ਦੁੱਧ ਤੇ ਪਾਣੀ

-ਐਸ ਸਾਕੀ
ਘੰਟੀ ਵੱਜਣ ‘ਤੇ ਮੈਂ ਰਜਾਈ ‘ਚੋਂ ਬਾਹਰ ਨਿਕਲ ਬੂਹਾ ਖੋਲ੍ਹਿਆ। ਰਾਵਣ ਜਿਹੀਆਂ ਭਾਰੀ ਮੁੱਛਾਂ ਵਾਲਾ ਚਿਹਰਾ ਲਈ ਇਕ ਬੰਦਾ ਸਾਹਮਣੇ ਖਲੋਤਾ ਦਿਸਿਆ। ਪਹਿਲਵਾਨੀ ਸਰੀਰ। ਕੱਦ ਕੋਈ ਪੰਜ ਫੁੱਟ ਦਸ ਇੰਚ। ਮੈਂ ਅੰਦਰੋਂ ਖੇਸ ਦੀ ਬੁੱਕਲ ਮਾਰ ਬਾਹਰ ਆਇਆ ਸੀ। ਠੰਢ ਇੰਨੀ ਸੀ ਜਿਵੇਂ ਸਰੀਰ ‘ਚੋਂ ਤਿੱਖੀ ਬਰਛੀ ਆਰ ਪਾਰ ਲੰਘ ਗਈ ਹੋਵੇ, ਪਰ ਉਸ ਨੇ ਇਕੱਲਾ ਕੁੜਤਾ ਪਜਾਮਾ ਪਾਇਆ ਹੋਇਆ ਸੀ। ਕੁੜਤੇ ਦੇ ਤਿੰਨ ਬਟਨ ਖੁੱਲ੍ਹੇ। ਜਾਂ ਤਾਂ ਉਸ ਨੇ ਜਾਣ ਕੇ ਖੁੱਲ੍ਹੇ ਰੱਖੇ ਸਨ ਜਾਂ ਫਿਰ ਬਟਨ ਟੁੱਟੇ ਹੋਏ ਸਨ। ਹਨੇਰੇ ਵਿੱਚ ਕੁਝ ਠੀਕ ਤਰ੍ਹਾਂ ਦਿੱਸੇ ਨਾ। ਪਤਲੇ ਕੁੜਤੇ ਵਿੱਚੋਂ ਉਸ ਦੇ ਮੋਟੇ ਡੌਲੇ ਅਤੇ ਸਰੀਰ ਦੇ ਤਕੜੇ ਅੰਗ ਬਾਹਰ ਵੱਲ ਝਾਕਦੇ ਪ੍ਰਤੀਤ ਹੋ ਰਹੇ ਸਨ। ਉਸ ਨੇ ਸੱਜੇ ਹੱਥ ਨਾਲ ਸਾਈਕਲ ਦਾ ਮੁੱਠਾ ਫੜ ਰੱਖਿਆ ਸੀ। ਸਾਈਕਲ ਦੇ ਹੈਂਡਲ ਦੇ ਆਸੇ ਪਾਸੇ ਤੇ ਪਿੱਛੇ ਕੈਰੀਅਰ ਨਾਲ ਦੁੱਧ ਦੇ ਦੋ-ਦੋ ਡਰੰਮ ਲਮਕਾ ਰੱਖੇ ਸਨ। ਸਾਈਕਲ ਨੂੰ ਖੜਾ ਕਰਨ ਲਈ ਸਹਾਰਾ ਦੇ ਕੇ ਉਸ ਦੀ ਕਾਠੀ ਉਸ ਨੇ ਢਾਕ ਨਾਲ ਲਾ ਰੱਖੀ ਸੀ। ‘ਬਾਊ ਜੀ, ਮੇਰਾ ਨਾਂ ਪੰਡਿਤ ਗੁਪਾਲ ਦਾਸ ਹੈ। ਤੁਸੀਂ ਪਰਸੋਂ ਹੀ ਇਸ ਨਵੇਂ ਘਰ ਵਿੱਚ ਆਏ ਹੋ ਨਾ?’
ਉਸ ਦੀ ਇਸ ਗੱਲ ‘ਤੇ ਮੈਂ ਥੋੜ੍ਹਾ ਹੈਰਾਨ ਵੀ ਹੋਇਆ ਕਿ ਇਸ ਨੂੰ ਮੇਰੇ ਪਰਸੋਂ ਨਵੇਂ ਘਰ ‘ਚ ਆਉਣ ਬਾਰੇ ਕਿਵੇਂ ਪਤਾ ਲੱਗਿਆ? ਉਹਦੇ ਇਸ ਸਵਾਲ ‘ਤੇ ਬਿਨਾਂ ਬੋਲਿਆਂ ਮੈਂ ਕੇਵਲ ‘ਹਾਂ’ ਵਿੱਚ ਸਿਰ ਹਿਲਾਇਆ।
‘ਇਸ ਕਲੋਨੀ ਵਿੱਚ ਜਿਹੜਾ ਨਵਾਂ ਬੰਦਾ ਆਉਂਦਾ ਹੈ, ਉਹ ਦੁੱਧ ਮੇਰੇ ਕੋਲੋਂ ਹੀ ਲੈਂਦਾ ਹੈ।’
ਉਸ ਨੇ ਅੱਗੇ ਗੱਲ ਛੇੜੀ, ‘ਤੁਹਾਡੇ ਗੁਆਂਢੀਆਂ ਲਈ ਵੀ ਦੁੱਧ ਮੈਂ ਹੀ ਲਿਆਉਂਦਾ ਹਾਂ। ਬਾਕੀ ਆਹ ਨਾਲ ਦੇ ਤਿੰਨ ਪਲਾਟ ਛੱਡ ਕੇ ਘਰਾਂ ਦੀ ਕਤਾਰ ਹੈ। ਸਾਰੇ ਮੇਰੇ ਗਾਹਕ ਹਨ। ਦੁੱਧ ਵੇਚਣਾ ਸਾਡਾ ਖਾਨਦਾਨੀ ਪੇਸ਼ਾ ਨਹੀਂ। ਮੇਰੇ ਪਿਤਾ ਤਾਂ ਬਹੁਤ ਵੱਡੇ ਵਿਦਵਾਨ ਪੰਡਿਤ ਸਨ। ਦੂਰ-ਦੂਰ ਦੇ ਪਿੰਡਾਂ ਵਿੱਚ ਬਹੁਤਿਆਂ ਦੇ ਪਰੋਹਿਤ, ਪਰ ਮੈਂ ਉਸ ਘਰ ‘ਚ ਪਿਤਾ ਜੀ ਵਾਂਗ ਨਹੀਂ ਜੰਮਿਆ। ਸਕੂਲ ਇਕ ਦਿਨ ਵੀ ਟਿਕ ਕੇ ਨਹੀਂ ਪੜ੍ਹਿਆ। ਪਿਓ ਬਥੇਰੀਆਂ ਨਸੀਹਤਾਂ ਦਿਆ ਕਰੇ, ਪਰ ਮੈਂ ਤਾਂ ਨਿਕੰਮਾ ਹੀ ਨਿਕਲਿਆ। ਬੱਸ ਸਾਰਾ ਦਿਨ ਇਧਰ ਉਧਰ ਮੂੰਹ ਮਾਰਦਾ ਰਹਿੰਦਾ। ਫਿਰ ਇਕ ਦਿਨ ਪਿਓ ਮਰ ਗਿਆ। ਉਸ ਤੋਂ ਪਿੱਛੋਂ ਕੋਈ ਪੰਡਤਾਈ ਖਾਤਰ ਮੇਰੇ ਕੋਲ ਨਾ ਆਵੇ। ਉਂਜ ਆਏ ਵੀ ਤਾਂ ਜੇ ਮੈਨੂੰ ਪੱਤਰਾ ਵਾਚਣਾ ਆਉਂਦਾ ਹੋਵੇ, ਮੰਤਰ ਅਤੇ ਸਲੋਕਾਂ ਦਾ ਗਿਆਨ ਹੋਵੇ। ਮੇਰੇ ਲਈ ਕਾਲਾ ਅੱਖਰ ਭੈਂਸ ਬਰਾਬਰ ਸੀ। ਸਰੀਰ ਦਾ ਮੈਂ ਸ਼ੁਰੂ ਤੋਂ ਹੀ ਖੁੱਲ੍ਹਾ ਸੀ। ਪਿਓ ਨਾਲ ਲੋਕਾਂ ਦੇ ਘਰਾਂ ‘ਚ ਜਾ ਕੇ ਖੀਰ ਕੇ ਤਕੜਾ ਹੋ ਗਿਆ ਸੀ। ਪਿੰਡ ਮੇਰਾ ਇਕ ਰੁਲਦੂ ਬੇਲੀ ਰਹਿੰਦਾ ਸੀ। ਉਹ ਪਿੰਡੋਂ ਦੁੱਧ ਇਕੱਠਾ ਕਰਕੇ ਸ਼ਹਿਰ ਵੇਚਦਾ ਸੀ। ਮੈਨੂੰ ਵਿਹਲਾ ਘੁੰਮਦਾ ਵੇਖ ਉਸ ਨੇ ਆਪਣੇ ਲੀਹੇ ਲਾ ਲਿਆ। ਬਾਊ ਜੀ ਮੌਜਾਂ ਹੀ ਮੌਜੂਾਂ ਨੇ। ਸਵੇਰੇ ਚਾਰ ਵਜੇ ਉਠ ਕੇ ਮੱਝਾਂ ਵਾਲਿਆਂ ਕੋਲੋਂ ਡੋਲਾਂ ‘ਚ ਦੁੱਧ ਪੁਆ ਲਈਦਾ ਹੈ। ਸ਼ਹਿਰ ਲਿਆ ਤੁਹਾਡੇ ਜਿਹੇ ਚੰਗੇ ਬੰਦਿਆਂ ਦੇ ਘਰਾਂ ‘ਚ ਇਕ ਰੁਪਏ ਕਿਲੋ ਦੇ ਵਾਧੇ ਨਾਲ ਵੇਚ ਦੇਈਦਾ ਹੈ। ਰੋਜ਼ ਸਵੇਰੇ ਕਿੰਨੇ ਚਿਹਰਿਆਂ ਦੇ ਦਰਸ਼ਨ ਕਰੀਦੇ ਨੇ ਅਤੇ ਨਾਲ ਧੰਦਾ ਵੀ ਟੁਰਦਾ ਰਹਿੰਦੈ।’
ਇੰਨੀ ਲੰਮੀ ਗੱਲ ਕਰਦਿਆਂ ਗੋਪਾਲ ਦਾਸ ਨੇ ਮੈਨੂੰ ਇਕ ਵਾਰ ਵੀ ਬੋਲਣ ਨਹੀਂ ਦਿੱਤਾ। ਅਸੀਂ ਨਵਾਂ ਘਰ ਬਣਾ ਕੇ ਇਸ ਕਾਲੋਨੀ ਵਿੱਚ ਆਏ ਸੀ। ਉਂਜ ਇਥੇ ਬਹੁਤ ਸਾਰੀਆਂ ਸਮੱਸਿਆਵਾਂ ਸਨ, ਪਰ ਉਨ੍ਹਾਂ ਵਿੱਚੋਂ ਬੱਚਿਆਂ ਲਈ ਨਵਾਂ ਸਕੂਲ, ਦੁੱਧ ਵਾਲਾ, ਪ੍ਰਚੂਨ ਵਾਲਾ ਸਭ ਕੁਝ ਮਿਲਣਾ ਔਖਾ ਸੀ। ਬੱਚਿਆਂ ਲਈ ਨਵਾਂ ਸਕੂਲ ਭਾਵੇਂ ਦੂਜੇ ਦਿਨ ਮਿਲ ਗਿਆ ਤੇ ਪ੍ਰਚੂਨ ਵਾਲੀ ਹੱਟੀ ਵੀ, ਪਰ ਦੁੱਧ ਦੀ ਸਮੱਸਿਆ ਹੱਲ ਨਾ ਹੋਈ। ਕਾਲੋਨੀ ਵਿੱਚ ਚਾਹ ਵਾਲੇ ਦੀ ਦੁਕਾਨ ਸੀ। ਉਸ ਕੋਲੋਂ ਰੋਜ਼ ਕੱਚੀ ਲੱਸੀ ਜਿਹਾ ਇਕ ਕਿਲੋ ਦੁੱਧ ਲਿਆ ਤਿੰਨ ਚਾਰ ਦਿਨ ਮਸਾਂ ਹੀ ਲੰਘਾਏ। ਪਰ ਅੱਜ..?
ਪਰ ਇਨਸਾਨੀ ਫਿਤਰਤ। ਜੇ ਬੰਦੇ ਨੂੰ ਕੋਈ ਸ਼ੈਅ ਆਸਾਨੀ ਨਾਲ ਮਿਲ ਜਾਵੇ ਤਾਂ ਉਹ ਕਦਰ ਨਹੀਂ ਕਰਦਾ। ਮੇਰੇ ਅੰਦਰ ਵੀ ਉਹ ਫਿਤਰਤ ਜਾਗ ਪਈ। ਮੈਂ ਉਸ ਨੂੰ ਰੋਹਬ ਮਾਰਨ ਲਈ ਪੁੱਛ ਲਿਆ, ‘ਦੁੱਧ ਦੀ ਕਿਹੀ ਹਾਲਤ ਹੋਵੇਗੀ?’
‘ਤੁਸੀਂ ਫਿਕਰ ਨਾ ਕਰੋ ਬਾਊ ਜੀ, ਦੁੱਧ ਚੋਣ ਦੇ ਨਾਲ ਹੀ ਡੋਲ ‘ਚ ਪਊ ਅਤੇ ਡੋਲ ਵਿੱਚੋਂ ਸਿੱਧਾ ਤੁਹਾਡੇ ਭਾਂਡੇ ‘ਚ। ਅਸੀਂ ਪੰਡਿਤ ਹਾਂ। ਕੋਈ ਮਾੜਾ ਕੰਮ ਨਹੀਂ ਕਰਦੇ।’ ਉਸ ਨੇ ਤਪਾਕ ਨਾਲ ਜਵਾਬ ਦਿੱਤਾ।
ਕਿਸੇ ਨਾਲ ਗੱਲਾਂ ਕਰਦਿਆਂ ਸੁਣ ਪਤਨੀ ਵੀ ਬੂਹੇ ਕੋਲ ਆ ਗਈ। ਭਾਅ ਠੀਕ ਤੈਅ ਕਰਕੇ ਪਹਿਲੇ ਦਿਨ ਹੀ ਭਾਂਡੇ ਵਿੱਚ ਦੁੱਧ ਪੁਆ ਲਿਆ। ਪੰਡਿਤ ਗੋਪਾਲ ਦਾਸ ਨੇ ਡੋਲ ਦਾ ਮੂੰਹ ਬੰਦ ਕੀਤਾ। ‘ਜੈ ਰਾਮ ਜੀ ਕੀ’ ਕਹਿ ਸਾਈਕਲ ‘ਤੇ ਲੱਗੇ ਹਾਰਨ ਨਾਲ ਪਾਂ-ਪਾਂ ਕਰਦਾ ਉਹ ਅੱਗੇ ਲੰਘ ਗਿਆ।
ਦੁੱਧ ਦੀ ਸਮੱਸਿਆ ਹੱਲ ਹੋਣ ‘ਤੇ ਮੈਨੂੰ ਇੰਜ ਲੱਗਾ, ਜਿਵੇਂ ਮੈਂ ਲੜਾਈ ਦਾ ਕੋਈ ਵੱਡਾ ਮੋਰਚਾ ਬਿਨਾਂ ਹਥਿਆਰ ਫਤਹਿ ਕਰ ਲਿਆ ਹੋਵੇ।
‘ਆ ਕੇ ਵੇਖੋ ਜੀ, ਦੁੱਧ ਬਹੁਤ ਸੋਹਣੈ।’ ਰਸੋਈ ਵਿੱਚੋਂ ਪਤਨੀ ਦੀ ਆਵਾਜ਼ ਸੁਣਾਈ ਦਿੱਤੀ। ਉਸ ਨੇ ਦੁੱਧ ਪਤੀਲੇ ਵਿੱਚ ਪਾ ਰੱਖਿਆ ਸੀ। ਮੈਂ ਵੀ ਰਸੋਈ ‘ਚ ਜਾ ਕੇ ਦੁੱਧ ਵਿੱਚ ਉਂਗਲ ਡੁਬੋ ਕੇ ਵੇਖੀ। ਦੁੱਧ ਦੇ ਨਿਸ਼ਾਨ ਉਂਗਲ ‘ਤੇ ਪੈ ਗਏ ਸਨ। ਗਾੜ੍ਹਾ ਹੋਣ ਕਰਕੇ ਹੀ ਇੰਜ ਹੋਇਆ। ਪਤਲਾ ਹੁੰਦਾ ਤਾਂ ਉਂਗਲ ਦੁੱਧ ‘ਚੋਂ ਇੰਜ ਬਾਹਰ ਆ ਜਾਂਦਾ ਜਿਵੇਂ ਲੱਸੀ ਵਿੱਚ ਡੁੱਬੋ ਕੇ ਵੇਖੀ ਹੋਵੇ।
