ਦੋ ਕਿੱਲੋ ਕੋਕੀਨ ਤੇ 100,000 ਡਾਲਰ ਸਮੇਤ ਇੱਕ ਕਾਬੂ

ca 1
ਮਿਸੀਸਾਗਾ, 2 ਮਾਰਚ (ਪੋਸਟ ਬਿਊਰੋ) : ਦੋ ਕਿੱਲੋ ਕੋਕੀਨ ਤੇ 100,000 ਡਾਲਰ ਦੀ ਨਕਦੀ ਸਮੇਤ ਪੁਲਿਸ ਵੱਲੋਂ ਅਰੋਰਾ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ।
ਯੌਰਕ ਰੀਜਨ ਦੀ ਪੁਲਿਸ ਨੇ ਅਰੋਰਾ ਦੇ ਇੱਕ ਘਰ ਵਿੱਚ ਚੱਲ ਰਹੀਆਂ ਸ਼ੱਕੀ ਗਤੀਵਿਧੀਆਂ ਦੀ ਰਿਪੋਰਟ ਮਿਲਣ ਤੋਂ ਬਾਅਦ ਸਤੰਬਰ ਵਿੱਚ ਜਾਂਚ ਸੁæਰੂ ਕੀਤੀ ਸੀ। ਇਸ ਤੋਂ ਕੁੱਝ ਦੇਰ ਬਾਅਦ ਹੀ ਉਨ੍ਹਾਂ ਨੇ ਇੱਕ ਸ਼ੱਕੀ ਵਿਅਕਤੀ ਦੀ ਪਛਾਣ ਕਰ ਲਈ। ਇਹ ਵੀ ਪਾਇਆ ਗਿਆ ਕਿ ਜੀਟੀਏ ਵਿੱਚ ਉਹ ਵਿਅਕਤੀ ਗੈਰਕਾਨੂੰਨੀ ਤੌਰ ਉੱਤੇ ਨਸ਼ੀਲੇ ਪਦਾਰਥ ਵੇਚਣ ਦਾ ਕੰਮ ਕਰ ਰਿਹਾ ਸੀ।
9 ਫਰਵਰੀ ਨੂੰ ਵਾਲਟਨ ਡਰੇਲ ਉੱਤੇ ਸਥਿਤ ਉਸ ਵਿਅਕਤੀ ਦੀ ਰਿਹਾਇਸ਼ ਤੇ ਮਿਸੀਸਾਗਾ ਵਿੱਚ ਇੱਕ ਸਟੋਰੇਜ ਯੂਨਿਟ ਦੀ ਤਲਾਸ਼ੀ ਲੈਣ ਤੋਂ ਬਾਅਦ ਸਬੰਧਤ ਵਿਅਕਤੀ ਨੂੰ ਗ੍ਰਿਫਤਾਰ ਕਰ ਲਿਆ ਗਿਆ। ਉਸ ਕੋਲੋਂ ਦੋ ਕਿੱਲੋ ਕੋਕੀਨ ਤੇ 100,000 ਡਾਲਰ ਤੋਂ ਵੱਧ ਦੀ ਨਕਦੀ ਮਿਲੀ ਹੈ। ਇਸ ਤੋਂ ਇਲਾਵਾ ਜਾਂਚਕਾਰਾਂ ਨੂੰ ਉਸ ਕੋਲੋਂ 60 ਗ੍ਰਾਮ ਮੈਥਾਮਫੈਟਾਮਾਈਨ ਤੇ 100 ਰੌਂਦ ਵੀ ਮਿਲੇ ਹਨ। ਇਹ ਜਾਣਕਾਰੀ ਪੁਲਿਸ ਨੇ ਨਿਊਜ਼ ਰਲੀਜ਼ ਵਿੱਚ ਦਿੱਤੀ।
30 ਸਾਲਾ ਮੈਥਿਊ ਵਾਵਰੀਕਿਵਿਸਜ਼ ਖਿਲਾਫ 11 ਮਾਮਲੇ ਦਰਜ ਕੀਤੇ ਗਏ ਹਨ, ਜਿਨ੍ਹਾਂ ਵਿੱਚੋਂ ਕੋਕੀਨ ਰੱਖਣ ਤੇ ਉਸ ਦੀ ਸਮਗਲਿੰਗ ਕਰਨ ਦੇ ਤਿੰਨ ਮਾਮਲੇ, ਸਮਗਲਿੰਗ ਕਰਨ ਦੇ ਇਰਾਦੇ ਨਾਲ ਮੈਥਾਮਫੈਟਾਮਾਈਨ ਆਪਣੇ ਕੋਲ ਰੱਖਣ, ਅਸਲੇ ਨੂੰ ਅਣਗਹਿਲੀ ਨਾਲ ਰੱਖਣ, ਜੁਰਮ ਦੇ ਰਾਹ ਉੱਤੇ ਚੱਲ ਕੇ 5,000 ਡਾਲਰ ਤੋਂ ਵੱਧ ਦੀ ਬਣਾਈ ਗਈ ਜਾਇਦਾਦ ਤੇ ਪਛਾਣ ਲੁਕਾਉਣ ਸਬੰਧੀ ਪੰਜ ਮਾਮਲੇ ਬਣਦੇ ਹਨ। ਉਸ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਹੈ ਤੇ 14 ਮਾਰਚ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।