿਲਾਂ ਪਾਉਣੀ ਚਾਹੀਦੀ ਐ। ਸ਼ਾਮ ਜਾਂ ਰਾਤ ਨੂੰ ਨ੍ਹੀਂ ਪਾਉਣੀ ਚਾਹੀਦੀ, ਇਨ੍ਹਾਂ ਵੇਲਿਆਂ ਵਿੱਚ ਤਾਂ ਦੌਣ ਨੂੰ ਵਲ ਪਾਉਣਾ ਵੀ ਮਾੜੈ।Ḕ ਉਸ ਨੇ ਗੂੜ੍ਹ ਗਿਆਨ ਦੀ ਗੱਲ ਦੱਸੀ ਸੀ।
‘ਸ਼ਾਮ ਜਾਂ ਰਾਤ ਨੂੰ ਦੌਣ ਪਾਇਆਂ ਕਿਤੇ ਨ੍ਹੀਂ ਪਰਲੋ ਆਉਂਦੀ।Ḕ ਮੈਂ ਸਹਿਜ ਸੁਭਾਅ ਹੀ ਉਸ ਦੇ ਕਹੇ ਦਾ ਖੰਡਨ ਕਰ ਦਿੱਤਾ ਸੀ।
‘ਪਰਲੋ ਦਾ ਤਾਂ ਉਦੋਂ ਪਤਾ ਲੱਗੇਗਾ ਜਦੋਂ ਰਾਤ ਨੂੰ ਕੰਧਾਂ ਕੌਲਿਆਂ Ḕਚ ਵੱਜਦੇ ਫਿਰੇ, ਕੁਵੇਲੇ ਦੀ ਪਾਈ ਦੌਣ ਅੰਧ-ਰਾਤਾ ਕਰ ਦਿੰਦੀ ਐ। ਸਿਆਣੇ ਤਾਂ ਕਹਿੰਦੇ ਨੇ ਕਿ ਕੁਵੇਲੇ ਦੌਣ ਪਾਉਣ ਵਾਲੇ ਦੇ ਘਰ ਕੁੜੀਆਂ ਜੰਮਦੀਆਂ ਨੇææ।Ḕ ਅਜੇ ਉਹ ‘ਗੂੜ੍ਹ ਗਿਆਨḔ ਮੇਰੇ ਦਿਮਾਗ ਵਿੱਚ ਭਰ ਹੀ ਰਹੀ ਸੀ ਕਿ ਬਾਹਰ ਦਰਵਾਜ਼ੇ ਅੱਗੇ ਬੁਲੇਟ ਆ ਕੇ ਰੁਕਿਆ। ਮੈਂ ਓਧਰ ਤੁਰ ਗਿਆ। ਬੁਲੇਟ, ਅਵਤਾਰ ਡਾਕਟਰ ਦਾ ਸੀ।
ਜੇ ਉਸ ਸਮੇਂ ਡਾਕਟਰ ਅਵਤਾਰ ਗਾਂ ਨੂੰ ਦਵਾਈ ਦੇਣ ਨਾ ਆਉਂਦਾ ਤਾਂ ਉਹ ਹੋਰ ਪਤਾ ਨਹੀਂ ਕਿਹੜੀਆਂ-ਕਿਹੜੀਆਂ ਸਿਆਣਪਾਂ ਦੀ ਗੁੜ੍ਹਤੀ ਦਿੰਦੀ। ਡਾਕਟਰ ਦੇ ਆਉਣ ਨਾਲ ਉਸ ਦਾ ਗਿਆਨ ਉਪਦੇਸ਼ ਬੰਦ ਹੋ ਗਿਆ ਅਤੇ ਮੈਂ ਸੁਖ ਦਾ ਸਾਹ ਲਿਆ, ਪਰ ਇਸੇ ਗਿਆਨ ਕਾਰਨ ਹੁਣ ਤੱਕ ਮੰਜੇ ਵਿੱਚ ਦੌਣ ਨਹੀਂ ਸੀ ਪਈ। ਸਵੇਰੇ ਦੁਕਾਨ ਬੰਦ ਹੁੰਦੀ ਸੀ, ਜਦੋਂ ਤੱਕ ਖੁੱਲ੍ਹਦੀ ਮੈਂ ਕੰਮ ਕਰਨ ਖੇਤਾਂ ਵਿੱਚ ਚਲਾ ਜਾਂਦਾ। ਸ਼ਾਮ ਵੇਲੇ ਮੁੜਦਾ ਤਾਂ ਉਦੋਂ ਤੱਕ ਦੌਣ ਪਾਉਣ ਦਾ ਵੇਲਾ ਲੰਘ ਚੁੱਕਾ ਹੁੰਦਾ। ਕਈ ਵਾਰ ਮੈਂ ਕਿਹਾ, ‘ਜਗਮੀਤ ਤੋਂ ਦੌਣ ਮੰਗਵਾ ਲੈ, ਉਂਜ ਵੀ ਵੀਹ ਵਾਰ ਜਾਂਦੈ ਦੁਕਾਨ Ḕਤੇ।