ਹੁਣ ਤਾਂ ਉਹ ਹਰ ਰੋਜ਼ ਸਵੇਰੇ ਆ ਜਾਂਦਾ। ਸਾਈਕਲ ‘ਤੇ ਲੱਗੇ ਹਾਰਨ ਨਾਲ ਪਾਂ-ਪਾਂ ਕਰਦਾ। ਬੂਹਾ ਖੁੱਲ੍ਹਦਾ। ਉਹ ਭਾਰੀ ਆਵਾਜ਼ ਨਾਲ ‘ਜੈ ਰਾਮ ਜੀ ਕੀ’ ਕਹਿੰਦਾ ਅਤੇ ਭਾਂਡੇ ਵਿੱਚ ਦੁੱਧ ਪਾ ਹਾਰਨ ਵਜਾਉਂਦਾ ਅੱਗੇ ਟੁਰ ਜਾਂਦਾ। ਫਿਰ ਇਕ ਦਿਨ ਪਤਨੀ ਨੇ ਮੈਨੂੰ ਰਸੋਈ ‘ਚ ਸੱਦਿਆ। ‘ਆਹ ਦੇਖਣਾ, ਅੱਜ ਇਹ ਦੁੱਧ ਪਤਲਾ ਜਿਹਾ ਕਿਉਂ ਲੱਗਦੈ?’ ਕੋਲ ਆਏ ਨੂੰ ਉਸ ਨੇ ਕਿਹਾ। ਮੈਂ ਮੁੜ-ਮੁੜ ਦੁੱਧ ਵਿੱਚ ਉਂਗਲ ਡੁਬੋ ਕੇ ਵੇਖਾਂ। ਦੁੱਧ ਤਾਂ ਉਂਗਲ ‘ਤੇ ਟਿਕੇ ਹੀ ਨਾ। ਭਾਵੇਂ ਅੱਖਾਂ ਸਾਹਮਣੇ ਪਿਆ ਦੁੱਧ ਪਤਲਾ ਲੱਗੇ, ਪਰ ਮਨ ‘ਚ ਫਿਰ ਇਹੋ ਆਈ ਜਾਵੇ, ‘ਨਹੀਂ ਪੰਡਿਤ ਅਜਿਹਾ ਨਹੀਂ ਕਰ ਸਕਦਾ।’
ਅਗਲੇ ਦਿਨ ਜਦੋਂ ਗੋਪਾਲ ਦਾਸ ਸਵੇਰੇ ਆਇਆ ਤਾਂ ਮਨ ਵਿੱਚ ਆਈ ਗੱਲ ਬੁੱਲ੍ਹਾਂ ‘ਤੇ ਨਾ ਆਵੇ। ਬਹੁਤ ਕੋਸ਼ਿਸ਼ ਕਰਨ ‘ਤੇ ਵੀ ਮੈਂ ਉਸ ਕੋਲੋਂ ਦੁੱਧ ਦੇ ਪਤਲਾ ਹੋਣ ਬਾਰੇ ਨਾ ਪੁੱਛ ਸਕਿਆ। ਜਦੋਂ ਅਗਲੇ ਦਿਨ ਉਸ ਨੇ ਫਿਰ ਪਤਲਾ ਦੁੱਧ ਪਤੀਲੇ ‘ਚ ਪਾਇਆ ਤਾਂ ਮੂੰਹ ‘ਚੋਂ ਗੱਲ ਬਾਹਰ ਨਿਕਲ ਗਈ, ‘ਬਈ ਪੰਡਤ ਜੀ, ਜੋ ਦਿਨਾਂ ਤੋਂ ਦੁੱਧ ਕੁਝ ਪਤਲਾ ਲੱਗਦੈ।’
‘ਓ ਬਾਊ ਜੀ, ਕਿਹੀ ਗੱਲ ਕਰਦੇ ਪਏ ਹੋ! ਦੁੱਧ ਸਿੱਧਾ ਚੁਆ ਕੇ ਤੁਹਾਡੇ ਤੀਕ ਲੈ ਆਈਦਾ। ਹਾਂ, ਇਹ ਹੋ ਸਕਦੈ ਕਿ ਤੁਹਾਡੇ ਕੋਲ ਤਾਜ਼ੀ ਸੂਈ ਮੱਝ ਦਾ ਦੁੱਧ ਆ ਗਿਆ ਹੋਵੇ। ਤੁਹਾਨੂੰ ਪਤਾ ਹੋਵੇਗਾ ਕਿ ਸੱਜਰੀ ਸੂਈ ਮੱਝ ਦਾ ਦੁੱਧ ਪਤਲਾ ਤੇ ਬਾਖੜੀ ਸੂਈ ਦਾ ਦਹੀਂ ਵਰਗਾ ਹੁੰਦੈ।’ ਸੱਜਰੀ ਅਤੇ ਬਾਖੜੀ ਦੇ ਦੁੱਧ ਵਿੱਚ ਅੰਤਰ ਨਾ ਸਮਝਦਿਆਂ ਵੀ ਮੈਂ ‘ਹਾਂ’ ਵਿੱਚ ਸਿਰ ਹਿਲਾ ਦਿੱਤਾ।
ਫਿਰ ਤਿੰਨ ਚਾਰ ਦਿਨ ਉਸ ਨੇ ਦੁੱਧ ਠੀਕ ਕਰ ਦਿੱਤਾ। ਮੈਂ ਮਨੋ-ਮਨ ਬਹੁਤ ਖੁਸ਼ ਕਿ ਇਕ ਵਾਰੀ ਟੋਕਣ ਨਾਲ ਹੀ ਉਹ ਸਮਝ ਗਿਆ, ਪਰ ਅਜਿਹਾ ਬਹੁਤੇ ਦਿਨ ਨਾ ਹੋਇਆ। ਮੁੜ ਉਹੀ ਪਤਲਾ ਦੁੱਧ ਤੇ ਪਤਨੀ ਰੋਜ਼ ਮੈਨੂੰ ਉਲ੍ਹਾਂਭਾ ਦੇਵੇ।
‘ਬਈ ਪੰਡਿਤ ਜੀ ਦੁੱਧ?’
