ਦੋਸ਼ਾਂ ਕਾਰਨ ਭੜਕ ਕੇ ਨਵਾਜ਼ ਸ਼ਰੀਫ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ ਦੇ ਮੁਖੀ ਨੂੰ ਪੈ ਨਿਕਲਿਆ

* ਸਬੂਤ ਪੇਸ਼ ਕਰਨ ਜਾਂ ਅਸਤੀਫਾ ਦੇਣ ਦੀ ਮੰਗ ਕਰ ਦਿੱਤੀ
ਇਸਲਾਮਾਬਾਦ, 10 ਮਈ, (ਪੋਸਟ ਬਿਊਰੋ)- ਆਪਣੇ ਉੱਤੇ ਲਾਏ ਗਏ ਮਨੀ ਲਾਂਡਿਰੰਗ ਦੇ ਦੋਸ਼ਾਂ ਕਾਰਨ ਪਾਕਿਸਤਾਨ ਦੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ ਨੈਸ਼ਨਲ ਅਕਾਊਂਟੇਬਿਲਟੀ ਬਿਊਰੋ ਦੇ ਚੇਅਰਮੈਨ ਜਸਟਿਸ ਜਾਵੇਦ ਇਕਬਾਲ ਨੂੰ ਸਿੱਧੀ ਚੁਣੌਤੀ ਦੇ ਦਿੱਤੀ ਹੈ। ਨਵਾਜ਼ ਸ਼ਰੀਫ ਨੇ ਆਪਣੇ ਉੱਤੇ ਲੱਗੇ ਦੋਸ਼ਾਂ ਵਾਸਤੇ ਉਨ੍ਹਾਂ ਨੂੰ 24 ਘੰਟਿਆਂ ਵਿੱਚ ਸਬੂਤ ਪੇਸ਼ ਕਰਨ ਨੂੰ ਕਿਹਾ ਹੈ। ਸ਼ਰੀਫ ਨੇ ਕਿਹਾ ਕਿ ਐੱਨ ਏ ਬੀ ਦਾ ਚੇਅਰਮੈਨ ਮੇਰੇ ਖਿਲਾਫ ਸਾਰੇ ਸਬੂਤ 24 ਘੰਟਿਆਂ ਵਿੱਚ ਪੇਸ਼ ਕਰੇ ਜਾਂ ਅਸਤੀਫਾ ਦੇ ਦੇਵੇ। ਇਸ ਨਾਲ ਉਨ੍ਹਾਂ ਕਿਹਾ ਕਿ ਐੱਨ ਏ ਬੀ ਦਾ ਚੇਅਰਮੈਨ ਸਬੂਤ ਪੇਸ਼ ਕਰਨ ਤੋਂ ਅਸਫਲ ਹੋਇਆ ਤਾਂ ਉਸ ਨੂੰ ਪੂਰੇ ਦੇਸ਼ ਤੋਂ ਮੁਆਫੀ ਮੰਗਣ ਦੇ ਨਾਲ ਅਸਤੀਫਾ ਦੇ ਦੇਣਾ ਚਾਹੀਦਾ ਹੈ। ਇਹ ਗੱਲਾਂ ਨਵਾਜ਼ ਸ਼ਰੀਫ ਨੇ ਅੱਜ ਇਸਲਾਮਾਬਾਦ ਵਿੱਚ ਇਕ ਐਮਰਜੰਸੀ ਪ੍ਰੈਸ ਕਾਨਫਰੰਸ ਦੌਰਾਨ ਕਹੀਆਂ ਹਨ।