Ḕ ਉਹ ਪਤਾ ਨਹੀਂ ਕਿਉਂ ਮੈਨੂੰ ਚੰਗੀ ਤਰ੍ਹਾਂ ਜ਼ਿੰਮੇਵਾਰੀ ਦਾ ਅਹਿਸਾਸ ਕਰਾਉਣ ਉਤੇ ਤੁਲੀ ਹੋਈ ਹੈ। ਮੁੰਡਾ ਕਾਲਜ ਤੋਂ ਵੀ ਜਲਦੀ ਆ ਜਾਂਦਾ ਹੈ। ਅੱਧ ਵਿੱਚ ਤਾਂ ਘਰ ਹੀ ਹੁੰਦਾ ਹੈ, ਪਰ ਦੌਣ ਤਾਂ ਜਿਵੇਂ ਮੇਰੀ ਜ਼ਿੰਮੇਵਾਰੀ ਬਣ ਗਈ।
ਤਿੰਨੇਂ ਰਾਤਾਂ ਦੀ ਕਹਾਣੀ ਲਗਭਗ ਇਕੋ ਜਿਹੀ ਹੈ। ਹਰ ਰਾਤ ਮੈਂ ਕਿਸੇ ਤਰ੍ਹਾਂ ਟੁੱਟੀ ਦੌਣ ਵਾਲੇ ਮੰਜੇ ਉਤੇ ਮੱਛਰਦਾਨੀ ਲਾ ਲੈਂਦਾ ਹਾਂ। ਇਹ ਮੱਛਰ ਵੀ ਅੱਜ ਕੱਲ੍ਹ ਦੇ ਮੌਸਮ ਵਿੱਚ ਪਤਾ ਨਹੀਂ ਕਿੱਥੋਂ ਪੈਦਾ ਹੁੰਦਾ ਹੈ। ਬਾਹਰ ਤਾਂ ਹੋਣਾ ਹੀ ਹੈ, ਪਰ ਜੇ ਅੰਦਰ ਪਵੋ ਤਾਂ ਵੀ ਦਰਵਾਜ਼ਿਆਂ, ਖਿੜਕੀਆਂ ਦੀਆਂ ਵਿਰਲਾਂ ਰਾਹੀਂ ਅੰਦਰ ਪੁੱਜ ਜਾਂਦਾ ਹੈ। ਮੈਨੂੰ ਅੰਦਰ ਉਂਜ ਵੀ ਨੀਂਦ ਨਹੀਂ ਆਉਂਦੀ, ਗਰਮੀ ਵਿੱਚ ਮੇਰਾ ਦਮ ਘੁਟਦਾ ਹੈ। ਪੱਖੇ ਦੀ ਗਰਮ ਹਵਾ ਪਿੰਡਾ ਸਾੜਦੀ ਹੈ। ਮੈਨੂੰ ਪਹਿਲਾਂ ਤੋਂ ਬਾਹਰ ਪੈਣ ਦੀ ਆਦਤ ਹੈ। ਪਿਛਲੀਆਂ ਦੋਵੇਂ ਰਾਤਾਂ ਵਾਂਗ ਪਤਨੀ ਨੇ ਮੇਰਾ ਬਿਸਤਰਾ ਟੁੱਟੀ ਦੌਣ ਵਾਲੇ ਮੰਜੇ Ḕਤੇ ਵਿਛਾ ਕੇ ਮੱਛਰਦਾਨੀ ਲਾ ਦਿੱਤੀ। ਇਸ ਨੂੰ ਟੁੱਟੀ ਹੋਈ ਦੌਣ ਵਾਲੇ ਮੰਜੇ ਦੀ ਥਾਂ ਜੇ ਦੌਣ ਹੀਣਾ ਮੰਜਾ ਕਹਾਂ ਤਾਂ ਵੀ ਕੋਈ ਫਰਕ ਨਹੀਂ ਪੈਣਾ ਕਿਉਂਕਿ ਜੋ ਦੌਣ ਤਾਂ ਇਸ ਵਿੱਚ ਨਾਂ ਦੀ ਹੀ ਹੈ, ਬਸ ਚਾਰ ਪੰਜ ਛਿੱਦੀਆਂ-ਛਿੱਦੀਆਂ ਬੋਦੀਆਂ ਜਿਹੀਆਂ ਰਸੀਆਂ। ਜਿੰਨੀ ਦੇਰ ਮੈਂ ਜਾਗਦਾ ਰਿਹਾ, ਬਚ ਕੇ ਪਿਆ ਰਿਹਾ।
