ਦੋ ਬਸਾਂ ਦੀ ਟੱਕਰ ਵਿੱਚ ਇੱਕ ਵਿਅਕਤੀ ਦੀ ਮੌਤ, ਅੱਧੀ ਦਰਜਨ ਜ਼ਖਮੀ

bus accident
ਜਲੰਧਰ, 4 ਅਗਸਤ (ਪੋਸਟ ਬਿਊਰੋ)- ਪਿੰਡ ਚੂਹੜਵਾਲੀ ਨੇੜੇ ਕੱਲ੍ਹ ਇੱਕ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਕੁਝ ਹੋਰ ਜ਼ਖਮੀ ਹੋ ਗਏ।
ਹਾਦਸਾ ਪੰਜਾਬ ਰੋਡਵੇਜ਼ ਮੁਕਤਸਰ ਡਿਪੂ ਦੀ ਬਸ ਅਤੇ ਡੀ ਏ ਵੀ ਪੁਲਸ ਪਬਲਿਕ ਸਕੂਲ ਜਲੰਧਰ ਦੀ ਬਸ ਵਿਚਾਲੇ ਵਾਪਰਿਆ। ਇਸ ਹਾਦਸੇ ਵਿੱਚ ਸਕੂਲ ਬਸ ਦੇ ਚਾਲਕ ਪਰਮਜੀਤ ਸਿੰਘ ਪੁੱਤਰ ਕਰਮ ਸਿੰਘ ਵਾਸੀ ਨੂਰਪੁਰ ਚੱਠਾ ਨਕੋਦਰ ਦੀ ਮੌਤ ਹੋ ਗਈ ਅਤੇ ਬਸ ਦਾ ਕੰਡਕਟਰ ਰਾਜੇਸ਼ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਾਸੀ ਬੇਅੰਤ ਨਗਰ ਰਾਮਾ ਮੰਡੀ ਜ਼ਖਮੀ ਹੋ ਗਿਆ। ਰੋਡਵੇਜ਼ ਪਨਸਪ ਦੇ ਚਾਲਕ ਮਹਾਂਵੀਰ ਪੁੱਤਰ ਬਨਵਾਰੀ ਲਾਲ ਵਾਸੀ ਅਬੋਹਰ ਦੇ ਸੱਟਾਂ ਲੱਗਣ ਕਾਰਨ ਉਸ ਨੂੰ ਰਾਮਾ ਮੰਡੀ ਦੇ ਨਿੱਜੀ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਪੁਲਸ ਨੂੰ ਦਿੱਤੇ ਬਿਆਨਾਂ ਵਿੱਚ ਸਕੂਲ ਬਸ ਦੇ ਕੰਡਕਟਰ ਰਾਜੇਸ਼ ਨੇ ਦੱਸਿਆ ਕਿ ਸਵੇਰੇ ਉਹ ਤੇ ਬਸ ਦਾ ਚਾਲਕ ਪਰਮਜੀਤ ਸਿੰਘ ਰੋਜ਼ ਵਾਂਗ ਸਕੂਲ ਦੇ ਬੱਚੇ ਲੈਣ ਆਦਮਪੁਰ ਜਾ ਰਹੇ ਸਨ। ਜਦੋਂ ਹੁਸ਼ਿਆਰਪੁਰ ਰੋਡ ‘ਤੇ ਪਿੰਡ ਚੂਹੜਵਾਲੀ ਨੇੜੇ ਪਹੁੰਚੇ ਤਾਂ ਸਾਹਮਣੇ ਤੋਂ ਆਈ ਰੋਡਵੇਜ਼ ਦੀ ਪਨਬਸ ਬਸ ਨੇ ਉਨ੍ਹਾਂ ਨੂੰ ਟੱਕਰ ਮਾਰ ਦਿੱਤੀ। ਇਸ ਨਾਲ ਸਕੂਲ ਬਸ ਦੇ ਡਰਾਇਵਰ ਪਰਮਜੀਤ ਸਿੰਘ ਦੀ ਮੌਕੇ ‘ਤੇ ਮੌਤ ਹੋ ਗਈ, ਦੂਜੀ ਬਸ ਵਿੱਚ ਕੁਝ ਸਵਾਰੀਆਂ ਅਤੇ ਡਰਾਇਵਰ ਦੇ ਸੱਟਾਂ ਲੱਗੀਆਂ। ਥਾਣਾ ਆਦਮਪੁਰ ਦੀ ਪੁਲਸ ਨੇ ਬਸ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਥਾਣਾ ਆਦਮਪੁਰ ਦੀ ਪੁਲਸ ਨੇ ਸਕੂਲ ਬਸ ਦੇ ਕੰਡਕਟਰ ਰਾਜੇਸ਼ ਕੁਮਾਰ ਦੇ ਬਿਆਨਾਂ ‘ਤੇ ਰੋਡਵੇਜ਼ ਦੇ ਬਸ ਚਾਲਕ ਮਹਾਵੀਰ ਵਿਰੁੱਧ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।