ਦੋ ਬੱਚਿਆਂ ਨੂੰ ਮਾਰਨ ਦੀ ਕੋਸਿ਼ਸ਼ ਕਰਨ ਵਾਲਾ ਟੋਰਾਂਟੋ ਦਾ ਵਿਅਕਤੀ ਗ੍ਰਿਫਤਾਰ

3
ਟੋਰਾਂਟੋ, 10 ਅਕਤੂਬਰ (ਪੋਸਟ ਬਿਊਰੋ) : ਟੋਰਾਂਟੋ ਪੁਲਿਸ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਦੋ ਬੱਚਿਆਂ ਦਾ ਕਤਲ ਕਰਨ ਦੀ ਕੋਸਿ਼ਸ਼ ਕਰਨ ਵਾਲੇ ਇੱਕ ਮਸ਼ਕੂਕ ਨੂੰ ਗ੍ਰਿਫਤਾਰ ਕੀਤਾ ਹੈ। ਇਸ ਵਿਅਕਤੀ ਵੱਲੋਂ ਦੋ ਬੱਚਿਆਂ ਦੇ ਸਿਰ ਵਿੱਚ ਹਥੌੜੀ ਮਾਰ ਕੇ ਤੇ ਉਨ੍ਹਾਂ ਦਾ ਗਲ ਘੁੱਟ ਕੇ ਉਨ੍ਹਾਂ ਨੂੰ ਮਾਰਨ ਦੀ ਕੋਸਿ਼ਸ਼ ਕੀਤੀ ਗਈ।
ਪੁਲਿਸ ਨੇ ਦੱਸਿਆ ਕਿ 53 ਸਾਲਾ ਮਸ਼ਕੂਕ ਦੋਵਾਂ ਬੱਚਿਆਂ ਨਾਲ ਘਰ ਵਿੱਚ ਇੱਕਲਾ ਸੀ। ਇਨ੍ਹਾਂ ਦੋਵਾਂ ਬੱਚਿਆਂ ਦੀ ਉਮਰ 10 ਸਾਲ ਤੋਂ ਘੱਟ ਦੱਸੀ ਜਾ ਰਹੀ ਹੈ। ਪੁਲਿਸ ਨੇ ਦੱਸਿਆ ਕਿ ਸ਼ਨਿੱਚਰਵਾਰ ਨੂੰ ਜੇਨ ਸਟਰੀਟ ਤੇ ਸਟੀਲਜ਼ ਐਵਨਿਊ ਨੇੜੇ ਵਾਪਰੀ ਇਸ ਘਟਨਾ ਦਾ ਪਤਾ ਲੱਗਣ ਉੱਤੇ ਉਹ ਤੁਰੰਤ ਉੱਥੇ ਪਹੁੰਚੇ। ਟੋਰਾਂਟੋ ਪੁਲਿਸ ਸਰਵਿਸ ਦੀ ਪ੍ਰੈੱਸ ਰਲੀਜ਼ ਅਨੁਸਾਰ ਦੋਵਾਂ ਬੱਚਿਆਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਪਹੁੰਚਾਇਆ ਗਿਆ। ਦੋਵਾਂ ਦਾ ਇਲਾਜ ਕੀਤਾ ਜਾ ਚੁੱਕਿਆ ਹੈ ਤੇ ਦੋਵਾਂ ਦੇ ਹੀ ਜਲਦ ਸਿਹਤਯਾਬ ਹੋਣ ਦੀ ਸੰਭਾਵਨਾ ਹੈ।
ਪੁਲਿਸ ਨੇ ਆਖਿਆ ਕਿ ਬੱਚਿਆਂ ਦੀ ਪਛਾਣ ਲੁਕਾਉਣ ਲਈ ਉਨ੍ਹਾਂ ਵੱਲੋਂ ਇਸ ਵਿਅਕਤੀ ਦੇ ਨਾਂ ਦਾ ਖੁਲਾਸਾ ਨਹੀਂ ਕੀਤਾ ਜਾ ਰਿਹਾ। ਇਸ ਵਿਅਕਤੀ ਖਿਲਾਫ ਕਤਲ ਕਰਨ ਦੀ ਕੋਸਿ਼ਸ਼ ਦੇ ਦੋ ਮਾਮਲੇ, ਹਥਿਆਰ ਨਾਲ ਹਮਲਾ ਕਰਨ ਦੇ ਦੋ ਮਾਮਲੇ, ਸਾਹ ਘੁੱਟ ਕੇ ਮਾਰਨ ਦੇ ਦੋ ਮਾਮਲੇ, ਹਥਿਆਰ ਰੱਖਣ ਦਾ ਮਾਮਲਾ ਤੇ ਧਮਕੀਆਂ ਦੇਣ ਦੇ ਦੋ ਮਾਮਲੇ ਦਰਜ ਕੀਤੇ ਗਏ ਹਨ।