ਪਤਾ ਨਹੀਂ ਕਦੋਂ ਮੇਰੀ ਅੱਖ ਲੱਗੀ ਤੇ ਮੇਰਾ ਪੈਰ ਦੌਣ ਦੀ ਬੋਦੀ ਹੋਈ ਰੱਸੀ Ḕਤੇ ਰੱਖਿਆ ਗਿਆ। ਰੱਸੀ ਟੁੱਟਦੇ ਸਾਰ ਬਿਸਤਰਾ ਇਕ ਪਾਸਿਉਂ ਹੇਠਾਂ ਲਟਕ ਗਿਆ। ਮੱਛਰ ਜਿਵੇਂ ਹੜ੍ਹ ਦੇ ਪਾਣੀ ਵਾਂਗ ਡਾਫ ਲਾਈ ਖੜਾ ਸੀ, ਮੇਰੇ Ḕਤੇ ਟੁੱਟ ਪਿਆ। ਜਦੋਂ ਮੱਛਰ ਦੇ ਹਮਲੇ ਨਾਲ ਜਾਗ ਖੁੱਲ੍ਹੀ ਤਾਂ ਮੈਂ ਚਾਦਰਾ ਉਪਰ ਲੈ ਲਿਆ।
ਮੇਰੇ ਕੋਲ ਨੇੜਲੇ ਮੰਜੇ Ḕਤੇ ਪਤਨੀ ਅਤੇ ਉਸ ਤੋਂ ਅਗਲੇ ਮੰਜੇ Ḕਤੇ ਮੇਰਾ ਪੁੱਤ ਜਗਮੀਤ ਸਿੰਘ ਹੈ, ਧੀ ਅੰਦਰ ਪਈ ਹੈ। ਜਗਮੀਤ ਦੇ ਪਾਸਾ ਬਦਲਣ ਨਾਲ ਮੰਜਾ ਖੜਕਿਆ। ਮੈਨੂੰ ਜਗਮੀਤ Ḕਤੇ ਖਿੱਝ ਚੜ੍ਹੀ, ‘ਮੈਂ ਇਹ ਬੇਆਰਾਮੀ ਇਸੇ ਕਾਰਨ ਭੁਗਤ ਰਿਹਾ ਹਾਂ। ਨਾ ਇਹ ਪਿਛਲੇ ਮਹੀਨੇ ਰੇਹੜਾ ਚੜ੍ਹਾ ਕੇ ਦੋ ਮੰਜਿਆਂ ਦੀਆਂ ਬਾਹੀਆਂ ਤੋੜਦਾ ਤੇ ਨਾ ਮੈਨੂੰ ਟੁੱਟੀ ਦੌਣ ਵਾਲੇ ਇਸ ਮੰਜੇ Ḕਤੇ ਪੈਣਾ ਪੈਂਦਾ। ਇਸ ਤੋਂ ਤੋਂ ਵੱਛਾ ਹੀ ਸੰਭਾਲਿਆ ਨਹੀਂ ਗਿਆ। ਦੋ ਮੰਜਿਆਂ ਦੀਆਂ ਬਾਹੀਆਂ ਟੁੱਟ ਗਈਆਂ।Ḕ ਮੈਂ ਕਿਹਾ ਸੀ ਕਿ ਉਨ੍ਹਾਂ ਟੁੱਟੇ ਮੰਜਿਆਂ ਵਿੱਚੋਂ ਇਕ ਦੀ ਦੌਣ ਕੱਢ ਕੇ ਪਾ ਲੈਂਦਾ ਹਾਂ, ਪਰ ਪਤਨੀ ਨਹੀਂ ਮੰਨਦੀ।
