ਦੋ ਧਾਰਮਿਕ ਆਗੂਆਂ ਅਤੇ ਡੇਰਾ ਪ੍ਰੇਮੀ ਦੇ ਦੋ ਕਾਤਲ ਗ੍ਰਿਫਤਾਰ

arrested
ਚੰਡੀਗੜ੍ਹ, 3 ਅਗਸਤ (ਪੋਸਟ ਬਿਊਰੋ)- ਪੰਜਾਬ ਪੁਲਸ ਦੇ ਕਾਊਂਟਰ ਇੰਟੈਲੀਜੈਂਸ ਨੇ ਮੋਗਾ ਵਿੱਚ ਛਾਪੇ ਦੌਰਾਨ ਦੋ ਗਰਮ ਖਿਆਲੀ ਵਿਅਕਤੀਆਂ ਨੂੰ ਫੜ ਕੇ ਇਨ੍ਹਾਂ ਦੇ ਕਬਜ਼ੇ ਵਿੱਚੋਂ 32 ਬੋਰ ਪਿਸਟਲ, ਮੋਟਰ ਸਾਈਕਲ ਅਤੇ ਇਤਰਾਜ਼ ਯੋਗ ਸਮੱਗਰੀ ਬਰਾਮਦ ਕੀਤੀ ਹੈ। ਇਨ੍ਹਾਂ ਉੱਤੇ ਧਾਰਮਿਕ ਨੇਤਾ ਪਾਰਸਮਣੀ, ਬਾਬਾ ਲੱਖਾ ਸਿੰਘ ਅਤੇ ਡੇਰਾ ਸੱਚਾ ਸੌਦਾ ਪ੍ਰੇਮੀ ਗੁਰਦੇਵ ਸਿੰਘ ਦੇ ਕਤਲ ਦਾ ਦੋਸ਼ ਹੈ।
ਮਿਲੀ ਜਾਣਕਾਰੀ ਅਨੁਸਾਰ ਕਾਊਂਟਰ ਇੰਟੈਲੀਜੈਂਸ ਟੀਮ ਨੇ ਮੋਗਾ ਦੇ ਸੋਢੀ ਨਗਰ ਚੈੱਕ ਪੁਆਇੰਟ ਤੋਂ ਅਸ਼ੋਕ ਕੁਮਾਰ ਵੋਹਰਾ ਉਰਫ ਅਮਨਾ ਸੇਠ ਅਤੇ ਲਵਪ੍ਰੀਤ ਸਿੰਘ ਉਰਫ ਲਵਲੀ ਨੂੰ ਗ੍ਰਿਫਤਾਰ ਕੀਤਾ ਹੈ। ਪੁਲਸ ਮੁਤਾਬਕ ਸਾਲ 2014 ਅਤੇ 2016 ਵਿੱਚ ਹੋਏ ਕੁਝ ਕਤਲਾਂ ਵਿੱਚ ਇਨ੍ਹਾਂ ਦਾ ਹੱਥ ਹੈ। ਅਮਨਾ ਸੇਠ ਪਹਿਲੀ ਵਾਰ ਪੁਲਸ ਦੀ ਨਜ਼ਰ ਵਿੱਚ ਓਦੋਂ ਆਇਆ, ਜਦੋਂ ਧਾਰਮਿਕ ਨੇਤਾ ਪਾਰਸਮਣੀ ਦਾ ਕਤਲ ਹੋਇਆ ਸੀ। ਜੂਨ 2014 ਨੂੰ ਮੋਗਾ ਜਿ਼ਲੇ ਦੇ ਪਿੰਡ ਖੁਖਰਾਨਾ ਦੇ ਡੇਰਾ ਬਾਬਾ ਫਰੀਦ ਦੇ ਮੁਖੀ ਪਾਰਸਮਣੀ ਨੂੰ ਮੋਟਰ ਸਾਈਕਲ ਸਵਾਰ ਦੋ ਨੌਜਵਾਨਾਂ ਨੇ ਗੋਲੀ ਮਾਰ ਕੇ ਮਾਰ ਦਿੱਤਾ ਸੀ। ਪੁਲਸ ਦਾ ਦਾਅਵਾ ਹੈ ਕਿ ਇਸ ਵਾਰਦਾਤ ਵਿੱਚ ਗੁਰਪ੍ਰੀਤ ਸਿੰਘ ਗੋਪੀ ਸ਼ਾਮਲ ਸੀ। ਪਿਛਲੇ ਮਹੀਨੇ ਗੋਪੀ ਨੂੰ ਫਿਰੋਜ਼ਪੁਰ ਦੇ ਪਿੰਡ ਕੋਹਲਾ ਵਿੱਚ ਛਾਪੇਮਾਰੀ ਦੌਰਾਨ ਗ੍ਰਿਫਤਾਰ ਕੀਤਾ ਗਿਆ ਸੀ, ਜਦ ਕਿ ਇਸੇ ਆਪਰੇਸ਼ਨ ਵਿੱਚ ਅਮਨਾ ਸੇਠ ਹਨੇਰੇ ਦਾ ਫਾਇਦਾ ਲੈ ਕੇ ਫਰਾਰ ਹੋ ਗਿਆ ਸੀ। ਪੁਲਸ ਮੁਤਾਬਕ ਰਾਜਸਥਾਨ ਦੇ ਹਨੂਮਾਨਗੜ੍ਹ ਵਿੱਚ ਵਿਵਾਦਤ ਧਾਰਮਿਕ ਨੇਤਾ ਬਾਬਾ ਲੱਖਾ ਸਿੰਘ ਨੂੰ 23 ਨਵੰਬਰ 2016 ਨੂੰ ਗੋਲੀ ਮਾਰ ਕੇ ਮਾਰ ਦਿੱਤਾ ਗਿਆ ਸੀ। ਇਸ ਦੇ ਇਲਾਵਾ 13 ਜੂਨ 2016 ਨੂੰ ਫਰੀਦਕੋਟ ਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਡੇਰਾ ਪ੍ਰੇਮੀ ਗੁਰਦੇਵ ਸਿੰਘ ਦਾ ਗੋਲੀ ਮਾਰ ਕੇ ਕਤਲ ਕੀਤਾ ਗਿਆ ਸੀ। ਸ਼ੁਰੂ ਦੀ ਜਾਂਚ ਵਿੱਚ ਪਤਾ ਲੱਗਾ ਕਿ ਦੋਵੇਂ ਦੋਸ਼ੀ ਟਾਰਗੈਟ ਕਿਲਿੰਗ ਦੇ ਮਾਹਰ ਹਨ। ਦੋਵੇਂ ਦੋਸ਼ੀ ਮੁਕਤਸਰ ਦੇ ਪਿੰਡ ਸੋਨੇਵਾਲਾ ਵਾਸੀ ਜਸਵੰਤ ਸਿੰਘ ਅਤੇ ਅਵਤਾਰ ਸਿੰਘ ਦੇ ਨਜ਼ਦੀਕੀ ਹਨ।