ਦੇਸ਼ ਵਿੱਚ ਫੈਲ ਰਹੇ ਡੇਰਾਵਾਦ ਨੂੰ ਰੋਕਣ ਦੀ ਲੋੜ

dera in india
-ਹਰਪਾਲ ਸਿੰਘ ਚੀਕਾ
ਹਰਿਆਣਾ ਵਿੱਚ 25 ਅਗਸਤ 2017 ਨੂੰ ਵਾਪਰੀ ਡੇਰਾ ਮੁਖੀ ਨਾਲ ਸੰਬੰਧਤ ਘਟਨਾ ਨੇ ਸਾਰੀ ਦੁਨੀਆ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ। ਸੋਚਣ ਵਾਲੀ ਗੱਲ ਇਹ ਹੈ ਕਿ ਸਾਰੀ ਦੁਨੀਆ ‘ਚੋਂ ਸਿਰਫ ਹਿੰਦੋਸਤਾਨ ਵਿੱਚ ਹੀ ਡੇਰਾਵਾਦ ਕਿਉਂ ਫੈਲ ਰਿਹਾ ਹੈ? ਇਹ ਕਦੋਂ ਅਤੇ ਕਿਸ ਨੀਤੀ ਨਾਲ ਸ਼ੁਰੂ ਹੋਇਆ? ਕਿਉ ਸਾਰੇ ਭਾਰਤਵਾਸੀ ਇੱਕ ਮਿੱਥਕ ‘ਸਵਰਗ’ ਵਿੱਚ ਜਾ ਕੇ ਵੱਸਣਾ ਚਾਹੁੰਦੇ ਹਨ? ਕੀ ਬਾਕੀ ਸਾਰੇ ਸੰਸਾਰ ਦੀ ਵਸੋਂ ਨਰਕ ਵਿੱਚ ਜਾਵੇਗੀ?
ਨਹੀਂ, ਮਰਨ ਤੋਂ ਬਾਅਦ ਕੋਈ ਸਵਰਗ ਜਾਂ ਨਰਕ ਹੈ ਹੀ ਨਹੀਂ। ਨਾ ਅੱਜ ਤੱਕ ਕਿਸੇ ਦੇਵੀ-ਦੇਵਤੇ, ਗੁਰੂ ਜਾਂ ਪੀਰ-ਫਕੀਰ, ਔਲੀਏ ਨੇ ਇਥੇ ਵਾਪਸ ਆ ਕੇ ਦੱਸਿਆ ਹੈ ਕਿ ਕਿੰਨੇ ਹਜ਼ਾਰ ਕਿਲੋਮੀਟਰ ਦੂਰ ਸਵਰਗ ਜਾਂ ਨਰਕ ਨਾਂਅ ਦਾ ਕੋਈ ਸਥਾਨ ਹੈ। ਇਹ ਸਾਰਾ ਕੁਝ ਅੰਗਰੇਜ਼ਾਂ ਦੇ ਭਾਰਤ ਵਿੱਚ ਦਾਖਲ ਹੋਣ ਤੋਂ ਬਾਅਦ ਸ਼ੁਰੂ ਹੋਇਆ। ਲੰਬਾ ਸਮਾਂ 800 ਸਾਲ ਮੁਗਲਾਂ ਰਾਜ ਵਿੱਚ ਭਾਰਤ ਵਾਸੀ ਆਪਣੀ ਮਾਨਸਿਕ ਤੇ ਸਵੈਮਾਣ ਦੀ ਸ਼ਕਤੀ ਨੂੰ ਭੁੱਲ ਬੈਠੇ ਸਨ। ਇਸ ਦਾ ਲਾਭ ਅੰਗਰੇਜ਼ਾਂ ਨੇ ਖੂਬ ਉਠਾਇਆ ਅਤੇ ਦੇਹਧਾਰੀ ਗੁਰੂ ਪਰੰਪਰਾ ਨੂੰ ਉਤਸ਼ਾਹਤ ਕੀਤਾ, ਜਦ ਕਿ ਦੁਨੀਆ ਦੇ ਸਭ ਤੋਂ ਪੁਰਾਤਨ ਸਨਾਤਨ ਧਰਮ, ਬੁੱਧ, ਜੈਨ, ਇਸਲਾਮ, ਈਸਾਈ ਤੇ ਸਿੱਖ ਧਰਮ ਵਿੱਚ ਦੇਹਧਾਰੀ ਗੁਰੂ ਦੀ ਪਰੰਪਰਾ ਹੀ ਨਹੀਂ ਹੈ। ਇਨ੍ਹਾਂ ਧਰਮਾਂ ਦੇ ਮੋਢੀ ਮਹਾਪੁਰਸ਼ਾਂ ਦਾ ਗਿਆਨ ਹੀ ਪਵਿੱਤਰ ਗਰੰਥਾਂ ਦੇ ਸਵਰੂਪ ਵਿੱਚ ਸ਼ਬਦ ਗੁਰੂ ਦੀ ਪਰਿਭਾਸ਼ਾ ਨੂੰ ਰੂਪਮਾਨ ਕਰਦਾ ਹੋਇਆ ਅੱਜ ਵੀ ਸਾਡੀ ਅਗਵਾਈ ਕਰ ਰਿਹਾ ਹੈ।
ਅਸੀਂ ਸਾਰੇ ਧਰਮਾਂ ਵਾਲੇ ਆਪਣਾ ਮੂਲ ਭੁੱਲ ਕੇ ਇਸ ਤਰ੍ਹਾਂ ਦੇ ਅਨੇਕਾਂ ਡੇਰੇਦਾਰਾਂ ਪਾਸੋਂ ਆਪਣੀਆਂ ਆਰਥਿਕ ਤੰਗੀਆਂ ਅਤੇ ਸਰੀਰਕ ਬਿਮਾਰੀਆਂ, ਰਾਤੋ-ਰਾਤ ਬਗੈਰ ਕੋਈ ਮਿਹਨਤ ਕੀਤਿਆਂ, ਬਿਨਾਂ ਇਲਾਜ ਕਰਵਾਏ ਕਿਸੇ ਦੇਹਧਾਰੀ ਗੁਰੂ ਦੇ ਚਮਤਕਾਰੀ ਵਰ ਨਾਲ ਹੀ ਅਮੀਰ ਬਣਨਾ ਤੇ ਤੰਦਰੁਸਤ ਹੋਣਾ ਚਾਹੰੁਦੇ ਹਾਂ। ਅਸੀਂ ਬਗੈਰ ਪੜ੍ਹਿਆਂ ਵਿਦਵਾਨ ਬਣਨਾ ਚਾਹੁੰਦੇ ਹਾਂ। ਇਨ੍ਹਾਂ ਸਾਧਾਂ-ਸੰਤਾਂ ਕੋਲ ਦੇਣ ਨੂੰ ਕੁਝ ਵੀ ਨਹੀਂ, ਸਗੋਂ ਸਾਡੇ ਧਰਮ ਗ੍ਰੰਥਾਂ ਦੀ ਹੀ ਕਥਾ ਕਰ ਕੇ ਸੁਣਾਉਂਦੇ ਹਨ। ਉਸ ਵਿੱਚੋਂ ਗੁਰੂ-ਮੰਤਰ ਦਿੰਦੇ ਹਨ। ਉਸੇ ਦੀ ਸਿੱਧੀ ਕਰਨ ਨੂੰ ਕਹਿੰਦੇ ਹਨ। ਜੇ ਇਸ ਤਰ੍ਹਾਂ ਹੀ ਹੋਣਾ ਸੀ ਤਾਂ ਫਿਰ ਸਿਮਰਤੀਆਂ, ਗੀਤਾ, ਰਮਾਇਣ, ਅੰਜੀਲ, ਕੁਰਾਨ, ਬਾਈਬਲ ਅਤੇ ਗੁਰੂ ਗ੍ਰੰਥ ਸਾਹਿਬ ਆਦਿ ਦੇ ਰਚਣਹਾਰੇ ਇੱਕ ਦੋ ਲਾਈਨਾਂ ਦੇ ਮੰਤਰ ਰਚ ਦਿੰਦੇ ਤਾਂ ਕਾਫੀ ਸਨ।
ਇਸ ਤਰ੍ਹਾਂ ਇਨ੍ਹਾਂ ਡੇਰੇਦਾਰਾਂ ਦੀ ਹੈਸੀਅਤ, ਚਾਹੇ ਉਹ ਕਿਸੇ ਵੀ ਧਰਮ ਦੇ ਹੋਣ, ਇੱਕ ਕਥਾ ਵਾਚਕ ਤੋਂ ਵੱਧ ਕੁਝ ਨਹੀਂ, ਪਰ ਇਹ ਲੋਕ ਸਾਡੀਆਂ ਮਾਨਸਿਕ ਕਮਜ਼ੋਰੀਆਂ ਤੇ ਆਰਥਿਕ ਮਜਬੂਰੀਆਂ ਦਾ ਫਾਇਦਾ ਉਠਾਉਂਦੇ ਹਨ। ਸਾਨੂੰ ਜਮਦੂਤਾਂ ਵੱਲੋਂ ਨਰਕਾਂ ਵਿੱਚ ਸੁੱਟੇ ਜਾਣ ਦਾ ਡਰ ਦਿਖਾ ਕੇ ਸਵਰਗਾਂ ਵਿੱਚ ਜਾ ਬਿਰਾਜਣ ਦਾ ਲਾਲਚ ਦੇ ਕੇ ਆਪ ਅਰਬਾਂ-ਖਰਬਾਂਪਤੀ ਬਣ ਗਏ ਤੇ ਅਸੀਂ ਉਨ੍ਹਾਂ ਦੇ ਭਗਤ ਉਸੇ ਹੀ ਗਰੀਬੀ ਦੀ ਦਲਦਲ ਵਿੱਚ ਫਸੇ ਰਹੇ। ਜੇ ਵੇਖਿਆ ਜਾਵੇ ਕਿ ਸਾਰੇ ਦੇਸ਼ ਵਿੱਚ ਇਹ ਜਿੰਨੇ ਵੀ ਰੱਬ ਦੇ ਦੂਤ ਸਾਨੂੰ ‘ਸਵਰਗ ਦਾ ਵੀਜ਼ਾ’ ਲਵਾ ਕੇ ਦਿੰਦੇ ਹਨ, ਅੱਜ ਆਪ ਕੀਤੇ ਕੁਕਰਮਾਂ ਕਰ ਕੇ ਜੇਲ੍ਹਾਂ ਵਿੱਚ ਨਰਕ ਭੋਗ ਰਹੇ ਹਨ। ਇਨ੍ਹਾਂ ਸਾਰਿਆਂ ਦੇ ਜੇਲ੍ਹਾਂ ਵਿੱਚ ਜਾਣ ਦਾ ਕਾਰਨ ਇਨ੍ਹਾਂ ਦੇ ਕੀਤੇ ਅਨੈਤਿਕ ਅਤੇ ਗੈਰ ਕਾਨੂੰਨੀ ਕੰਮ ਹੀ ਹਨ, ਨਾ ਕਿ ਕਿਸੇ ਤਰ੍ਹਾਂ ਦੀ ਦੇਸ਼ਭਗਤੀ। ਸਾਰੇ ਰਾਜ ਨੇਤਾਵਾਂ ਦੀ ਵੀ ਇੱਕ ਕਮਜ਼ੋਰੀ ਹੈ, ਜਿਹੜੇ ਲੋਕਾਂ ਜਾਂ ਦੇਸ਼ ਦੀ ਸੇਵਾ ਨਾ ਕਰ ਕੇ ਡੇਰਿਆਂ ਤੋਂ ਅਸ਼ੀਰਵਾਦ ਲੈ ਕੇ ਉਥੇ ਜਾਂਦੇ ਲੱਖਾਂ ਲੋਕਾਂ ਦੀ ਭੀੜ ਤੋਂ ਵੋਟਾਂ ਹਾਸਲ ਕਰਨਾ ਉਨ੍ਹਾਂ ਦਾ ਮੁੱਖ ਮਕਸਦ ਹੈ। ਇਨ੍ਹਾਂ ਦਾ ਅਜਿਹਾ ਵਰਤਾਰਾ ਸਾਨੂੰ ਫਿਰ ਤੋਂ ਗੁਲਾਮੀ ਦੀਆਂ ਜੰਜੀਰਾਂ ਵਿੱਚ ਜਕੜ ਦੇਵੇਗਾ। ਅਸੀਂ ਹੱਥੀਂ ਕਿਰਤ ਕਰਨੀ ਛੱਡਦੇ ਜਾ ਰਹੇ ਹਾਂ।
ਪਿਛਲੇ ਦਿਨੀਂ ਇਸ ਵਾਪਰੀ ਘਟਨਾ ਬਾਰੇ ਕਿਸੇ ਇੱਕ ਰਾਜ ਸਰਕਾਰ ਜਾਂ ਸਿਆਸੀ ਪਾਰਟੀ ਨੂੰ ਦੋਸ਼ੀ ਕਹਿਣਾ ਠੀਕ ਨਹੀਂ, ਦੇਸ਼ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਤੇ ਸਾਡਾ ਸਮਾਜਕ ਤੇ ਧਾਰਮਕ ਤਾਣਾ-ਬਾਣਾ ਜ਼ਿੰਮੇਵਾਰ ਹੈ। ਸ਼ਾਇਦ ਹੀ ਕੋਈ ਅਜਿਹਾ ਰਾਜਨੀਤਕ ਦਲ ਜਾਂ ਉਮੀਦਵਾਰ ਹੋਵੇ, ਜਿਸ ਨੇ ਵੋਟਾਂ ਖਾਤਰ ਇਨ੍ਹਾਂ ਡੇਰਿਆਂ ‘ਤੇ ਹਾਜ਼ਰੀ ਲਗਵਾ ਕੇ ਵੋਟ ਨਾ ਲਏ ਹੋਣ ਤੇ ਫਿਰ ਬਦਲੇ ਵਿੱਚ ਇਨ੍ਹਾਂ ਦੀ ਮਦਦ ਨਾ ਕੀਤੀ ਹੋਵੇ। ਮੁੱਕਦੀ ਗੱਲ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ‘ਮਨ ਕੀ ਬਾਤ’ ਪ੍ਰੋਗਰਾਮ ਵਿੱਚ ਕਿਹਾ ਸੀ ਕਿ ਆਸਥਾ ਦੇ ਬਹਾਨੇ ਹਿੰਸਾ ਕਰਨਾ ਬਰਦਾਸ਼ਤ ਨਹੀਂ, ਪਰ ਇਹ ਆਉਣ ਵਾਲੇ ਸਮੇਂ ਵਿੱਚ ਤਾਂ ਹੀ ਅਮਲੀ ਰੂਪ ਲਵੇਗੀ, ਜੇ ਸਾਰੇ ਭਾਰਤ ਦੇ ਡੇਰਿਆਂ ਜਾਂ ਮੱਠਾਂ ਆਦਿ ਦਾ ਰਾਸ਼ਟਰੀਕਰਨ ਕਰ ਕੇ ਸਰਕਾਰ ਉਨ੍ਹਾਂ ਦਾ ਪ੍ਰਬੰਧ ਆਪਣੇ ਹੱਥਾਂ ਵਿੱਚ ਲੈ ਲਏ।
ਇਸ ਦੀ ਮਿਸਾਲ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਵੈਸ਼ਨੋ ਦੇਵੀ ਬੋਰਡ, ਅਮਰਨਾਥ ਸ਼ਰਾਈਨ ਬੋਰਡ, ਮਨਸਾ ਦੇਵੀ, ਸ਼ੀਤਲਾ ਦੇਵੀ ਤੇ ਦੱਖਣ ਭਾਰਤ ਦੇ ਕਈ ਵੱਡੇ ਮੰਦਰਾਂ ‘ਤੇ ਸਰਕਾਰੀ ਬੋਰਡ ਬਣੇ ਹਨ, ਜੋ ਵਧੀਆ ਕੰਮ ਕਰ ਰਹੇ ਹਨ। ਉਥੇ ਹਰ ਚੀਜ਼ ਦਾ ਹਿਸਾਬ ਸਰਕਾਰੀ ਆਡਿਟ ਰਾਹੀਂ ਹੁੰਦਾ ਹੈ। ਜੇ ਕੋਈ ਫੰਡਾਂ ਵਿੱਚ ਹੇਰਾਫੇਰੀ ਕਰਦਾ ਹੈ ਤਾਂ ਉਸ ਖਿਲਾਫ ਕਾਰਵਾਈ ਹੁੰਦੀ ਹੈ। ਡੇਰਿਆਂ ਵਿੱਚ ਭੀੜ ਇਕੱਠੀ ਹੋਣ ‘ਤੇ ਵੀ ਪਾਬੰਦੀ ਹੋਣੀ ਚਾਹੀਦੀ ਹੈ ਕਿਉਂਕਿ ਡੇਰੇਦਾਰ ਆਪਣੇ ਸ਼ਰਧਾਲੂਆਂ ਦੇ ਵੱਡੇ ਇਕੱਠ ਸਤਿਸੰਗ ਦੇ ਨਾਂਅ ‘ਤੇ ਕਰ ਕੇ ਰਾਜਨੀਤਕ ਪਾਰਟੀਆਂ ਤੇ ਸਰਕਾਰਾਂ ਉੱਤੇ ਆਪਣੇ ਵੱਲੋਂ ਤਿਆਰ ਕੀਤੇ ਅਜਿਹੇ ‘ਵੋਟ ਬੈਂਕ’ ਦਾ ਦਿਖਾਵਾ ਕਰਦੇ ਹਨ ਅਤੇ ਫਿਰ ਸਿਆਸੀ ਲੋਕਾਂ ਦਾ ਆਪਣੇ ਫਾਇਦੇ ਲਈ ਅਜਿਹੇ ਸਥਾਨਾਂ ‘ਤੇ ਜਾਣਾ ਸੁਭਾਵਿਕ ਹੀ ਹੈ।