ਕਹਿੰਦੀ, ‘ਇਹਦੇ ਵਿੱਚ ਨਵੀਂ ਪਾਓ। ਦੂਜੇ ਮੰਜਿਆਂ ਨੂੰ ਮਿਸਤਰੀ ਬੁਲਾ ਕੇ ਠੀਕ ਕਰਾਉ।Ḕ ਸਤਵੀਰ ਮਿਸਤਰੀ ਨੂੰ ਕਈ ਵਾਰ ਕਿਹਾ ਵੀ ਹੈ, ਪਰ ਉਹ ਵੀ ਮੀਣਾ ਜਿਹਾ ‘ਕਰ ਦੇਊḔ ਕਹਿ ਕੇ ਮੁੜ ਨਹੀਂ ਬਹੁੜਿਆ।
ਮੈਂ ਚਾਦਰਾ ਲੈ ਕੇ ਲੰਮਾ ਪੈ ਗਿਆ। ਚਾਦਰਾ ਉਪਰ ਲੈਣ ਨਾਲ ਗਰਮੀ ਕਾਰਨ ਸਾਹ ਬੰਦ ਹੋਣ ਨੂੰ ਆਵੇ। ਮੈਂ ਉਠ ਬੈਠਾ ਤੇ ਮੱਛਰਦਾਨੀ ਖੋਲ੍ਹ ਕੇ ਝਾੜੀ। ਫਿਰ ਸੋਚਿਆ ਕਿ ਬਿਸਤਰਾ ਠੀਕ ਤਰ੍ਹਾਂ ਵਿਛਾ ਕੇ ਮੱਛਰਦਾਨੀ ਦੁਬਾਰਾ ਲਾ ਲਵਾਂ। ਜਦੋਂ ਮੈਂ ਬਿਸਤਰਾ ਠੀਕ ਕਰਕੇ ਵਿਛਾਉਣ ਲੱਗਾ ਤਾਂ ਦੌਣ ਦੋ ਥਾਂ ਤੋਂ ਟੁੱਟੀ ਹੋਈ। ਮੈਂ ਪਤਨੀ ਵੱਲ ਵੇਖਿਆ। ਉਹ ਘੁਰਾੜੇ ਮਾਰ ਰਹੀ ਸੀ, ਪਰ ਦੌਣ ਨੂੰ ਗੱਠ ਦੇਣ ਦਾ ਮੇਰਾ ਹੌਸਲਾ ਨਾ ਪਿਆ। ਪਰਸੋਂ ਇਸੇ ਤਰ੍ਹਾਂ ਪਤਨੀ ਨੂੰ ਸੁੱਤੀ ਸਮਝ ਕੇ ਮੈਂ ਦੌਣ ਨੂੰ ਗੱਠ ਦੇਣ ਲੱਗਾ ਸੀ ਕਿ ਉਸ ਦੀ ਅੱਖ ਖੁੱਲ੍ਹ ਗਈ ਸੀ। ਫਿਰ ਮੈਂ ਜਾਣਦਾ ਹਾਂ ਕਿ ਉਸ ਨੇ ਮੇਰੇ ਨਾਲ ਕਿੰਨੀ ਕੁਪੱਤ ਕੀਤੀ ਸੀ। ਆਪਣੀ ਮਾਂ ਦੀ ਆਵਾਜ਼ ਸੁਣ ਕੇ ਦੋਵੇਂ ਨਿਆਣੇ ਜਾਗ ਪਏ, ਪਰ ਮੈਂ ਜਾਗਦਾ ਹੀ ਸੌਂ ਗਿਆ ਸੀ। ਉਹ ਕਾਫੀ ਦੇਰ ਬੋਲਦੀ ਰਹੀ, ਨਾਲੇ ਮੇਰੀ ਘਰ ਅਤੇ ਆਉਣ ਵਾਲੀਆਂ ਪੀੜ੍ਹੀਆਂ ਪ੍ਰਤੀ ਵਫਾਦਾਰੀ ਦੀ ਘਾਟ ਦਾ ਉਲਾਂਭਾ ਦਿੰਦੀ ਰਹੀ ਸੀ।
ਇਸੇ ਲਈ ਅੱਜ ਗੱਠ ਦੇਣ ਦਾ ਮੇਰਾ ਹੌਸਲਾ ਨਾ ਪਿਆ। ਪਤਨੀ ਤੋਂ ਨਹੀਂ, ਡਰਦਾ ਤਾਂ ਮੈਂ ਅੰਧਰਾਤਾ ਹੋਣ ਤੋਂ ਵੀ ਸੀ, ਹੋਰ ਨਾ ਕਿਤੇ ਰਾਤ ਨੂੰ ਦਿਸਣੋਂ ਹੀ ਹਟ ਜਾਵੇ। ਮੈਂ ਉਸੇ ਤਰ੍ਹਾਂ ਚਾਦਰਾ ਲੈ ਕੇ ਲੰਮਾ ਪੈ ਗਿਆ, ਪਰ ਗਰਮੀ ਕਾਰਨ ਨੀਂਦ ਨਾ ਆਵੇ। ਆਖਰ ਇਕ ਹੱਲ ਲੱਭਿਆ। ਬਿਸਤਰਾ ਦੌਣ ਦੇ ਆਰੰਭ ਤੋਂ ਮੋੜ ਕੇ ਦੌਣ ਬਾਹਰ ਛੱਡ ਕੇ ਮੈਂ ਮੱਛਰਦਾਨੀ ਦੱਬ ਦਿੱਤੀ। ਮੱਛਰ ਤਾਂ ਅੰਦਰ ਨਾ ਆਇਆ ਅਤੇ ਮੈਂ ਲੱਤਾਂ ਮੋੜ ਕੇ ਗੱਠ ਜਿਹੀ ਬਣ ਕੇ ਲੰਮਾ ਪੈ ਗਿਆ। ਦਿਨ ਦਾ ਥੱਕਿਆ ਹੋਣ ਕਾਰਨ ਝੋਲੀ ਬਣੇ ਮੰਜੇ Ḕਤੇ ਵੀ ਨੀਂਦ ਆ ਗਈ। ਫਿਰ ਦੋ ਕੁ ਘੰਟੇ ਬਾਅਦ ਜਾਗ ਖੁੱਲ੍ਹ ਗਈ ਜਦੋਂ ਮੇਰੀ ਲੱਤ ਸਿੱਧੀ ਹੋ ਗਈ ਤੇ ਮੱਛਰ ਫਿਰ ਅੰਦਰ ਵੜ ਆਇਆ। ਉਦੋਂ ਤੱਕ ਹਵਾ ਵਿੱਚ ਥੋੜ੍ਹੀ ਜਿਹੀ ਠੰਢਕ ਆ ਗਈ ਸੀ। ਮੈਂ ਚਾਦਰਾ ਸਿਰ ਤੱਕ ਖਿੱਚ ਲਿਆ। ਨੀਂਦ ਤਾਂ ਨਾ ਆਈ, ਪਰ ਰਾਤ ਗੁਜ਼ਰ ਗਈ। ਸਵੇਰੇ ਉਠ ਕੇ ਚਾਹ ਪਾਣੀ ਪੀ ਕੇ ਖੇਤ ਵੱਲ ਤੁਰਨ ਲੱਗਿਆ ਤਾਂ ਸੋਚਿਆ ਕਿ ਮੰਜੇ ਦੀ ਟੁੱਟੀ ਦੌਣ ਨੂੰ ਹੁਣੇ ਗੱਠ ਮਾਰ ਜਾਵਾਂ। ਪਤਨੀ ਨੇ ਬਿਸਤਰਾ ਇਕੱਠਾ ਕਰ ਦਿੱਤਾ ਸੀ। ਮੈਂ ਦੌਣ ਨੂੰ ਗੰਢ ਦੇ ਕੇ ਬਿਸਤਰਾ ਵਿਛਾ ਕੇ ਵੇਖਣ ਲੱਗਾ ਅਤੇ ਤੱਸਲੀ ਕਰ ਲਈ।
ਸਾਰਾ ਦਿਨ ਖੇਤ ਵਿੱਚ ਲੰਘ ਗਿਆ। ਸ਼ਾਮ ਨੂੰ ਅਜੇ ਘਰ ਵੜਿਆ ਸੀ ਕਿ ਪਤਨੀ ਬੋਲੀ, ‘ਦੌਣ ਹੁਣੇ ਲਿਆ ਕੇ ਰੱਖ ਲਉ, ਸਵੇਰੇ ਪਾ ਲਿਓ, ਫੇਰ ਸਵੇਰੇ ਲਾਲਾ ਨ੍ਹੀਂ ਮਿਲਦਾ ਹੱਟੀ ਵਿੱਚ।Ḕ
