ਦੋ ਟਰੱਕਾਂ ਵਿਚਾਲੇ ਹੋਈ ਟੱਕਰ ਵਿੱਚ 27 ਸਾਲਾ ਵਿਅਕਤੀ ਦੀ ਹੋਈ ਮੌਤ


ਮਿਸੀਸਾਗਾ, 11 ਜੁਲਾਈ (ਪੋਸਟ ਬਿਊਰੋ) : ਸੋਮਵਾਰ ਨੂੰ ਮਿਸੀਸਾਗਾ ਦੇ ਹਾਈਵੇਅ 403 ਉੱਤੇ ਦੋ ਟਰੱਕਾਂ ਵਿਚਾਲੇ ਹੋਈ ਟੱਕਰ ਵਿੱਚ ਇੱਕ 27 ਸਾਲਾ ਵਿਅਕਤੀ ਦੀ ਮੌਤ ਹੋ ਗਈ।
ਓਪੀਪੀ ਦੇ ਸਾਰਜੈਂਟ ਕੈਰੀ ਸ਼ਮਿਡਟ ਨੇ ਦੱਸਿਆ ਕਿ ਮੈਵਿਸ ਰੋਡ ਉੱਤੇ ਇਹ ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇੱਥੇ ਖੜ੍ਹੇ ਟਰਾਂਸਪੋਰਟ ਟਰੱਕ ਦਾ ਟਾਇਰ ਠੀਕ ਕੀਤਾ ਜਾ ਰਿਹਾ ਸੀ ਤੇ ਪਿੱਛੋਂ ਆ ਕੇ ਇੱਕ ਸੈਪਟਿਕ ਟਰੱਕ ਇਸ ਟਰੱਕ ਦੇ ਵਿੱਚ ਵੱਜਿਆ। ਇਸ ਬਾਰੇ ਪਤਾ ਨਹੀਂ ਲੱਗ ਸਕਿਆ ਕਿ ਹਾਦਸੇ ਵਿੱਚ ਕਿਸ ਵਿਅਕਤੀ ਨੂੰ ਵਧੇਰੇ ਸੱਟ ਲੱਗੀ । ਪਰ ਸ਼ਮਿਡਟ ਨੇ ਦੱਸਿਆ ਕਿ ਮੌਕੇ ਉੱਤੇ ਤਿੰਨ ਵਿਅਕਤੀ ਮੌਜੂਦ ਸਨ। ਇੱਕ ਸੈਪਟਿਕ ਟਰੱਕ ਦਾ ਡਰਾਈਵਰ, ਦੂਜਾ ਟਰਾਂਸਪੋਰਟ ਟਰੱਕ ਦਾ ਡਰਾਈਵਰ ਤੇ ਤੀਜਾ ਮੇਨਟੇਨੈਂਸ ਟਰੱਕ ਦਾ ਡਰਾਈਵਰ।
ਦੋ ਵਿਕਤੀਆਂ ਨੂੰ ਹਸਪਤਾਲ ਲਿਜਾਇਆ ਗਿਆ। ਜਿਨ੍ਹਾਂ ਵਿੱਚੋਂ ਇੱਕ ਦੀ ਹਾਲਤ ਨਾਜ਼ੁਕ ਸੀ ਤੇ ਦੂਜੇ ਨੂੰ ਗੰਭੀਰ ਸੱਟਾਂ ਲੱਗੀਆਂ ਸਨ ਪਰ ਉਹ ਖਤਰੇ ਤੋਂ ਬਾਹਰ ਦੱਸਿਆ ਗਿਆ। ਪੀਲ ਪੈਰਾਮੈਡਿਕਸ ਨੇ ਦੱਸਿਆ ਕਿ ਇੱਕ ਵਿਅਕਤੀ ਨੂੰ ਜਦੋਂ ਉਹ ਹਸਪਤਾਲ ਲੈ ਕੇ ਗਏ ਤਾਂ ਉਸ ਵਿੱਚ ਕੋਈ ਸਾਹ ਸੱਤ ਨਹੀਂ ਸੀ। ਸਾਰਜੈਂਟ ਸ਼ਮਿਡਟ ਨੇ ਪੁਸ਼ਟੀ ਕੀਤੀ ਕਿ ਮਿਲਟਨ ਤੋਂ ਇੱਕ ਵਿਅਕਤੀ ਨੂੰ ਹਸਪਤਾਲ ਵਿੱਚ ਜਲਦ ਹੀ ਮ੍ਰਿਤਕ ਐਲਾਨ ਦਿੱਤਾ ਗਿਆ।