ਵਰਨਣ ਯੋਗ ਕਿ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਉੱਤੇ ਭਾਰਤ ਵਿੱਚ ਕਰੋੜਾਂ ਰੁਪਏ ਦਾ ਕਾਲਾ ਧਨ ਜਮ੍ਹਾਂ ਕਰਨ ਦਾ ਦੋਸ਼ ਲੱਗਾ ਹੈ। ਜਿਓ ਨਿਊਜ਼ ਦੀ ਰਿਪੋਰਟ ਦੇ ਮੁਤਾਬਕ ਪਾਕਿਸਤਾਨ ਦੇ ਨੈਸ਼ਨਲ ਅਕਾਊਂਟੇਬਿਲਟੀ ਬਿਊਰੋ (ਐੱਨ ਏ ਬੀ) ਨੇ ਇਕ ਸਥਾਨਕ ਮੀਡੀਆ ਰਿਪੋਰਟ ਦਾ ਨੋਟਿਸ ਲੈਂਦੇ ਹੋਏ ਪੂਰੇ ਕੇਸ ਦੀ ਜਾਂਚ ਲਈ ਕਿਹਾ ਹੈ। ਵਰਲਡ ਬੈਂਕ ਨੇ ਬਤਿੇ ਮੰਗਲਵਾਰ ਇਕ ਬਿਆਨ ਜਾਰੀ ਕਰ ਕਿਹਾ ਸੀ ਕਿ ਨਵਾਜ਼ ਸ਼ਰੀਫ ਦੇ ਭਾਰਤ ਨੂੰ ਗੈਰ-ਕਾਨੂੰਨੀ ਢੰਗ ਨਾਲ ਪੈਸੇ ਜਮ੍ਹਾਂ ਕਰਨ ਦੇ ਦੋਸ਼ਾਂ ਸੰਬੰਧੀ ਰਿਪੋਰਟ ਗਲਤ ਹੈ। ਨਵਾਜ਼ ਸ਼ਰੀਫ ਨੇ ਐੱਨ ਏ ਬੀ ਦੇ ਅਸਤੀਫੇ ਦੀ ਮੰਗ ਇਸ ਲਈ ਕੀਤੀ ਕਿ ਗਲਤ ਮੀਡੀਆ ਰਿਪੋਰਟ ਉੱਤੇ ਉਨ੍ਹਾਂ ਦੇ ਖਿਲਾਫ ਜਾਂਚ ਖੋਲ੍ਹ ਦਿੱਤੀ ਸੀ। ਇਨ੍ਹਾਂ ਰਿਪੋਰਟਾਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਸ਼ਰੀਫ ਨੇ ਸਾਲ 2016 ਵਿੱਚ ਮਨੀ ਲਾਂਡਰਿੰਗ ਲਈ 4.9 ਅਰਬ ਡਾਲਰ ਭਾਰਤ ਭੇਜੇ ਸਨ। ਐੱਨ ਏ ਬੀ ਨੇ ਮੰਗਲਵਾਰ ਨੂੰ ਇਸੇ ਰਿਪੋਰਟ ਉੱਤੇ ਨਵਾਜ਼ ਸ਼ਰੀਫ ਦੇ ਖਿਲਾਫ ਇੱਕ ਹੋਰ ਜਾਂਚ ਦਾ ਐਲਾਨ ਕੀਤਾ ਸੀ। ਨਵਾਜ਼ ਸ਼ਰੀਫ ਨੇ ਪ੍ਰੈੱਸ ਕਾਨਫਰੰਸ ਵਿੱਚ ਐੱਨ ਏ ਬੀ ਦੇ ਮੁਖੀ ਜਸਟਿਸ ਜਾਵੇਦ ਇਕਬਾਲ ਦੀ ਬਾਰੇ ਕਿਹਾ ਕਿ ਮਾਮਲਾ ਜਨਤਕ ਕਰਨ ਤੋਂ ਪਹਿਲਾਂ ਉਹ ਅੰਦਰੂਨੀ ਪੱਧਰ ਉੱਤੇ ਆਪਣੇ ਤਰੀਕੇ ਨਾਲ ਰਿਪੋਰਟ ਦੀ ਜਾਂਚ ਵੀ ਨਹੀਂ ਕਰਵਾ ਸਕੇ।