‘ਬਾਊ ਜੀ, ਦੋਵੇਂ ਪੁੱਤਰਾਂ ਦੀ ਸਹੁੰ ਚੁਕਾ ਲਵੋ ਜੇ ਦੁੱਧ ਵਿੱਚ ਮਾੜਾ ਜਿਹਾ ਵੀ ਨੁਕਸ ਹੋਵੇ। ਦੁੱਧ ਠੀਕ ਹੈ। ਤੁਹਾਡੀ ਪਤਨੀ ਨੂੰ ਵਹਿਮ ਹੋ ਗਿਆ ਹੋਣਾ। ਤੁਹਾਨੂੰ ਪਤਾ ਨਹੀਂ, ਇਹ ਬਿਮਾਰੀ ਔਰਤਾਂ ਨੂੰ ਛੇਤੀ ਚਿੰਬੜ ਜਾਂਦੀ ਹੈ।’ ਮੇਰੀ ਗੱਲ ਵਿਚਕਾਰੋਂ ਕੱਟ ਉਹ ਬੋਲਿਆ। ਉਸ ਦੀ ਗੱਲ ਸੁਣ ਕੇ ਮੇਰਾ ਮਨ ਜਿਵੇਂ ਪਛਤਾਵੇ ਜਿਹੇ ਨਾਲ ਭਰ ਗਿਆ। ਮੈਂ ਸੋਚਿਆ ਕਿ ਐਵੇਂ ਬੰਦੇ ‘ਤੇ ਸ਼ੱਕ ਕੀਤਾ, ਕਿਲੋ ਦੁੱਧ ਪਿੱਛੇ ਵਿਚਾਰੇ ਨੂੰ ਪੁੱਤਾਂ ਦੀ ਸਹੁੰ ਚੁੱਕਣੀ ਪਈ।
ਫਿਰ ਹਰ ਵਾਰ ਇੰਜ ਹੀ ਹੁੰਦਾ। ਮੇਰੇ ਕਿਹਾਂ ਇਕ ਦੋ ਦਿਨ ਤਾਂ ਦੁੱਧ ਠੀਕ ਠਾਕ ਆਉਂਦਾ, ਨਹੀਂ ਤਾਂ ਉਹੀ ਪਤਲਾ ਪਾਣੀ ਮਿਲਿਆ। ਕਈ ਵਾਰ ਉਹ ਪਤੀਲੇ ਵਿੱਚ ਕੱਚੀ ਲੱਸੀ ਹੀ ਪਾ ਜਾਂਦਾ। ਜੇ ਕਦੇ ਪਤਨੀ ਕੁਝ ਕਹਿੰਦੀ ਤਾਂ ਉਹ ਅੱਗੋਂ ਉਹੀ ਉਤਰ, ‘ਬਾਊ ਜੀ, ਸਹੂੰ ਚੁਕਾ ਲਵੋ ਦੋਵੇਂ ਪੁੱਤਰਾਂ ਦੀ ਜੇ ਦੁੱਧ ਵਿੱਚ ਰੱਤੀ ਭਰ ਵੀ ਫਰਕ ਹੋਵੇ। ਪੁੱਤਰਾਂ ਨਾਲੋਂ ਦੁੱਧ ਥੋੜ੍ਹੇ ਪਿਆਰਾ ਹੁੰਦੈ। ਫਿਰ ਵਹਿਮ ਦਾ ਕੀ ਇਲਾਜ ਐ?’
ਕਾਲੋਨੀ ਵਿੱਚ ਰਹਿੰਦਿਆਂ ਸਾਨੂੰ ਕਈ ਮਹੀਨੇ ਹੋ ਚੱਲੇ ਸਨ। ਵਕਤ ਪੈਂਦਿਆਂ ਗੁਪਤਾ ਸਾਹਿਬ, ਸਕਸੈਨਾ, ਮਿਸਟਰ ਸਿੰਘ ਕਈ ਜਣੇ ਅਸੀਂ ਇਕ ਜੁੰਡਲੀ ਵਿੱਚ ਜੁੜ ਗਏ। ਮਈ ਦੇ ਦਿਨ ਸਨ। ਅਸੀਂ ਸਾਰਿਆਂ ਨੇ ਮਿਲ ਕੇ ਸਲਾਹ ਬਣਾਈ ਕਿ ਸਵੇਰੇ ਸੈਰ ਲਈ ਜਾਇਆ ਕਰੀਏ! ਸਵੇਰੇ ਸਾਢੇ ਚਾਰ ਵੀ ਨਾ ਵੱਜਦੇ ਕਿ ਅਸੀਂ ਕਾਲੋਨੀ ਵੱਚੋਂ ਬਾਹਰ ਨਿਕਲ ਦੂਰ ਖੁੱਲ੍ਹੇ ਵਾਤਾਵਰਨ ਵਿੱਚ ਘੁੰਮਣ ਨਿਕਲ ਜਾਂਦੇ। ਫਿਰ ਇਕ ਵਾਰ ਅਜੀਬ ਜਿਹੀ ਗੱਲ ਵਾਪਰੀ। ਸਾਡੇ ਘਰੋਂ ਥੋੜ੍ਹੀ ਦੂਰ ਰਾਮ ਮੰਦਰ ਬਣਿਆ ਹੋਇਆ ਸੀ, ਜਿਹੜਾ ਕਾਲੋਨੀ ਦੇ ਲੋਕਾਂ ਨੇ ਸਾਂਝੇ ਪੈਸਿਆਂ ਨਾਲ ਸਰਕਾਰ ਵੱਲੋਂ ਮਿਲੀ ਥਾਂ ‘ਤੇ ਉਸਾਰਿਆ ਸੀ। ਮੰਦਰ ਦੇ ਕਰਤਾ ਧਰਤਾ ਨੇ ਲੋਕਾਂ ਦੇ ਪਾਣੀ ਪੀਣ ਲਈ ਉਸ ਬਾਹਰ ਇਕ ਟੂਟੀ ਲਾ ਰੱਖੀ ਸੀ। ਕੋਈ ਵੀ ਆਉਂਦਾ ਜਾਂਦਾ ਪਿਆਸਾ ਬੰਦਾ ਉਥੋਂ ਪਾਣੀ ਪੀ ਲੈਂਦਾ ਸੀ। ਟੂਟੀ ਉਤੇ ਰਾਤ ਵੇਲੇ ਇਕ ਬਲਬ ਜਗਦਾ ਰਹਿੰਦਾ ਸੀ ਤਾਂ ਜੋ ਰਾਤ ਵੇਲੇ ਪਾਣੀ ਪੀਣ ਵਾਲੇ ਨੂੰ ਹਨੇਰੇ ਵਿੱਚ ਕੋਈ ਮੁਸ਼ਕਿਲ ਪੇਸ਼ ਨਾ ਆਵੇ।
ਇਕ ਦਿਨ ਅਸੀਂ ਸਵੇਰੇ ਸੈਰ ਕਰਨ ਲਈ ਜਾਣ ਲੱਗੇ ਸੀ ਕਿ ਅਚਾਨਕ ਮੇਰੀ ਨਜ਼ਰ ਮੰਦਰ ਦੇ ਵੱਡੇ ਦਰਵਾਜ਼ੇ ਵੱਲ ਚਲੀ ਗਈ, ਜਿਸ ਨੇੜੇ ਬਲਬ ਦੀ ਰੌਸ਼ਨੀ ਹੇਠਾਂ ਪਾਣੀ ਦੀ ਟੂਟੀ ਲੱਗੀ ਹੋਈ ਸੀ। ਦੂਰੋਂ ਇੰਜ ਲੱਗਿਆ ਜਿਵੇਂ ਉਥੇ ਕੋਈ ਬੰਦਾ ਖਲੋਤਾ ਹੋਵੇ। ਦੂਰੋਂ ਉਹ ਦੁੱਧ ਵਾਲਾ ਪੰਡਿਤ ਜਾਪਿਆ।
‘ਸਵੇਰੇ-ਸਵੇਰੇ ਪਾਣੀ ਪੀ ਰਿਹਾ ਹੋਣੈ। ਗਰਮੀ ਜੋ ਪੈ ਰਹੀ ਹੈ।’ ਮਨ ‘ਚ ਗੱਲ ਆਈ, ਜਦੋਂ ਨੇੜੇ ਜਾ ਕੇ ਵੇਖਿਆ ਤਾਂ ਅੱਖਾਂ ਜਿਵੇਂ ਅਸਲੀ ਆਕਾਰ ਨਾਲੋਂ ਕਿਤੇ ਵੱਧ ਚੌੜੀਆਂ ਹੋ ਗਈਆਂ। ਕੀ ਵੇਖਦਾ ਹਾਂ ਕਿ ਪੰਡਿਤ ਨੇ ਦੁੱਧ ਵਾਲੇ ਇਕ ਡਰੰਮ ਦਾ ਢੱਕਣ ਖੋਲ੍ਹ ਰੱਖਿਆ ਅਤੇ ਉਹ ਡਰੰਮ ਦੇ ਢੱਕਣ ਨਾਲ ਮੰਦਰ ਦੀ ਟੂਟੀ ਤੋਂ ਪਾਣੀ ਭਰ-ਭਰ ਉਸ ਵਿੱਚ ਪਾਈ ਜਾਵੇ। ਉਸ ਦੇ ਝੂਠ ਅਤੇ ਮੱਕਾਰੀ ‘ਤੇ ਜਿਵੇਂ ਲਹੂ ਉਬਲ ਪਿਆ। ਯਕੀਨ ਨਾ ਆਵੇ ਕਿ ਬੰਦਾ ਆਪਣੇ ਧਰਮ ਤੋਂ ਇੰਨਾ ਵੀ ਡਿੱਗ ਸਕਦਾ ਹੈ। ਪੈਸੇ ਦੇ ਲਾਲਚ ਵਿੱਚ ਉਹ ਆਪਣੇ ਪੁੱਤਰਾਂ ਦੀਆਂ ਝੂਠੀਆਂ ਸਹੁੰਆਂ ਚੁੱਕ ਸਕਦਾ ਹੈ। ਉਸ ਨੂੰ ਅਜਿਹੇ ਕਰਮ ਕਰਦਿਆਂ ਵੇਖ ਕੇ ਰੋਜ਼ ਪਤੀਲੇ ਵਿੱਚ ਪਿਆ ਕੱਚੀ ਲੱਸੀ ਜਿਹਾ ਦੁੱਧ ਅਖਾਂ ਸਾਹਵੇਂ ਘੁੰਮ ਗਿਆ ਜਿਹੜਾ ਉਹ ਪਿਛਲੇ ਛੇ ਮਹੀਨਿਆਂ ਤੋਂ ਪਿਆਉਂਦਾ ਆ ਰਿਹਾ ਸੀ।
‘ਪੰਡਤ ਤੂੰ..।’
‘ਜੈ ਰਾਮ ਜੀ ਕੀ ਬਾਊ ਜੀ। ਕੀ ਰੋਜ਼ ਸਵੇਰੇ ਸੈਰ ਕਰਨ ਜਾਂਦੇ ਹੋ। ਜਾਣਾ ਹੀ ਚਾਹੀਦੈ। ਇੰਨੀ ਖੁੱਲ੍ਹੀ ਥਾਂ ਸ਼ਹਿਰ ‘ਚ ਕਿੱਥੇ ਮਿਲਦੀ ਐ?’
ਉਸ ਨੇ ਮੇਰੇ ਦੋ ਸ਼ਬਦਾਂ ਬਦਲੇ ਇੰਨਾ ਹੀ ਕਿਹਾ। ਮੇਰਾ ਖਿਆਲ ਸੀ ਕਿ ਉਹ ਮੈਨੂੰ ਵੇਖ ਕੇ ਸਹਿਮ ਜਾਵੇਗਾ। ਹੱਥ ਜੋੜ ਕੇ ਗਿੜਗਿੜਾ ਕੇ ਮੁਆਫੀ ਮੰਗੇਗਾ ਕਿ ਦੁੱਧ ਵਿੱਚ ਪਾਣੀ ਮਿਲਾਉਣ ਦੀ ਗੱਲ ਮੈਂ ਕਿਸੇ ਨੂੰ ਨਾ ਦੱਸਾਂ। ਪਰ ਅਜਿਹਾ ਤਾਂ ਕੁਝ ਵੀ ਨਹੀਂ ਹੋਇਆ। ਭਾਵੇਂ ਮੈਂ ਉਸ ਦੇ ਨੇੜੇ ਖੜਾ ਸੀ, ਉਹ ਤਾਂ ਵੀ ਪਾਣੀ ਨਾਲ ਢੱਕਣ ਭਰ-ਭਰ ਡਰੰਮ ਵਿੱਚ ਪਾਈ ਜਾ ਰਿਹਾ ਸੀ।
‘ਪੰਡਤ ਇਹ ਕੀ ਕਰ ਰਿਹਾ ਹੈਂ ਤੂੰ?’
‘ਦੁੱਧ ਵਿੱਚ ਪਾਣੀ ਮਿਲ ਰਿਹਾਂ, ਬਾਊ ਜੀ।’
‘ਓਏ ਤੂੰ ਤਾਂ ਮਹਾਂ ਝੂਠਾ ਤੇ ਮੱਕਾਰ ਨਿਕਲਿਆ।’ ਮੈਂ ਗੁੱਸੇ ‘ਚ ਕਿਹਾ।
‘ਨਹੀਂ ਬਾਊ ਜੀ, ਮੈਂ ਤਾਂ ਅਜਿਹਾ ਕੁਝ ਵੀ ਨਹੀਂ ਕੀਤਾ।’ ਉਹ ਪਾਣੀ ਨਾਲ ਹੱਥ ਧੋਂਦਾ ਹੋਇਆ ਬੋਲਿਆ।
‘ਤੂੰ ਮੇਰੇ ਸਾਹਮਣੇ ਦੁੱਧ ਵਾਲੇ ਡਰੰਮ ਵਿੱਚ ਪਾਣੀ ਪਾਇਆ ਅਤੇ ਕਹਿ ਰਿਹਾ ਹੈ ਕਿ ਮੈਂ ਤਾਂ ਕੁਝ ਵੀ ਨਹੀਂ ਕੀਤਾ!’
ਉਹਦੀ ਗੱਲ ਸੁਣ ਕੇ ਮੈਨੂੰ ਇੰਨਾ ਤੈਸ਼ ਆ ਗਿਆ ਸੀ ਕਿ ਮਨ ਕਰੇ ਉਸ ਦਾ ਮੂੰਹ ਨੋਚ ਲਵਾਂ। ਕਈ ਚੰਡਾਂ ਉਹਦੇ ਮੂੰਹ ‘ਤੇ ਜੜ ਦੇਵਾਂ। ਮੇਰੇ ਕੋਲੋਂ ਆਪਣਾ ਗੁੱਸਾ ਕਾਬੂ ਨਹੀਂ ਸੀ ਹੋ ਰਿਹਾ। ਇਕ ਉਹ ਸੀ ਜੋ ਪੱਕਾ ਬੇਸ਼ਰਮ ਲੱਗੇ। ਥਿੰਧਾ ਘੜਾ। ਮੇਰੀ ਗੱਲ ਦਾ ਉਸ ‘ਤੇ ਕੋਈ ਅਸਰ ਨਾ ਹੋਇਆ। ਟੂਟੀ ਉਤੇ ਲੱਗੇ ਬਲਬ ਦੇ ਚਾਨਣ ਵਿੱਚ ਮੈਂ ਉਹਦੇ ਵੱਲ ਦੇਖਿਆ। ਮੈਨੂੰ ਇੰਜ ਲੱਗਿਆ ਜਿਵੇਂ ਰਾਵਣ ਦੀਆਂ ਭਾਰੀ ਮੁੱਛਾਂ ਹੇਠ ਦਬੇ ਉਸ ਦੇ ਦੋਵੇਂ ਬੁੱਲ੍ਹ ਮੁਸਕਰਾ ਰਹੇ ਹੋਣ।
‘ਓਏ ਤੂੰ ਝੂਠਾ ਇਨਸਾਨ ਹੈ। ਮੇਰੇ ਸਾਹਮਣੇ ਦੁੱਧ ਵਿੱਚ ਪਾਣੀ ਮਿਲਾ ਰਿਹੈਂ ਤੇ ਅੱਗੋਂ ਕਹਿੰਦੈ ਮੈਂ ਕੁਝ ਨਹੀਂ ਕੀਤਾ। ਤੂੰ ਤਾਂ ਰੱਬ ਕੋਲੋਂ ਵੀ ਨਹੀਂ ਡਰਦਾ। ਤਾਹੀਓਂ ਤਾਂ ਕਿੰਨੀ ਵਾਰੀ ਇਸ ਪਾਣੀ ਪਿੱਛੇ ਆਪਣੇ ਦੋਵੇਂ ਪੁੱਤਰਾਂ ਦੀਆਂ ਝੂਠੀਆਂ ਸਹੁੰਆਂ ਵੀ ਖਾ ਗਿਆ।’
ਗੁੱਸੇ ‘ਚ ਬੋਲਦਾ ਮੈਂ ਤਾਂ ਇਹ ਵੀ ਭੁੱਲ ਗਿਆ ਕਿ ਮੇਰੇ ਸਾਹਮਣੇ ਸ਼ੇਰ ਵਰਗਾ ਤਕੜਾ ਬੰਦਾ ਖੜੋਤਾ ਹੈ। ਜੇ ਇਸ ਦੇ ਜਵਾਬ ਵਿੱਚ ਉਸ ਨੇ ਮੇਰੇ..?
