ਦੋ ਜਮ੍ਹਾਂ ਦੋ ਚਾਰ ਰੋਟੀਆਂ

-ਗੁਰਦੀਪ ਸਿੰਘ ਢੁੱਡੀ
ਗੱਲ 1997 ਦੇ ਮਾਰਚ ਮਹੀਨੇ ਦੀ ਹੈ। ਮੇਰੀ ਡਿਊਟੀ ਬਤੌਰ ਪ੍ਰੀਖਿਆ ਸੁਪਰਡੈਂਟ ਸ਼ਹਿਰ ਤੋਂ ਦੂਰ ਇੱਕ ਸਕੂਲ ਵਿੱਚ ਲੱਗ ਗਈ। ਡਿਊਟੀ ਦੀ ਕਾਰਵਾਈ ਅਨੁਸਾਰ ਪ੍ਰੀਖਿਆ ਤੋਂ ਇੱਕ ਦਿਨ ਪਹਿਲਾਂ ਪ੍ਰੀਖਿਆ ਕੇਂਦਰ ਖੋਲ੍ਹਣਾ ਹੁੰਦਾ ਹੈ। ਮੇਰੇ ਸਮੇਤ ਪੂਰਾ ਪ੍ਰੀਖਿਆ ਅਮਲਾ ਇੱਕ ਦਿਨ ਪਹਿਲਾਂ ਸਕੂਲ ਪਹੁੰਚ ਗਿਆ। ਪ੍ਰੀਖਿਆ ਕੇਂਦਰ ਦੇ ਕਮਰੇ ਲੈ ਕੇ ਡਿਊਟੀ ਨਾਲ ਸੰਬੰਧਤ ਕਾਗਜ਼-ਪੱਤਰ ਪੂਰੇ ਕਰਨ ਉਪਰੰਤ ਮੈਂ ਆਪਣੇ ਵੱਲੋਂ ਪੂਰੇ ਅਮਲੇ ਨੂੰ ਸੁਚਾਰੂ ਢੰਗ ਨਾਲ ਪ੍ਰੀਖਿਆ ਚਲਾਉਣ ਲਈ ਹਦਾਇਤਾਂ ਜਾਰੀ ਕਰ ਦਿੱਤੀਆਂ। ਸਕੂਲ ਮੁਖੀ ਤੇ ਪੂਰਾ ਸਟਾਫ ਸਾਡੀ ਸੇਵਾ ਵਾਸਤੇ ਤਰਲੋਮੱਛੀ ਹੋ ਰਿਹਾ ਸੀ।
ਪੇਪਰ ਤੋਂ ਪਹਿਲੇ ਦਿਨ ਸਕੂਲ ਵੱਲੋਂ ਮਿਲੀ ਚਾਹ ਦੀ ਸੇਵਾ ਵਿੱਚ ਡਰਾਈ-ਫਰੂਟ ਅਤੇ ਬਰਫੀ ਵੇਖ ਕੇ ਮੈਂ ਸਕੂਲ ਮੁਖੀ ਨੂੰ ਬੇਨਤੀ ਕੀਤੀ ਕਿ ਰੋਜ਼ਾਨਾ ਸਿਰਫ ਚਾਹ ਦਿੱਤੀ ਜਾਵੇ। ‘ਇਹ ਤਾਂ ਰੁਟੀਨ ਹੈ। ਅਸੀਂ ਤੁਹਾਡੇ ਵਾਸਤੇ ਕੁਝ ਵੱਖਰਾ ਨਹੀਂ ਕੀਤਾ। ਹਰ ਸਾਲ ਆਏ ਸਟਾਫ ਦੀ ਇਸੇ ਤਰ੍ਹਾਂ ਸੇਵਾ ਕਰੀਦੀ ਹੈ।’ ਇੱਕ ਮੇਲ ਮੈਂਬਰ ਨੇ ਦੂਰੋਂ ਹੀ ਅੱਖ ਦਬਾ ਕੇ ਇਸ਼ਾਰਾ ਵੀ ਕਰ ਦਿੱਤਾ। ਸਕੂਲ ਮੁਖੀ ਦੇ ਵਾਕ ਦੇ ਜਵਾਬ ਵਿੱਚ ਮੈਂ ਬੇਨਤੀ ਕੀਤੀ, ‘ਸਾਨੂੰ ਇਸ ਤਰ੍ਹਾਂ ਖਾਣ ਦੀ ਆਦਤ ਨਹੀਂ। ਸਕੂਲੇ ਵੀ ਇਕੱਲੀ ਚਾਹ ਪੀਂਦੇ ਆਂ ਅਤੇ ਇਥੇ ਵੀ ਅਸੀਂ ਇਕੱਲੀ ਚਾਹ ਪੀਵਾਂਗੇ।’
ਅਗਲੇ ਦਿਨ ਮੈਥ ਦਾ ਪੇਪਰ ਸੀ। ਨਿਗਰਾਨ ਅਮਲੇ ਨੇ ਮੇਰੀਆਂ ਹਦਾਇਤਾਂ ਅਨੁਸਾਰ ਡਿਊਟੀ ਦਿੱਤੀ। ਸਾਰੇ ਵਿਦਿਆਰਥੀ ਸਿਰਫ ਕਮਰਿਆਂ ਦੀਆਂ ਛੱਤਾਂ ਵੱਲ ਵੇਖ ਰਹੇ ਸਨ। ਪ੍ਰੀਖਿਆ ਕੇਂਦਰ ਦੇ ਬਾਹਰ ਡਿਊਟੀ ਦੇ ਰਹੇ ਸੇਵਾਦਾਰ ਨੂੰ ਮੈਂ ਵੇਖਿਆ ਤਾਂ ਉਹ ਸਕੂਲ ਦੇ ਗੇਟ ਵਾਲੇ ਪਾਸੇ ਇੱਕ ਰੁੱਖ ਨਾਲ ਬਾਹਰ ਵੱਲ ਨੂੰ ਕਿਸੇ ਪਹਿਰੇਦਾਰ ਦੀ ਤਰ੍ਹਾਂ ਸਿਸਤ ਲਾਈ ਖੜ੍ਹਾ ਸੀ। ‘ਤੁਸੀਂ ਇਥੇ ਖੜ੍ਹੇ ਕੀ ਕਰਦੇ ਹੋ?’ ਮੈਂ ਉਸ ਨੂੰ ਜਾ ਕੇ ਪੁੱਛਿਆ। ‘ਬਾਹਰੋਂ ਆਉਣ ਵਾਲੀ ਫਲਾਇੰਗ ਵੱਲ ਨਿਗਾਹ ਰੱਖਦਾ ਹਾਂ।’ ਉਸ ਨੇ ਜਵਾਬ ਦਿੱਤਾ। ‘ਆ ਜਾ ਭਾਈ ਏਥੇ ਖੜੇ ਹੋਣ ਦੀ ਲੋੜ ਨਹੀਂ ਹੈ।’ ਮੈਂ ਉਸ ਨੂੰ ਆਖ ਕੇ ਆਪਣੀ ਅਸਲ ਡਿਊਟੀ ਵਾਲੀ ਥਾਂ ਲੈ ਆਇਆ। ਤਿੰਨ ਘੰਟੇ ਬਾਅਦ ਪੇਪਰ ਦੇ ਕੇ ਜਾਣ ਵਾਲੇ ਵਿਦਿਆਰਥੀ ਬੜੇ ਨਿਰਾਸ਼ਾ ਵਿੱਚ ਸਨ। ਪੇਪਰ ਲੈ ਕੇ ਆਪਣੀ ਤਸੱਲੀ ਨਾਲ ਫਰੀਦਕੋਟ ਆ ਗਿਆ।
ਅਗਲੇ ਦਿਨ ਮੈਂ ਅਤੇ ਡਿਪਟੀ ਸੁਪਰਡੈਂਟ ਸਵੇਰੇ ਮੋਟਰ ਸਾਈਕਲ ਉੱਤੇ ਸਕੂਲ ਦੇ ਗੇਟ ਤੋਂ ਅੰਦਰ ਹੀ ਹੋਏ ਤਾਂ ਵਿਦਿਆਰਥੀਆਂ ਦੇ ਨਾਲ ਪਿੰਡ ਦੇ ਬੰਦਿਆਂ ਦਾ ਇਕੱਠ ਵੇਖ ਕੇ ਹੱਥਾਂ ਦੇ ਤੋਤੇ ਉਡ ਗਏ। ‘ਆ ਗਏ ਬਈ ਗਿੱਦੜਾਂ ਦੇ ਭੱਤੇ’ ਅਸੀਂ ਸੋਚਿਆ। ਹੁਣ ਖੈਰ ਨਹੀਂ ਹੈ। ਅਸੀਂ ਪ੍ਰੀਖਿਆ ਕੇਂਦਰ ਦੇ ਕਮਰੇ ਵਿੱਚ ਪਹੁੰਚੇ ਤਾਂ ਪਿੰਡ ਦਾ ਸਰਪੰਚ ਅਤੇ ਕੁਝ ਬੰਦੇ ਸਾਡੇ ਕੋਲ ਆ ਗਏ। ‘ਮਾਸਟਰ ਜੀ, ਦੋ ਮਿੰਟ ਗੱਲ ਕਰਨੀ ਆ।’ ਸਰਪੰਚ ਦੇ ਕਹਿਣ ‘ਤੇ ਅਸੀਂ ਦੋਵੇਂ ਜਣੇ ਬਾਹਰ ਆ ਗਏ। ‘ਕੱਲ੍ਹ ਤੁਸੀਂ ਪੇਪਰ ਲਿਆ। ਚੰਗੀ ਗੱਲ ਹੈ ਕਿ ਤੁਸੀਂ ਨਕਲ ਨ੍ਹੀਂ ਕਰਨ ਦਿੱਤੀ। ਥੋਡੇ ਅਸੂਲ ਬਹੁਤ ਚੰਗੇ ਆ। ਸਾਡੇ ਸਾਰੇ ਜੁਆਕ ਫੇਲ੍ਹ ਹੋ ਜਾਣਗੇ।’ ਸਰਪੰਚ ਨੇ ਕਿਹਾ। ‘ਹਾਂ ਜੀ, ਲੱਗਦੈ, ਇਨ੍ਹਾਂ ਨੇ ਪੜ੍ਹਾਈ ਬਿਲਕੁਲ ਨਹੀਂ ਕੀਤੀ। ਖਾਲੀ ਪੇਪਰ ਦੇ ਕੇ ਗਏ ਆ।’ ਖੁਸ਼ਕ ਹੋਏ ਗਲੇ ਨਾਲ ਮੈਂ ਸੰਖੇਪ ਜਿਹਾ ਜਵਾਬ ਦਿੱਤਾ। ‘ਜੁਆਕਾਂ ਨੂੰ ਪਾਸ ਹੋਣ ਜੋਗਾ ਕਰ ਲੈਣ ਦਿਓ, ਵਿਚਾਰੇ ਪਾਸ ਹੋ ਜਾਣਗੇ। ਸਾਰੇ ਗਰੀਬ ਘਰਾਂ ਦੇ ਆ।’ ਉਸ ਨੇ ਫਿਰ ਕਿਹਾ। ‘ਇਹ ਤਾਂ ਨ੍ਹੀਂ ਹੋ ਸਕਦਾ। ਤੁਹਾਨੂੰ ਇਸ ਤੋਂ ਪਹਿਲਾਂ ਸਕੂਲ ਵਿੱਚ ਆਉਣਾ ਚਾਹੀਦਾ ਸੀ। ਸਾਨੂੰ ਇਸ ਤਰ੍ਹਾਂ ਕਹਿਣ ਦੀ ਥਾਂ ਸਕੂਲ ਦੇ ਅਧਿਆਪਕ ਨੂੰ ਸਾਰਾਂ ਸਾਲ ਪੜ੍ਹਾਉਣ ਲਈ ਕਹਿੰਦੇ। ਇਨ੍ਹਾਂ ਨੂੰ ਨਕਲ ਕਰਨ ਦੀ ਲੋੜ ਨਾ ਪੈਂਦੀ। ਨਕਲ ਨਾਲ ਤਾਂ…।’ ਸਰਪੰਚ ਦਾ ਨਰਮ ਰੌਂਅ ਵੇਖ ਕੇ ਮੈਂ ਆਪਣਾ ਆਦਰਸ਼ਵਾਦ ਝਾੜਨਾ ਸ਼ੁਰੂ ਕਰ ਦਿੱਤਾ। ‘ਇਹ ਤਾਂ ਥੋਡੀ ਗੱਲ ਠੀਕ ਆ। ਮਾਸਟਰਾਂ ਨੂੰ ਪੜ੍ਹਾਉਣਾ ਚਾਹੀਦਾ ਸੀ ਤੇ ਇਨ੍ਹਾਂ ਜੁਆਕਾਂ ਨੂੰ ਪੜ੍ਹਨਾ ਚਾਹੀਦਾ ਸੀ, ਪਰ ਨਾ ਮਾਸਟਰਾਂ ਨੇ ਪੜ੍ਹਾਇਆ ਤੇ ਨਾ ਇਹ ਪੜ੍ਹੇ। ਅਸਲ ਵਿੱਚ ਸਾਡੇ ਤਾਂ ਏਥੇ ਇਸੇ ਤਰ੍ਹਾਂ ਚੱਲਦਾ ਆਉਂਦਾ ਹੈ, ਚੱਲੋ ਚੰਗੀ ਗੱਲ ਐ। ਥੋਡੇ ਅਸੂਲ ਠੀਕ ਹਨ। ਮੈਂ ਸਹਿਮਤ ਹਾਂ, ਪਰ ਇੱਕ ਗੱਲ ਹੈ, ਜੇ ਇਹ ਜੁਆਕ ਨਕਲ ਮਾਰ ਕੇ ਦਸਵੀਂ ਪਾਸ ਕਰ ਵੀ ਗਏ ਤਾਂ ਇਨ੍ਹਾਂ ਨੇ ਕਿਹੜਾ ਡੀ ਸੀ ਲੱਗ ਜਾਣੈ। ਬਹੁਤੇ ਤਾਂ ਗਰੀਬ ਘਰਾਂ ਦੇ ਆ। ਜਿਹੜੇ ਜੱਟਾਂ ਦੇ ਮੁੰਡੇ ਆ, ਉਹ ਵੀ ਦੋ-ਦੋ, ਚਾਰ-ਚਾਰ ਕਿੱਲਿਆਂ ਵਾਲੇ ਆ। ਇਨ੍ਹਾਂ ਦੀ ਮਾਰ ਵੱਧ ਤੋਂ ਵੱਧ ਦਸਵੀਂ ਕਰ ਕੇ ਪੁਲਸ ਵਿੱਚ ਜਾਂ ਫੌਜ ਵਿੱਚ ਭਰਤੀ ਹੋਣ ਦੀ ਆ। ਜਿਨ੍ਹਾਂ ਦਾ ਏਥੇ ਕੰਮ ਨਾ ਬਣਿਆ ਤਾਂ ਉਹ ਹੋਮਗਾਰਡ ਵਿੱਚ ਚਲੇ ਜਾਣਗੇ। ਰੋਟੀ ਦਾ ਜੁਗਾੜ ਬਣ ਜੂ। ਅੱਗੇ ਤੁਸੀਂ ਆਵਦੀ ਮਰਜ਼ੀ ਕਰਨੀ ਆ। ਜਿਵੇਂ ਥੋਡਾ ਜੀਅ ਕਰਦੈ।’ ਕਹਿ ਕੇ ਸਰਪੰਚ ਤੁਰ ਪਿਆ। ਉਸ ਦੇ ਨਾਲ ਆਏ ਬੰਦੇ ਵੀ ‘ਵੇਖ ਲਓ ਮਾਸਟਰ ਜੀ, ਸਾਡੀ ਮਿੰਨਤ ਆ’ ਕਹਿ ਕੇ ਜਾਣੇ ਸ਼ੁਰੂ ਹੋ ਗਏ।
ਅਸੀਂ ਪ੍ਰੀਖਿਆ ਕੇਂਦਰ ਵਾਲੇ ਕਮਰੇ ‘ਚ ਚਲੇ ਗਏ। ਕਲਰਕ ਅਤੇ ਦੂਸਰੇ ਅਧਿਆਪਕ ਆਪਣੀ ਡਿਊਟੀ ਵਿੱਚ ਰੁੱਝ ਗਏ। ਮੇਰੇ ਲਈ ਬਹੁਤ ਸਾਰੇ ਸਵਾਲ ਖੜ੍ਹੇ ਹੋ ਗਏ। ਬਹੁਤ ਸਾਰੀਆਂ ਸੋਚਾਂ ਨੇ ਮੈਨੂੰ ਘੇਰ ਲਿਆ। ਅਧਿਆਪਕਾਂ ਦਾ ਪੂਰੀ ਤਨਦੇਹੀ ਨਾਲ ਡਿਊਟੀ ਕਰਨ ਵਾਲਾ ਸਵਾਲ ਮੇਰੀ ਸੋਚ ਤੋਂ ਕੋਹਾਂ ਦੂਰ ਚਲਾ ਗਿਆ। ਵੱਡਾ ਸਵਾਲ ਹੁਣ ਮੇਰੀ ਸੋਚ ਵਿੱਚ ਇਹ ਆ ਗਿਆ ਕਿ ਸਾਡੀ ਸਿਖਿਆ ਦਾ ਮਨੋਰਥ ਕੀ ਹੈ? ਕਿੰਨੀ ਵੱਡੀ ਪੀੜ ਵਾਲੀ ਸੱਚਾਈ ਸਰਪੰਚ ਦੀਆਂ ਆਖਰੀ ਗੱਲਾਂ ਵਿੱਚ ਲੁਕੀ ਪਈ ਸੀ? ਵੱਡਿਆਂ ਤੇ ਪਹੁੰਚ ਵਾਲੇ ਲੋਕਾਂ ਦਾ ਆਪਣੇ ਜੁਆਕਾਂ ਨੂੰ ਪੜ੍ਹਾਉਣ ਦਾ ਮਨੋਰਥ ਹੋਰ ਹੁੰਦਾ ਹੈ, ਜਦ ਕਿ ਆਰਥਿਕ ਥੁੜ੍ਹਾਂ ਮਾਰੇ ਲੋਕ ਆਪਣੇ ਜੁਆਕਾਂ ਨੂੰ ਰੋਟੀ ਦੇ ਜੁਗਾੜ ਲਈ ਸਕੂਲ ਭੇਜਦੇ ਹਨ। ਰੋਟੀ ਤੋਂ ਅੱਗੇ ਉਨ੍ਹਾਂ ਦੀ ਸੋਚ ਤੁਰਦੀ ਹੀ ਨਹੀਂ ਹੈ। ਥੁੜ੍ਹਾਂ ਅਤੇ ਭੁੱਖਾਂ ਦਾ ਮਾਰਿਆ ਬੰਦਾ ਤਾਂ ਦੋ ਜਮ੍ਹਾਂ ਦੋ ਦਾ ਜੋੜ ਚਾਰ ਰੋਟੀਆਂ ਹੀ ਕਰਦਾ ਹੈ।