ਦੋ ਭਾਰਤੀ ਜੌਹਰੀਆਂ ਨੇ ਇੱਕੋ ਮੁੰਦਰੀ ਵਿੱਚ 6690 ਹੀਰੇ ਜੜ ਦਿੱਤੇ


* 28 ਕਰੋੜ ਕੀਮਤ ਦੀ ਮੁੰਦਰੀ ਗਿੰਨੀਜ਼ ਬੁੱਕ ‘ਚ ਦਰਜ
ਨਵੀਂ ਦਿੱਲੀ, 1 ਜੁਲਾਈ (ਪੋਸਟ ਬਿਊਰੋ)- ਭਾਰਤ ਦੀ ਹੀਰਿਆਂ ਦੀ ਰਾਜਧਾਨੀ ਵੱਜੋਂ ਜਾਣੇ ਜਾਂਦੇ ਸੂਰਤ ਵਿੱਚ ਦੋ ਭਾਰਤੀ ਜੌਹਰੀਆਂ ਵਿਸ਼ਾਲ ਅਗਰਵਾਲ ਅਤੇ ਖੁਸ਼ਬੂ ਅਗਰਵਾਲ ਨੇ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਵਿੱਚ ਆਪਣੇ ਨਾਂਅ ਦਰਜ ਕਰਵਾਏ ਹਨ। ਉਨ੍ਹਾਂ ਨੇ ਇੱਕ ਮੁੰਦਰੀ ਬਣਾਈ ਹੈ, ਜਿਸ ਵਿੱਚ ਇਕੱਠੇ 6690 ਹੀਰੇ ਜੜੇ ਹੋਏ ਹਨ। 18 ਕੈਰੇਟ ਰੋਜ਼ ਦੇ ਸੋਨੇ ਦੇ ਰੰਗ ਦੀ ਇਸ ਮੁੰਦਰੀ ਨੂੰ ਕਮਲ ਦੇ ਫੁੱਲ ਵਰਗਾ ਬਣਾਇਆ ਗਿਆ ਹੈ ਤੇ ਇਸ ਦੀਆਂ 48 ਪਰਤਾਂ ਹਨ। ਇਸ ਮੁੰਦਰੀ ਦੀ ਕੀਮਤ 41,16,787 ਅਮਰੀਕੀ ਡਾਲਰ (ਭਾਰਤ ਦੇ ਕਰੀਬ 28 ਕਰੋੜ ਰੁਪਏ) ਹੈ। ਮੁੰਦਰੀ ਦਾ ਭਾਰ ਕੇਵਲ 58 ਗਰਾਮ ਹੈ ਅਤੇ ਇਸ ਨੂੰ ਤਿਆਰ ਕਰਨ ਲਈ ਛੇ ਮਹੀਨੇ ਲੱਗੇ ਹਨ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਸਾਲ 2015 ਵਿੱਚ ਸੇਵਿਓ ਜਿਊਲਰਜ਼ ਨੇ ‘ਪੀਕੋਕ ਰਿੰਗ’ (ਮੋਰ ਵਰਗੀ ਮੰੁਦਰੀ) ਬਣਾ ਕੇ ਆਪਣਾ ਨਾਂਅ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡਜ਼ ਦਰਜ ਕਰਾਇਆ ਸੀ, ਜਿਸ ‘ਚ 3827 ਹੀਰੇ ਲੱਗੇ ਸਨ, ਪਰ ਇਸ ਵਾਰੀ 6690 ਹੀਰੇ ਜੜੀ ‘ਲੋਟਸ ਰਿੰਗ’ (ਕਮਲ ਦੇ ਫੁੱਲ ਵਰਗੀ ਮੁੰਦਰੀ) ਨਾਲ ਰਿਕਾਰਡ ਆਪਣੇ ਨਾਂਅ ਕੀਤਾ ਹੈ। ਇਸ ਮੁੰਦਰੀ ਨੂੰ ਬਣਾਉਣ ਵਾਲੇ ਜੋੜੇ ਨੇ ਕਿਹਾ ਕਿ ਪਾਣੀ ਦੀ ਸੰਭਾਲ ਦੇ ਸੰਕਲਪ ਨੂੰ ਮੁੱਖ ਰੱਖਦਿਆਂ ਉਨ੍ਹਾਂ ਇਸ ਮੁੰਦਰੀ ਨੂੰ ਕਮਲ ਦੇ ਫੁੱਲ ਵਜੋਂ ਬਣਾਉਣ ਦਾ ਫੈਸਲਾ ਕੀਤਾ ਕਿਉਂਕਿ ਇਹ ਦੇਸ਼ ਦਾ ਕੌਮੀ ਫੁੱਲ ਹੈ ਅਤੇ ਪਾਣੀ ਵਿੱਚ ਹੁੰਦਾ ਹੈ ਅਤੇ ਇਹ ਸੁੰਦਰਤਾ ਦਾ ਵੀ ਪ੍ਰਤੀਕ ਹੈ।