ਮੈਂ ਸੁਣ ਕੇ ਦੁਕਾਨ ਵੱਲ ਤੁਰ ਪਿਆ। ਦੌਣ ਖਰੀਦ ਕੇ ਘਰ ਆ ਕੇ ਵਿਹੜੇ ਵਿੱਚ ਕੰਧ Ḕਤੇ ਲੱਗੇ ਕਿੱਲੇ ਉਤੇ ਟੰਗ ਦਿੱਤੀ। ਸੂਰਜ ਛਿਪਿਆ ਤਾਂ ਪਤਨੀ ਨੇ ਫਿਰ ਉਹੀ ਟੁੱਟੀ ਦੌਣ ਵਾਲਾ ਮੰਜਾ ਮੇਰੇ ਲਈ ਡਾਹ ਦਿੱਤਾ। ਪਿਛਲੇ ਚਾਰ ਦਿਨਾਂ ਤੋਂ ਤਿੰਨੇ ਜੀਅ ਮੇਰੇ ਤੋਂ ਪਹਿਲਾਂ ਮੰਜੇ ਮੱਲ ਲੈਂਦੇ ਹਨ ਜਿਵੇਂ ਤਿੰਨਾਂ ਨੇ ਕੋਈ ਸਲਾਹ ਕੀਤੀ ਹੋਵੇ। ਸਵੇਰ ਦੀਆਂ ਦਿੱਤੀਆਂ ਗੱਠਾਂ ਕਾਰਨ ਮਨ ਨੂੰ ਤਸੱਲੀ ਹੋਈ। ਮੱਛਰਦਾਨੀ ਬੜੀ ਸਾਵਧਾਨੀ ਨਾਲ ਬਿਸਤਰੇ ਹੇਠ ਦੱਬ ਲਈ, ਪਰ ਘੰਟੇ ਕੁ ਦੀ ਨੀਂਦ ਤੋਂ ਬਾਅਦ ਫਿਰ ਰੱਸੀ ਟੁੱਟ ਗਈ। ਪਿਛਲੀਆਂ ਰਾਤਾਂ ਦਾ ਸੰਘਰਸ਼ ਫਿਰ ਸ਼ੁਰੂ ਹੋ ਗਿਆ। ਚਾਦਰਾ ਲੈਂਦਾ ਤਾਂ ਗਰਮੀ ਲੱਗਦੀ, ਨਾ ਲੈਂਦਾ ਤਾਂ ਮੱਛਰ ਵੱਢਦਾ। ਕੰਧ Ḕਤੇ ਲਟਕਦੀ ਦੌਣ ਵੇਖ ਕੇ ਮੇਰਾ ਮਨ ਕਰੇ ਕਿ ਨਵੀਂ ਦੌਣ ਪਾ ਲਵਾਂ, ਪਰ ਹੌਸਲਾ ਨਾ ਪਿਆ। ਮੈਂ ਨੇੜਲੇ ਮੰਜੇ Ḕਤੇ ਪਈ ਜਗਮੀਤ ਵੱਲ ਵੇਖਿਆ। ਮੈਂ ਸੋਚਿਆ, ‘ਮੇਰੇ ਤਾਂ ਮੁੰਡਾ ਹੈ।Ḕ ਫਿਰ ਇਹ ਸੋਚ ਕੇ ਰੁਕ ਗਿਆ ਕਿ ਕਿਤੇ ਜਗਮੀਤ ਦੇ ਕੁੜੀਆਂææ।
ਫਿਰ ਪਤਾ ਨਹੀਂ ਕਦੋਂ ਮੇਰੀ ਸੋਚ ਬੀਰੇ ਤੇ ਹੋਰ ਦੋ-ਦੋ, ਤਿੰਨ-ਤਿੰਨ ਕੁੜੀਆਂ ਵਾਲਿਆਂ Ḕਤੇ ਚਲੇ ਗਈ। ਫਿਰ ਸ਼ਰੀਕੇ ਵਿੱਚੋਂ ਆਪਣੇ ਚਾਚੇ ਦੇ ਮੁੰਡੇ ਜਰਨੈਲ ਬਾਰੇ ਸੋਚਿਆ ਜੋ ਸ਼ਹਿਰ ਰਹਿੰਦਾ ਹੈ। ਉਸ ਦੇ ਚਾਰ ਕੁੜੀਆਂ ਹਨ, ਪਰ ਉਹ ਤਾਂ ਕੀ, ਉਸ ਦੇ ਪਿਓ ਨੇ ਵੀ ਕਦੇ ਮੰਜੇ ਉੱਤੇ ਪੈ ਕੇ ਨਹੀਂ ਵੇਖਿਆ ਹੋਣਾ, ਉਨ੍ਹਾਂ ਨੇ ਕੁਵੇਲੇ ਦੌਣ ਕਦੋਂ ਪਾ ਲਈ! ਉਨ੍ਹਾਂ ਦੇ ਤਾਂ ਬੈਡ ਨੇ। ਮੇਰੀ ਸੋਚ ਨੇ ਕਾਢ ਕੱਢੀ। ਫਿਰ ਵੀ ਮੇਰਾ ਦੌਣ ਪਾਉਣ ਦਾ ਹੌਸਲਾ ਨਾ ਪਵੇ। ਕਦੇ ਮੈਨੂੰ ਕੁੜੀਆਂ ਡਰਾਉਣ, ਕਦੇ ਅੰਧ-ਰਾਤਾ। ਫਿਰ ਸੋਚਿਆ ਕਿ ਕੁੜੀਆਂ ਕਿਹੜੀ ਗੱਲੋਂ ਮੁੰਡਿਆਂ ਤੋਂ ਮਾੜੀਆਂ ਨੇ, ਹੁਣ ਤਾਂ ਸਗੋਂ ਹਰ ਖੇਤਰ ਵਿੱਚ ਕੁੜੀਆਂ ਮੁੰਡਿਆਂ ਤੋਂ ਵਧ ਕੇ ਨੇ। ਦੂਜੀ ਰਹੀ ਅੰਧ-ਰਾਤਾ ਹੋਣ ਦੀ ਗੱਲ, ਮੈਂ ਕਿਹੜਾ ਰਾਤ ਨੂੰ ਸੂਈ ਵਿੱਚ ਧਾਗਾ ਪਾਉਣੈ ਜਾਂ ਰੌਲ ਲਾਉਣੀ ਐ। ਇਸੇ ਤਰ੍ਹਾਂ ਘੰਟਾ ਕੁ ਸੋਚ ਦੇ ਘੋੜੇ ਭੱਜਦੇ ਰਹੇ। ਕਦੇ ਮੇਰਾ ਮਨ ਦੌਣ ਪਾਉਣ ਨੂੰ ਕਰਦਾ, ਪਰ ਫਿਰ ਮੈਂ ਡਰ ਜਾਂਦਾ। ਆਖਰ ਗਿਆਰਾਂ ਕੁ ਵਜੇ ਮੈਂ ਪਤਨੀ ਦੇ ਮੰਜੇ ਵੱਲ ਨੂੰ ਤੁਰ ਪਿਆ। ਉਹ ਘੂਕ ਸੂੱਤੀ ਪਈ ਸੀ। ਮੈਨੂੰ ਤਸੱਲੀ ਹੋਈ। ਮੈਂ ਜਾ ਕੇ ਕਿੱਲੇ ਤੋਂ ਦੌਣ ਲਾਹ ਲਈ।
ਦੌਣ ਚੁੱਕ ਕੇ ਮੈਂ ਫਿਰ ਪਤਨੀ ਵੱਲ ਵੇਖਿਆ। ਉਹ ਮੇਰੇ ਵੱਲ ਪਿੱਠ ਕਰੀ ਪਈ ਸੀ। ਮੈਂ ਦੌਣ ਪਾਉਣੀ ਸ਼ੁਰੂ ਕਰ ਦਿੱਤੀ। ਅਚਾਨਕ ਮੰਜਾ ਖੜਕਿਆ। ਮੈਂ ਵੇਖਿਆ, ਪਤਨੀ ਨੇ ਕਰਵਟ ਬਦਲੀ ਸੀ। ਉਸ ਦਾ ਮੂੰਹ ਹੁਣ ਮੇਰੇ ਵੱਲ ਸੀ। ਮੈਂ ਉਸੇ ਤਰ੍ਹਾਂ ਦੌਣ ਸਮੇਤ ਲੰਮਾ ਪੈ ਗਿਆ। ਦੌਣ ਮੇਰੇ ਗਲ ਵਿੱਚ ਫਸ ਗਈ। ਮੇਰਾ ਮਨ ਕਰਦਾ ਕਿ ਇਸੇ ਨਾਲ ਗਲ ਫਾਹਾ ਲੈ ਕੇ ਦਰੱਖਤ ਨਾਲ ਲਟਕ ਜਾਵਾਂ। ਮੈਨੂੰ ਜਾਪਿਆ, ਜਿਵੇਂ ਮੇਰੀਆਂ ਅੱਖਾਂ ਅੱਗੇ ਹਨੇਰਾ ਜਿਹਾ ਛਾ ਰਿਹਾ ਹੋਵੇ। ਮੈਨੂੰ ਆਪਣਾ ਆਲਾ ਦੁਆਲਾ ਧੁੰਦਲਾ ਜਿਹਾ ਦਿਸਿਆ। ਮੇਰਾ ਦਿਲ ਅਣਜਾਣ ਡਰ ਨਾਲ ਭਰ ਗਿਆ। ਮੈਂ ਅੱਖਾਂ ਝਪਕੀਆਂ ਤੇ ਅੱਖਾਂ ਬੰਦ ਕਰਕੇ ਪੰਜ ਸੱਤ ਕੁ ਮਿੰਟ ਪਿਆ ਰਿਹਾ। ਮੱਛਰ ਨੇ ਬਹੁਤੀ ਦੇਰ ਮੈਨੂੰ ਇਸ ਤਰ੍ਹਾਂ ਵੀ ਪੈਣ ਨਾ ਦਿੱਤਾ। ਜਦੋਂ ਮੈਂ ਦੁਬਾਰਾ ਅੱਖਾ ਖੋਲ੍ਹੀਆਂ ਤਾਂ ਮੇਰੀ ਨਜ਼ਰ ਠੀਕ ਸੀ। ਮੈਂ ਤਾਰਿਆਂ ਵੱਲ ਤੱਕਿਆ। ਸਾਰੇ ਤਾਰਾ ਸਮੂਹ ਅਤੇ ਆਕਾਸ਼ਗੰਗਾ ਦੇ ਛੋਟੇ ਵੱਡੇ ਤਾਰੇ ਮੈਨੂੰ ਸਾਫ ਨਜ਼ਰ ਆਏ। ਮੇਰੇ ਮਨ ਨੂੰ ਤਸੱਲੀ ਹੋਈ। ‘ਕੁਝ ਨ੍ਹੀਂ ਹੁੰਦਾ, ਇਹ ਸਭ ਵਹਿਮ ਨੇ,Ḕ ਮੇਰੇ ਮਨ ਦੇ ਕਿਸੇ ਹਿੱਸੇ ਵਿੱਚੋਂ ਸੋਚ ਜਾਗੀ।
ਅੱਧੇ ਕੁ ਘੰਟੇ ਬਾਅਦ ਪਤਨੀ ਨੇ ਫਿਰ ਕਰਵਟ ਲੈ ਕੇ ਮੇਰੇ ਵੱਲ ਪਿੱਠ ਕਰ ਲਈ। ਮੈਂ ਉਠ ਕੇ ਉਸ ਦੇ ਸੁੱਤੀ ਹੋਣ ਦੀ ਤਸੱਲੀ ਕੀਤੀ ਅਤੇ ਛੇਤੀ-ਛੇਤੀ ਪੂਰੀ ਦੌਣ ਕੱਸ ਲਈ ਅਤੇ ਮੱਛਰਦਾਨੀ ਲਾ ਕੇ ਲੰਮਾ ਪੈ ਗਿਆ। ਕੱਸੇ ਮੰਜੇ Ḕਤੇ ਛੇਤੀ ਹੀ ਨੀਂਦ ਆ ਗਈ।
‘ਟਲੇ ਨ੍ਹੀਂ ਫੇਰ, ਕਰ Ḕਤੀ ਉਹੀ ਕਰਤੂਤ!Ḕ ਪਤਨੀ ਨੇ ਸਵੇਰੇ ਮੈਨੂੰ ਹਲੂਣਦਿਆਂ ਕਿਹਾ।
‘ਕਿਹੜੀ ਕਰਤੂਤ?Ḕ ਮੈਂ ਪੁੱਛਿਆ।
‘ਇਹੀ ਦੌਣ ਰਾਤ ਨੂੰ ਪਾ Ḕਤੀ।Ḕ ਉਹ ਦੌਣ ਦੀ ਰੱਸੀ ਫੜਦੀ ਹੋਈ ਗੁੱਸੇ ਨਾਲ ਬੋਲੀ।
‘ਰਾਤ ਨੂੰ ਕਾਹਨੂੰ ਤੜਕੇ ਪਾਈ ਆ, ਚਾਰ ਵਜੇ।Ḕ ਮੈਂ ਕਿਹਾ।
‘ਚਲੋ ਸ਼ੁਕਰ ਐ ਨਹੀਂ ਤਾਂææ।Ḕ ਕਹਿੰਦੀ ਹੋਈ ਉਹ ਰਸੋਈ ਵਿੱਚ ਵੜ ਗਈ।