ਦੋਹੇ

-ਨਵਰਾਹੀ ਘੁਗਿਆਣਵੀ

ਕਾਂ ਪਏ ਗੰਦ ਫਰੋਲਦੇ, ਮੋਤੀ ਚੁਗਦੇ ਹੰਸ।
ਦਸਮ ਪਿਤਾ ਨੇ ਧਰਮ ਲਈ, ਵਾਰ ਦਿੱਤਾ ਸਰਬੰਸ।

ਗੱਲਾਂ ਕਰਨ ਸੁਖਾਲੀਆਂ, ਦੁਰਲੱਭ ਹੈ ਕਰਤੂਤ!
ਕਿੱਥੇ ਕੁਕੜੀ ਅੱਕ ਦੀ, ਕਿੱਥੇ ਮਧੁਰ ਸ਼ਤੂਤ!

ਕੂੜ ਮਲੰਮਾ ਲਿਸ਼ਕਦਾ, ਝਲਕ ਸੁਨਹਿਰੀ ਗਾਇਬ।
ਡਾਕੂ ਹੋਏ ਚੌਧਰੀ, ਚੋਰ ਲੁਟੇਰੇ ਨਾਇਬ।

ਕੁੱਲ ਵਿਕਾਊ ਹੋ ਗਏ, ਕੋਈ ਨਾ ਫੜਦਾ ਬਾਂਹ।
ਬਹਿ ਲਾਸ਼ਾਂ ਦੇ ਢੇਰ ‘ਤੇ, ਚੜ੍ਹਦੇ ਜਾਣ ਉਤਾਂਹ।

ਇਕ ਪਾਸੇ ਬੇਜ਼ਰ ਗਰੀਬ, ਦੂਜੀ ਤਰਫ ਅਮੀਰ।
ਅੱਜ ਕਿਉਂਕਰ ਇਨਸਾਨ ਦਾ, ਸੌਂਦਾ ਜਾਏ ਜ਼ਮੀਰ।

ਇਕ ਪਾਸੇ ਸੁਕਰਾਤ ਹੈ, ਦੂਜੀ ਤਰਫ ਜੱਲਾਦ।
ਤੇਗ ਬਹਾਦਰ ਨਾਲ ਹੈ, ਔਰੰਗ ਦਾ ਸੰਵਾਦ।

ਬੜੀ ਗੰਭੀਰ ਸਮੱਸਿਆ, ਨਿਰਣਾ ਅਤਿ ਮੁਹਾਲ।
ਇਹ ਚਾਤੁਰ, ਖੁਦਗਰਜ਼ ਲੋਕ, ਕਰਦੇ ਨਹੀਂ ਖਿਆਲ।

ਗੁੰਝਲਦਾਰ ਅੜਾਉਣੀ, ਕੋਈ ਨਾ ਕਰਦਾ ਹੱਲ।
ਐਵੇਂ ਸੁੱਟ ਨਾ ਪਾਵਨੀ, ਮੇਰੀ ਸੱਚੀ ਗੱਲ।

ਆਓ, ਹੰਭਲਾ ਮਾਰੀਏ, ਰਲ ਕੇ ਸਾਰੇ ਲੋਕ।
ਨਰਕ, ਸੁਰਗ ਸਭ ਇਸ ਜਗ੍ਹਾ, ਕੋਈ ਨਹੀਂ ਪਰਲੋਕ।

ਤਰਕ ਵਿਹੂਣੇ ਆਦਮੀ, ਰਹਿ ਜਾਂਦੇ ਵਿਚਕਾਰ।
‘ਨਵਰਾਹੀ’ ਏਸੇ ਲਈ, ਮੱਚੀ ਹਾਹਾਕਾਰ।