ਦੋਹੇ

-ਨਵਰਾਹੀ ਘੁਗਿਆਣਵੀ
ਹੰਸ ਝੀਲ ‘ਚੋਂ ਮੋਤੀ ਚੁਗਦੇ, ਗੰਦ ਢੂੰਡਦੇ ਕਾਂ।
ਮੂਰਖ ਹਰ ਦਮ ਕਰਦੇ ਰਹਿੰਦੇ, ਬੇਲੋੜੀ ਬਾਂ-ਬਾਂ।

ਇਹ ਧਰਤੀ ਅੰਬਰ ਦੀ ਜਾਈ, ਅਤਿ ਸੁੰਦਰ ਰਮਣੀਕ।
ਸਰਬ ਕਲਾ ਸਮਰੱਥ ਸੁਆਮੀ, ਨਾ ਕੋਈ ਜਿਦ੍ਹਾ ਸ਼ਰੀਕ।

ਧਨੀਆਂ ਨੇ ਹਰ ਸ਼ੋਅਬੇ ਅੰਦਰ, ਅੰਨ੍ਹੀ ਲੁੱਟ ਮਚਾਈ।
ਭਾਈ ਭਤੀਜਾਵਾਦ ਅਨੋਖਾ, ਹਰ ਕੁਰਸੀ ਹਥਿਆਈ।

ਲੋਕੀਂ ਧਾਹਾਂ ਫਿਰਨ ਮਾਰਦੇ, ਵਾਤ ਨਾ ਪੁੱਛਦਾ ਕੋਈ।
ਮੱਕਾਰੀ ਦੇ ਬੁਰਕੇ ਹੇਠਾਂ, ਅਸਲੀ ਸ਼ਕਲ ਲੁਕੋਈ।

ਅੰਨ੍ਹੇ ਬੋਲੇ ਆਗੂ ਹੋ ਗਏ, ਨਹੀਂ ਉਨ੍ਹਾਂ ਨੂੰ ਦਿਸਦਾ।
ਬੇਦਰਦੀ ਦੀ ਚੱਕੀ ਅੰਦਰ, ਗਿੱਲਾ ਸੁੱਕਾ ਪਿਸਦਾ।

ਚੋਣਾਂ ਅੰਦਰ ਹੇਰਾ-ਫੇਰੀ, ਜਾਤ-ਪਾਤ ਦਾ ਰੌਲਾ।
ਵੋਟਾਂ ਵੇਲੇ ਕੱਛਣ ਲੀਡਰ, ਹਰ ਕੋਨਾ ਹਰ ਕੌਲਾ।

ਗੱਦੀ ਉਤੇ ਬੈਠਦਿਆਂ ਹੀ ਭੁੱਲ ਜਾਂਦੇ ਸਭ ਵਾਅਦੇ।
ਗਿਰਗਿਟ ਵਾਂਗੂੰ ਰੰਗ ਬਦਲਦੇ, ਹਨ ਇਹ ਲੀਡਰ ਕਾਹਦੇ?

ਸੜਕ ਬਣਾ ਕੇ ਤਿੜ ਕੇ ਦੱਸਣ, ਕੀਤੀ ਅਸੀਂ ਤਰੱਕੀ।
ਦੂਜੇ ਨੂੰ ਕੀ ਦੇ ਸਕਦੇ ਹਨ, ਸੋਚ ਜਿਨ੍ਹਾਂ ਦੀ ਸ਼ੱਕੀ।

ਕਿਰਤੀ ਲੋਕ ਨਾ Ḕਕੱਠੇ ਹੁੰਦੇ, ਤਾਂ ਹੀ ਜਰਨ ਤਸੀਹੇ।
ਵਰ੍ਹਦੀ ਹੋਈ ਬਰਸਾਤੇ ਵਿੱਚ ਵੀ, ਲੋਚਣ ਬੂੰਦ ਪਪੀਹੇ।

ਇਕ ਪਾਸੇ ਹਨ ਰੰਕ ਵਿਚਾਰੇ, ਇਕ ਪਾਸੇ ਹਨ ਰਾਜੇ।
ਇਹ ਰਾਜੇ ਮਿਲਣਾ ਨਹੀਂ ਚਾਹੁੰਦੇ, ਬੰਦ ਰੱਖਣ ਦਰਵਾਜ਼ੇ।

ਲੋੜ ਸਮੇਂ ਦੀ, ਜਾਗੋ ਲੋਕੋ, ਅਣਖ ਨਾਲ ਜੇ ਜੀਣਾ,
ਪਹਿਲਾਂ ਸਿਰ ਕਟਵਾਉਣਾ ਪਏਗਾ, ਜੇ ਅੰਮ੍ਰਿਤ ਪੀਣਾ।

ਇਕਜੁੱਟ ਹੋ ਕੇ ਹੰਭਲਾ ਮਾਰੋ, ਤੋੜ ਦਿਉ ਜ਼ੰਜੀਰਾਂ।
ਸਾਹਿਬ ਨੇ ਸਮਰੱਥਾ ਬਖਸ਼ੀ, ਬਦਲ ਦਿਉ ਤਕਦੀਰਾਂ।

‘ਨਵਰਾਹੀḔ ਇਤਿਹਾਸ ਅਸਾਡਾ, ਗੌਰਵਸ਼ੀਲ ਸੁਹਾਣਾ।
ਜਿਸ ਦੇ ਉਤੇ ਮਾਣ ਹੈ ਸਾਨੂੰ, ਹੈ ਜੋ ਬੜਾ ਪੁਰਾਣਾ।