ਦੋ ਸਾਲਾਂ ਤੋਂ ਖੜੀਆਂ ਚੈਸੀਆਂ ਦੀ ਨਾ ਆਰ ਸੀ ਬਣਾਈ ਗਈ ਅਤੇ ਨਾ ਬੀਮਾ ਕਰਾਇਆ ਗਿਆ


ਜਲੰਧਰ, 13 ਮਾਰਚ (ਪੋਸਟ ਬਿਊਰੋ)- ਸਵੱਛ ਭਾਰਤ ਮੁਹਿੰਮ ਲਈ ਜਲੰਧਰ ਦੀ ਨਗਰ ਨਿਗਮ ਵੱਲੋਂ ਲੱਖਾਂ ਰੁਪਏ ਖਰਚ ਕੇ ਖਰੀਦੀਆਂ ਗਈਆਂ ਲੇਅਲੈਂਡ ਕੰਪਨੀ ਦੀਆਂ 10 ਚੈਸੀਆਂ ਲੰਮਾ ਪਿੰਡ ਵਰਕਸ਼ਾਪ ‘ਚ ਖੜੀਆਂ ਕਬਾੜ ਬਣ ਗਈਆਂ ਹਨ, ਪਰ ਹਾਲੇ ਤੱਕ ਉਨ੍ਹਾਂ ਦੀ ਨਾ ਆਰ ਸੀ ਬਣੀ ਅਤੇ ਨਾ ਬੀਮਾ ਹੋਇਆ ਹੈ। ਇਸ ਤੋਂ ਇਲਾਵਾ ਦੋ ਵੱਡੇ ਟਿੱਪਰ ਵੀ ਖਰੀਦੇ ਗਏ ਸਨ, ਜਿਨ੍ਹਾਂ ‘ਤੇ ਡੈਂਟ ਪਏ ਸਨ ਤੇ ਦਰਵਾਜ਼ੇ ਬਦਲੇ ਹੋਏ ਸਨ, ਇਹ ਵੀ ਪਿਛਲੇ ਕਰੀਬ ਦੋ ਸਾਲਾਂ ਤੋਂ ਅਸ਼ੋਕ ਲੇਅਲੈਂਡ ਦੀ ਏਜੰਸੀ ਵਿਖੇ ਖੜੇ ਕਬਾੜ ਬਣ ਰਹੇ ਹਨ।
ਮਿਲੀ ਜਾਣਕਾਰੀ ਅਨੁਸਾਰ ਜਲੰਧਰ ਨਗਰ ਨਿਗਮ ਨੇ ਲਗਭਗ ਦੋ ਸਾਲ ਪਹਿਲਾਂ ਅਸ਼ੋਕ ਲੇਅਲੈਂਡ ਦੀਆਂ ‘ਦੋਸਤ’ ਨਾਮੀ ਚੈਸੀਆਂ ਅਤੇ ਦੋ ਟਿੱਪਰ ਖਰੀਦੇ ਸਨ ਅਤੇ ਇਸ ਦੀ ਖਰੀਦ ਵਰਕਸ਼ਾਪ ਇੰਚਾਰਜ ਐਸ ਈ ਲਖਵਿੰਦਰ ਸਿੰਘ ਦੀ ਅਗਵਾਈ ਵਿੱਚ ਕੀਤੀ ਗਈ ਸੀ। ਹੈਰਾਨੀ ਦੀ ਗੱਲ ਹੈ ਕਿ ਸਵੱਛ ਭਾਰਤ ਮੁਹਿੰਮ ਦੇ ਖਾਤੇ ਤੋਂ ਖਰੀਦੀਆਂ ਚੈਸੀਆਂ ਬਾਰੇ ਸਿਹਤ ਬਰਾਂਚ ਨੂੰ ਪਤਾ ਹੀ ਨਹੀਂ, ਕਿਉਂਕਿ ਚੈਸੀਆਂ ਦੀ ਖਰੀਦ ਲਈ ਬਣੀ ਕਮੇਟੀ ‘ਚ ਸਿਹਤ ਬਰਾਂਚ ਦੇ ਕਿਸੇ ਅਫਸਰ ਨੂੰ ਮੈਂਬਰ ਨਹੀਂ ਲਿਆ ਗਿਆ ਸੀ। ਜਦੋਂ ਕੰਪਨੀ ਦੀਆਂ 10 ਚੈਸੀਆਂ ਨਗਰ ਨਿਗਮ ਦੀ ਵਰਕਸ਼ਾਪ ‘ਚ ਭੇਜੀਆਂ ਗਈਆਂ ਤਾਂ ਉਨ੍ਹਾਂ ‘ਚੋਂ ਇਕ ਪੁਰਾਣੀ ਚੈਸੀ ਦੇਖ ਕੇ ਉਸ ਸਮੇਂ ਦੇ ਸੁਪਰਵਾਈਜ਼ਰ ਸੰਜੀਵ ਕਾਲੀਆ ਨੇ ਇਸ ਨੂੰ ਲੈਣ ਤੋਂ ਇਨਕਾਰ ਕਰ ਦਿੱਤਾ ਅਤੇ ਇਸ ਦੀ ਸੂਚਨਾ ਉਸ ਸਮੇਂ ਦੇ ਨਿਗਮ ਕਮਿਸ਼ਨਰ ਗੁਰਪ੍ਰੀਤ ਸਿੰਘ ਖਹਿਰਾ ਨੂੰ ਦੇ ਦਿੱਤੀ। ਇਸ ਪਿੱਛੋਂ ਇਹ ਗੱਲ ਸਾਹਮਣੇ ਆਈ ਕਿ ਪੁਰਾਣੀ ਚੈਸੀ ਇਕ ਨਹੀਂ, ਸਗੋਂ ਤਿੰਨ ਸਨ, ਜਿਸ ਤੇ ਤਿੰਨੇ ਚੈਸੀਆਂ ਕੰਪਨੀ ਦੀ ਏਜੰਸੀ ‘ਚ ਭੇਜ ਦਿੱਤੀਆਂ ਗਈਆਂ ਅਤੇ ਇਨ੍ਹਾਂ ਵਿੱਚੋਂ ਦੋ ਬਦਲ ਦਿੱਤੀਆਂ ਗਈਆਂ ਸਨ, ਪਰ ਇਕ ਫਿਰ ਪੁਰਾਣੀ ਭੇਜ ਦਿੱਤੀ ਗਈ, ਜਿਸ ਉੱਤੇ ਵਰਕਸ਼ਾਪ ਸੁਪਰਵਾਈਰ ਨੇ ਲੈਣ ਤੋਂ ਇਨਕਾਰ ਕਰ ਦਿੱਤਾ ਸੀ। ਬਾਅਦ ਵਿੱਚ ਕਮਿਸ਼ਨਰ ਦੇ ਕਹਿਣ ਉੱਤੇ ਪੁਰਾਣੀ ਚੈਸੀ ਲੈ ਲਈ ਅਤੇ ਇਸ ਦੀ ਜਾਂਚ ਉਸ ਸਮੇਂ ਦੇ ਜਾਇੰਟ ਕਮਿਸ਼ਨਰ ਡਾ. ਜੈਇੰਦਰ ਸਿੰਘ ਤੋਂ ਕਰਵਾਈ ਗਈ, ਜਿਨ੍ਹਾਂ ਨੇ ਖਰੀਦ ਕਮੇਟੀ ਦੇ ਮੁਖੀ ਲਖਵਿੰਦਰ ਸਿੰਘ, ਠੇਕੇ ਉੱਤੇ ਰੱਖੇ ਸੁਸ਼ੀਲ ਰਾਣਾ ਅਤੇ ਓਦੋਂ ਦੇ ਸੁਪਰਵਾਈਜ਼ਰ ਨੂੰ ਦੋਸ਼ੀ ਕਰਾਰ ਦਿੱਤਾ, ਪਰ ਲਖਵਿੰਦਰ ਸਿੰਘ ਦਾ ਬਚਾਅ ਕਰਕੇ ਬਾਕੀ ਦੋ ਵਿਰੁੱਧ ਕਾਰਵਾਈ ਕਰਕੇ ਉਨ੍ਹਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਨਗਰ ਨਿਗਮ ਨੇ ਅਸ਼ੋਕ ਲੇਅਲੈਂਡ ਦੀ ਏਜੰਸੀ ਵਿਰੁੱਧ ਕੇਸ ਦਰਜ ਕਰਾਇਆ ਸੀ, ਜਿਸ ਦੀ ਜਾਂਚ ਜਾਰੀ ਹੈ ਤੇ ਹੁਣ ਇਸ ਜਾਂਚ ਲਈ ਪੁਲਸ ਨੇ ਪੁਰਾਣੀ ਚੈਸੀ ਦੀ ਮੰਗ ਕੀਤੀ ਹੈ, ਜਿਹੜੀ ਲੰਮਾ ਪਿੰਡ ਵਰਕਸ਼ਾਪ ‘ਚ ਬਾਕੀ ਚੈਸੀਆਂ ਨਾਲ ਖੜੀ ਹੈ।