ਦੋਆਬੇ ਦੀ ਸਰਕਾਰੀ ਜ਼ਮੀਨ ਤੋਂ ਗੈਰ-ਕਾਨੂੰਨੀ ਮਾਈਨਿੰਗ ਕਰ ਰਹੇ ਮਾਲਵੇ ਦੇ ਠੇਕੇਦਾਰਾਂ ਉੱਤੇ ਕੇਸ ਦਰਜ


ਸ਼ਾਹਕੋਟ, 13 ਫਰਵਰੀ (ਪੋਸਟ ਬਿਊਰੋ)- ਦੋਆਬੇ ਦੇ ਜ਼ਿਲ੍ਹਾ ਜਲੰਧਰ ਦੀ ਸ਼ਾਹਕੋਟ ਸਬ-ਡਵੀਜ਼ਨ ਵਿਚਲੇ ਪਿੰਡ ਤਾਰੇਵਾਲਾ ਅਤੇ ਬਾਊਪੁਰ ਦੀ ਸਰਕਾਰੀ ਜ਼ਮੀਨ ਵਿੱਚੋਂ ਗੈਰ ਕਾਨੂੰਨੀ ਮਾਈਨਿੰਗ ਦੇ ਦੋਸ਼ ‘ਚ ਮਾਲਵੇ ਦੇ ਠੇਕੇਦਾਰ ਕੇ ਬੀ ਐੱਸ ਕੰਟਰੈਕਟਰਜ਼ ਮਾਡਲ ਟਾਊਨ ਲੁਧਿਆਣਾ ਤੇ ਬਲਵਿੰਦਰ ਸਿੰਘ ਵਾਸੀ ਪੁਰੀ ਕਲੋਨੀ ਫਰੀਦਕੋਟ ਦੇ ਖਿਲਾਫ ਸਥਾਨਕ ਲੋਕਾਂ ਵੱਲੋਂ ਕੇਸ ਦਰਜ ਕਰਵਾਇਆ ਗਿਆ ਹੈ।
ਕੱਲ੍ਹ ਰਾਤ ਐੱਸ ਐੱਚ ਓ ਪਰਮਿੰਦਰ ਸਿੰਘ ਬਾਜਵਾ ਨੇ ਦੱਸਿਆ ਕਿ ਸਤਲੁਜ ਦਰਿਆ ਕੰਢੇ ਵੱਸਦੇ ਲੋਕਾਂ ਨੇ ਸੱਤ ਫਰਵਰੀ ਨੂੰ ਡਿਪਟੀ ਕਮਿਸ਼ਨਰ ਜਲੰਧਰ ਨੂੰ ਗੈਰ ਕਾਨੂੰਨੀ ਮਾਈਨਿੰਗ ਦੀ ਇੱਕ ਸ਼ਿਕਾਇਤ ਕੀਤੀ ਸੀ ਕਿ ਕੇ ਬੀ ਐੱਸ ਕੰਟਰੈਕਟਰ ਮਾਡਲ ਟਾਊਨ ਲੁਧਿਆਣਾ ਅਤੇ ਬਲਵਿੰਦਰ ਸਿੰਘ ਵਾਸੀ ਪੁਰੀ ਕਲੋਨੀਫਰੀਦਕੋਟ ਨੂੰ ਇੱਕ ਮਾਲਵਾ ਜ਼ਿਲ੍ਹਾ ਮੋਗਾ ਦੇ ਪਿੰਡ ਚੱਕ ਤਾਰੇਵਾਲਾ ਵਿਖੇ ਇੱਕ ਖੱਡ ਵਿੱਚੋਂ ਰੇਤਾ ਚੁੱਕਣ ਲਈ ਬੋਲੀ ਅਤੇ ਖੱਡਾਂ ਮਨਜ਼ੂਰ ਹੋਈਆਂ ਹਨ, ਪਰ ਉਕਤ ਠੇਕੇਦਾਰ ਦੋਆਬਾ ਇਲਾਕੇ ਵਿੱਚੋਂ ਰੇਤ ਦੀ ਨਿਕਾਸੀ ਕਰ ਰਹੇ ਹਨ। ਸ਼ਿਕਾਇਤ ਮਿਲਣ ‘ਤੇ ਕਾਰਵਾਈ ਕਰਦੇ ਹੋਏ ਡਿਪਟੀ ਕਮਿਸ਼ਨਰ ਜਲੰਧਰ ਨੇ ਹੁਕਮ ਦਿੱਤੇ ਸਨ। ਮਾਲ ਵਿਭਾਗ ਸ਼ਾਹਕੋਟ ਦੇ ਕਾਨੂੰਨਗੋ ਮਨਜੀਤ ਸਿੰਘ ਅਤੇ ਹਲਕਾ ਪਟਵਾਰੀ ਗੁਰਦੀਪ ਸਿੰਘ ਨੇ ਏ ਐੱਸ ਆਈ ਲਾਭ ਸਿੰਘ ਅਤੇ ਸ਼ਿਕਾਇਤ ਕਰਤਾਵਾਂ ਦੀ ਹਾਜ਼ਰੀ ਵਿੱਚ ਨਿਸ਼ਾਨਦੇਹੀ ਕੀਤੀ ਤਾਂ ਜ਼ਿਲ੍ਹਾ ਜਲੰਧਰ ਦੀ ਕਰੀਬ 33 ਕਨਾਲ ਸਰਕਾਰੀ ਜ਼ਮੀਨ ਨਿਕਲੀ, ਜਿਸ ਵਿੱਚੋਂ ਉਨ੍ਹਾਂ ਠੇਕੇਦਾਰਾਂ ਨੇ ਮਾਲਵਾ ਦੇ ਪਿੰਡ ਚੱਕ ਤਾਰੇਵਾਲਾ ਦੀ ਖੱਡ ਵਿੱਚ ਗੈਰ-ਕਾਨੂੰਨੀ ਨਿਕਾਸੀ ਕੀਤੀ ਸੀ। ਇਸ ਤੋਂ ਇਲਾਵਾ ਪਿੰਡ ਬਾਊਪੁਰ ਦਾ ਰਕਬੇ ਦੀ ਜ਼ਮੀਨ ਵਿੱਚੋਂ ਗੈਰ ਕਾਨੂੰਨੀ ਨਿਕਾਸੀ ਦੀ ਰਿਪੋਰਟ ਉਚ ਅਧਿਕਾਰੀਆਂ ਨੂੰ ਭੇਜ ਦਿੱਤੀ ਗਈ ਹੈ। ਕੱਲ੍ਹ ਸ਼ਾਮ ਮਾਈਨਿੰਗ ਅਫਸਰ ਨਰਿੰਦਰਪਾਲ ਬੀ ਐੱਲ ਈ ਓ ਜ਼ਿਲ੍ਹਾ ਉਦਯੋਗ ਕੇਂਦਰ ਜਲੰਧਰ ਦੀ ਸ਼ਿਕਾਇਤ ‘ਤੇ ਸਥਾਨਕ ਪੁਲਸ ਨੇ ਗੈਰ-ਕਾਨੂੰਨੀ ਢੰਗ ਨਾਲ ਰੇਤ ਦੀ ਨਿਕਾਸੀ ਅਤੇ ਚੋਰੀ ਕਰਨ ਦੇ ਦੋਸ਼ ਅਧੀਨ ਕੇ ਬੀ ਐਸ ਕੰਟਰੈਕਟਰ ਮਾਡਲ ਟਾਊਨ ਲੁਧਿਆਣਾ ਅਤੇ ਬਲਵਿੰਦਰ ਸਿੰਘ ਵਾਸੀ ਪੁਰੀ ਕਲੋਨੀ ਫਰੀਦਕੋਟ ਵਿਰੁੱਧ ਮਾਈਨਿੰਗ ਅਤੇ ਮਿਨਰਲ ਐਕਟ ਦਾ ਕੇਸ ਦਰਜ ਕਰ ਕੇ ਪੜਤਾਲ ਸ਼ੁਰੂ ਕਰ ਦਿੱਤੀ ਹੈ।