ਦੋ-ਪਹੀਆ ਸਵਾਰੀ: ਕੇਸਕੀ ਵਾਲੀਆਂ ਬੀਬੀਆਂ ਤੋਂ ਬਿਨਾਂ ਚੰਡੀਗੜ੍ਹ ਵਿੱਚ ਸਭ ਔਰਤਾਂ ਲਈ ਹੈਲਮਟ ਲਾਜ਼ਮੀ ਕੀਤਾ ਗਿਆ


ਚੰਡੀਗੜ੍ਹ, 7 ਜੁਲਾਈ, (ਪੋਸਟ ਬਿਊਰੋ)- ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਵਾਲੇ ਸ਼ਹਿਰ ਚੰਡੀਗੜ੍ਹ ਵਿੱਚ ਪ੍ਰਸ਼ਾਸਨ ਨੇ ਅੱਜ ਤੋਂ ਦੋਪਹੀਆਂ ਵਾਹਨ ਚਲਾਉਣ ਦੇ ਵਕਤ ਔਰਤਾਂ ਲਈ ਹੈਲਮਟ ਪਾਉਣਾ ਲਾਜ਼ਮੀ ਕਰ ਦਿੱਤਾ ਹੈ। ਸਿੱਖ ਮਹਿਲਾਵਾਂ ਨੂੰ ਵੀ ਦੋਪਹੀਆ ਚਲਾਉਣ ਵੇਲੇ ਹੈਲਮਟ ਤੋਂ ਛੋਟ ਨਹੀਂ ਦਿੱਤੀ ਗਈ। ਨਵੇਂ ਨੋਟੀਫਿਕੇਸ਼ਨ ਦੇ ਅਨੁਸਾਰ ਕੇਵਲ ਕੇਸਕੀ ਸਜਾ ਕੇ ਦੋਪਹੀਆ ਵਾਹਨ ਚਲਾਉਣ ਵਾਲੀਆਂ ਬੀਬੀਆਂ ਨੂੰ ਹੈਲਮਟ ਪਾਉਣ ਤੋਂ ਛੋਟ ਹੋਵੇਗੀ। ਚੰਡੀਗੜ੍ਹ ਪ੍ਰਸ਼ਾਸਨ ਦੇ ਇਸ ਫ਼ੈਸਲੇ ਨਾਲ ਸਿੱਖ ਸੰਸਥਾਵਾਂ ਵਿੱਚ ਹਲਚਲ ਮੱਚ ਗਈ ਅਤੇ ਅਕਾਲੀ ਦਲ ਚੰਡੀਗੜ੍ਹ ਵੱਲੋਂ ਅੱਜ ਸ਼ਾਮ ਵੇਲੇ ਸਭ ਸਿੱਖ ਸੰਸਥਾਵਾਂ ਦੀ ਮੀਟਿੰਗ ਕਰ ਕੇ ਅਗਲੀ ਰਣਨੀਤੀ ਘੜੀ ਦੱਸੀ ਜਾ ਰਹੀ ਹੈ।
ਵਰਨਣ ਯੋਗ ਹੈ ਕਿ ਇਸ ਤੋਂ ਪਹਿਲਾਂ ਜਦੋਂ ਕੇਂਦਰੀ ਸ਼ਾਸਤ ਰਾਜ ਗਿਣੇ ਜਾਂਦੇ ਚੰਡੀਗੜ੍ਹ ਵਿੱਚ ਦੋਪਹੀਆ ਚਾਲਕ ਸਭ ਔਰਤਾਂ ਲਈ ਹੈਲਮਟ ਲਾਜ਼ਮੀ ਕੀਤਾ ਸੀ ਤਾਂ ਸਿੱਖ ਸੰਸਥਾਵਾਂ ਨੇ ਲੰਮਾ ਸੰਘਰਸ਼ ਛੇੜ ਕੇ ਫ਼ੈਸਲਾ ਵਾਪਸ ਕਰਾਇਆ ਸੀ। ਚੰਡੀਗੜ੍ਹ ਪ੍ਰਸ਼ਾਸਨ ਦੇ ਅੱਜ ਸ਼ਾਮ ਨੂੰ ਜਾਰੀ ਕੀਤੇ ਨੋਟੀਫਕੇਸ਼ਨ ਅਨੁਸਾਰ ਮੋਟਰ ਵਹੀਕਲ ਐਕਟ 1988 ਦੀ ਧਾਰਾ-2 ਵਿੱਚ ਸੋਧ ਕਰ ਕੇ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਚੰਡੀਗੜ੍ਹ ਦੇ ਮੋਟਰ ਵਹੀਕਲ ਰੂਲ 193 ਵਿੱਚ ਸੋਧ ਕੀਤੀ ਗਈ ਹੈ, ਜਿਸ ਨਾਲ ਸਭ ਔਰਤਾਂ ਨੂੰ ਦੋਪਹੀਆ ਵਾਹਨ ਚਲਾਉਣ ਵੇਲੇ ਹੈਲਮਟ ਪਾਉਣਾ ਲਾਜ਼ਮੀ ਕੀਤਾ ਗਿਆ ਹੈ, ਪਰ ਕੇਸਕੀ ਸਜਾਉਣ ਵਾਲੀਆਂ ਔਰਤਾਂ ਨੂੰ ਨਵੇਂ ਨਿਯਮ ਨਾਲ ਦੋ-ਪਹੀਆ ਵਾਹਨ ਚਲਾਉਣ ਵੇਲੇ ਹੈਲਮਟ ਤੋਂ ਛੋਟ ਦਿੱਤੀ ਗਈ ਹੈ।
ਚੰਡੀਗੜ੍ਹ ਪ੍ਰਸ਼ਾਸਨ ਦੇ ਟਰਾਂਸਪੋਰਟ ਸਕੱਤਰ ਡੀ ਐੱਲ ਸ਼ਰਮਾ ਵੱਲੋਂ ਅੱਜ ਜਾਰੀ ਕੀਤਾ ਨੋਟੀਫਿਕੇਸ਼ਨ ਤੁਰੰਤ ਲਾਗੂ ਹੋ ਗਿਆ ਅਤੇ ਇਸ ਦੇ ਜਾਰੀ ਹੁੰਦੇ ਸਾਰ ਚੰਡੀਗੜ੍ਹ ਟ੍ਰੈਫਿਕ ਪੁਲੀਸ ਬਿਨਾਂ ਹੈਲਮਟ ਤੋਂ ਦੋਪਹੀਆ ਵਾਹਨ ਚਲਾ ਰਹੀਆਂ ਔਰਤਾਂ ਦੇ ਚਲਾਨ ਕੱਟਣ ਦੀ ਰਣਨੀਤੀ ਘੜਨ ਲੱਗ ਪਈ ਹੈ।
ਦੂਸਰੇ ਪਾਸੇ ਅਕਾਲੀ ਦਲ ਚੰਡੀਗੜ੍ਹ ਦੇ ਪ੍ਰਧਾਨ ਹਰਦੀਪ ਸਿੰਘ ਬੁਟਰੇਲਾ ਨੇ ਸਿੱਖ ਸੰਸਥਾਵਾਂ ਦੀ ਮੀਟਿੰਗ ਸੱਦ ਲਈ ਅਤੇ ਉਨ੍ਹਾਂ ਮੁਤਾਬਕ ਇਸ ਮੀਟਿੰਗ ਨੇ ਫੈਸਲਾ ਕੀਤਾ ਹੈ ਕਿ ਇਸ ਫੈਸਲੇ ਵਿਰੁੱਧ ਸੰਘਰਸ਼ ਕੀਤਾ ਜਾਵੇਗਾ। ਪਹਿਲੇ ਪੜਾਅ ਵਿੱਚ ਸਿੱਖ ਸੰਸਥਾਵਾਂ ਸੋਮਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣਗੀਆਂ ਅਤੇ ਜੇ ਪ੍ਰਸ਼ਾਸਨ ਨੇ ਸੁਣਵਾਈ ਨਾ ਕੀਤੀ ਤਾਂ ਸਿੱਖ ਸੰਸਥਾਵਾਂ ਨਾਲ ਸਲਾਹ ਕਰਕੇ ਅਗਲਾ ਸੰਘਰਸ਼ ਕੀਤਾ ਜਾਵੇਗਾ। ਇਸੇ ਦੌਰਾਨ ਕੁਝ ਸਿੱਖ ਜਥੇਬੰਦੀਆਂ ਨੇ ਮੰਗ ਕੀਤੀ ਹੈ ਕਿ ਨਾਂਅ ਦੇ ਨਾਲ ਕੌਰ ਲਿਖਣ ਵਾਲੀਆਂ ਸਾਰੀਆਂ ਔਰਤਾਂ ਨੂੰ ਹੈਲਮਟ ਤੋਂਛੋਟ ਦੇ ਦਿੱਤੀ ਜਾਵੇ।