ਪਰ ਅਜਿਹੇ ਕੌੜੇ ਸ਼ਬਦ ਸੁਣ ਕੇ ਵੀ ਉਹ ਕੁਝ ਨਹੀਂ ਬੋਲਿਆ। ਸਾਈਕਲ ‘ਤੇ ਟੰਗੇ ਦੁੱਧ ਵਾਲੇ ਡਰੰਮ ਦੇ ਮੂੰਹ ‘ਤੇ ਢੱਕਣ ਫਿੱਟ ਕਰਨ ਲੱਗਿਆ। ਫਿਰ ਉਹ ਇਕ ਲੱਤ ਘੁਮਾ ਕੇ ਸਾਈਕਲ ਦੀ ਸੀਟ ‘ਤੇ ਬਹਿ ਗਿਆ। ਉਸ ਨੇ ਅੱਗੇ ਤੁਰਨ ਤੋਂ ਪਹਿਲਾਂ ਇਕ ਵਾਰੀ ਮੇਰੇ ਵੱਲ ਵੇਖਿਆ। ਮੇਰੇ ਬੁੱਲ੍ਹ ਅਜੇ ਵੀ ਗੁੱਸੇ ਨਾਲ ਕੰਬ ਰਹੇ ਸਨ।
‘ਬਾਊ ਜੀ, ਤੁਸੀਂ ਐਵੇਂ ਗੁੱਸੇ ਨਾਲ ਲਹੂ ਸਾੜ ਰਹੇ ਹੋ। ਸੱਚ ਮੰਨੋ ਮੈਂ ਤਾਂ ਕੋਈ ਬੁਰਾ ਕੰਮ ਕਦੇ ਕੀਤਾ ਹੀ ਨਹੀਂ। ਮੈਂ ਪੰਡਿਤ ਹਾਂ ਤੇ ਰੱਬ ਕੋਲੋਂ ਵੀ ਬਹੁਤ ਡਰਦਾ ਹਾਂ। ਜਿਹੜਾ ਪਾਣੀ ਮੈਂ ਡਰੰਮ ਵਿੱਚ ਪਾਇਆ ਇਹ ਤਾਂ ਰੱਬ ਦੇ ਘਰ ਦਾ ਪਾਣੀ ਹੈ, ਸੱਚ ਮੰਨੋ ਦੁੱਧ ਜਿਹਾ ਹੀ ਹੁੰਦੈ।’
ਉਸ ਦੀ ਇਹ ਗੱਲ ਸੁਣ ਕੇ ਮੇਰਾ ਸਰੀਰ ਜਿਵੇਂ ਤਪੇ ਤਾਂਬੇ ਜਿਹਾ ਹੋ ਗਿਆ।
‘ਪਰ ਉਹ ਪੁੱਤਾਂ ਦੀਆਂ ਝੂਠੀਆਂ ਸਹੁੰਆਂ?’ ਮੈਂ ਥਰਥਰਾਉਂਦੀ ਆਵਾਜ਼ ਨਾਲ ਕਿਹਾ।
‘ਬਾਊ ਜੀ, ਤੁਸੀਂ ਵੀ ਭੋਲੇ ਹੋ। ਦੁੱਧ ਵਿੱਚ ਮਿਲਾਏ ਪਾਣੀ ਪਿੱਛੇ ਕਿਤੇ ਕੋਈ ਆਪਣੇ ਪੁੱਤਾਂ ਦੀਆਂ ਝੂਠੀਆਂ ਸਹੁੰਆਂ ਵੀ ਚੁੱਕਦੈ..? ਔਲਾਦ ਪਿੱਛੇ ਤਾਂ ਲੋਕੀਂ ਇਹ ਸਾਰੇ ਕੁਕਰਮ ਕਰਦੇ ਨੇ। ਪਰ ਮੈਂ..। ਤੁਹਾਨੂੰ ਬਾਊ ਜੀ ਸ਼ਾਇਦ ਪਤਾ ਨਹੀਂ ਕਿ ਮੇਰਾ ਅਜੇ ਵਿਆਹ ਵੀ ਨਹੀਂ ਹੋਇਆ। ਫਿਰ ਪੁੱਤ ਕਿੱਥੋਂ ਹੋਣਗੇ। ਜਿਹੜੇ ਅਜੇ ਤੱਕ ਪੈਦਾ ਹੋ ਕੇ ਇਸ ਦੁਨੀਆ ਵਿੱਚ ਆਏ ਹੀ ਨਹੀਂ, ਉਨ੍ਹਾਂ ਦੀਆਂ ਤਾਂ ਭਾਵੇਂ ਮੈਂ ਹਜ਼ਾਰ ਝੂਠੀਆਂ ਸਹੁੰਆਂ ਚੁੱਕਾਂ ਕੀ ਫਰਕ ਪੈਣਾ ਹੈ।’
ਇੰਨਾ ਕਹਿ ਕੇ ਉਹ ਸਾਈਕਲ ਦਾ ਪੈਡਲ ਮਾਰਦਾ, ਉਸ ‘ਤੇ ਲੱਗੇ ਹਾਰਨ ਨਾਲ ਪਾਂ-ਪਾਂ ਕਰਦਾ ਦੁੱਧ ਵੰਡਣ ਲਈ ਅੱਗੇ ਨੂੰ ਟੁਰ ਪਿਆ। ਉਸ ਨੇ ਇਕ ਵਾਰ ਵੀ ਪਿੱਛੇ ਮੁੜ ਕੇ ਨਹੀਂ ਵੇਖਿਆ।
ਅਗਲੇ ਦਿਨ ਉਹ ਫਿਰ ਸਵੇਰੇ ਸਾਡੇ ਬੂਹੇ ‘ਤੇ ਖੜੋਤਾ ਸੀ, ਪਰ ਇਸ ਵਾਰੀ ਦੁੱਧ ਭਾਂਡੇ ਵਿੱਚ ਪੁਆਉਂਦਿਆਂ ਉਸ ਬਾਰੇ ਮੇਰੇ ਮਨ ‘ਚ ਕੁਝ ਵੀ ਨਹੀਂ ਸੀ, ਸਗੋਂ ਉਹ ਤਾਂ ਸਵੇਰ ਦੀ ਚੜ੍ਹੀ ਪਹਿਲੀ ਕਿਰਨ ਵਾਂਗ ਸਾਫ ਤੇ ਨਿਰਮਲ ਸੀ।