ਦੁਬਈ ਜੇਲ੍ਹ ਵਿੱਚੋਂ ਫਾਂਸੀ ਦੀ ਸਜ਼ਾ ਵਾਲੇ ਦਸ ਭਾਰਤੀ ਜੂਨ ਦੇ ਪਹਿਲੇ ਹਫਤੇ ਰਿਹਾਅ ਹੋ ਜਾਣਗੇ


ਪਟਿਆਲਾ, 4 ਜੂਨ (ਪੋਸਟ ਬਿਊਰੋ)- ਦੋ ਪਾਕਿਸਤਾਨੀ ਨਾਗਰਿਕਾਂ ਦੇ ਕਤਲ ਦੇ ਦੋਸ਼ ਵਿੱਚ ਦੁਬਈ ਵਿੱਚ ਫਾਂਸੀ ਦੀ ਸਜ਼ਾ ਕਾਰਨ ਜੇਲ੍ਹ ਵਿੱਚ ਬੰਦ ਦਸ ਭਾਰਤੀ ਜੂਨ ਦੇ ਪਹਿਲੇ ਹਫਤੇ ਰਿਹਾਅ ਹੋ ਸਕਦੇ ਹਨ। ਇਹ ਪ੍ਰਗਟਾਵਾ ‘ਸਰਬੱਤ ਦਾ ਭਲਾ ਟਰੱਸਟ’ ਦੇ ਚੇਅਰਮੈਨ ਡਾਕਟਰ ਐੱਸ ਪੀ ਸਿੰਘ ਓਬਰਾਏ ਨੇ ਕੱਲ੍ਹ ਇਥੇ ਗੱਲਬਾਤ ਦੌਰਾਨ ਕੀਤਾ।
ਐੱਸ ਪੀ ਸਿੰਘ ਓਬਰਾਏ ਨੇ ਦੱਸਿਆ ਕਿ ਅਦਾਲਤ ਨੇ 10 ਭਾਰਤੀ ਲੋਕਾਂ ਨੂੰ ਰਮਜ਼ਾਨ ਮੁਆਫੀ ਹੇਠ ਰਿਹਾਅ ਕਰਨ ਦਾ ਫੈਸਲਾ ਸੁਣਾਇਆ ਹੈ। ਦੁਬਈ ਦੀ ਇੱਕ ਅਦਾਲਤ ਨੇ ਇਨ੍ਹਾਂ ਭਾਰਤੀਆਂ ਨੂੰ ਦੋਸ਼ੀ ਮੰਨਦੇ ਹੋਏ ਪਾਕਿਸਤਾਨੀ ਮੁਹੰਮਦ ਫਰਹਾਨ ਅਤੇ ਮੁਹੰਮਦ ਰਿਆਦ ਦੇ ਕਤਲ ਕੇਸ ਵਿੱਚ ਮੌਤ ਦੀ ਸਜ਼ਾ ਸੁਣਾਈ ਸੀ। ਸਾਲ 2017 ਵਿੱਚ ਉਨ੍ਹਾਂ ਦੀ ਮੌਤ ਦੀ ਸਜ਼ਾ ਨੂੰ ਤਿੰਨ ਸਾਲਾ ਕੈਦ ਵਿੱਚ ਬਦਲ ਦਿੱਤਾ ਗਿਆ, ਜਿਨ੍ਹਾਂ ਨੂੰ ਮੁਆਫੀ ਦੇ ਕੇ ਰਮਜ਼ਾਨ ਮਹੀਨੇ ਰਿਹਾਅ ਕਰਨ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ। ਡਾਕਟਰ ਓਬਰਾਏ ਨੇ ਦੱਸਿਆ ਕਿ ਬਲੱਡੀ ਮਨੀ ਦੇ ਭੁਗਤਾਨ ਤੋਂ ਬਾਅਦ ਸਤਮਿੰਦਰ ਸਿੰਘ, ਚੰਦਰ ਸਿੰਘ, ਚਮਕੌਰ ਸਿੰਘ, ਕੁਲਵਿੰਦਰ ਸਿੰਘ, ਬਲਵਿੰਦਰ ਸਿੰਘ, ਧਰਮਵੀਰ ਸਿੰਘ, ਹਰਜਿੰਦਰ ਸਿੰਘ, ਤਰਸੇਮ ਸਿੰਘ, ਗੁਰਪ੍ਰੀਤ ਸਿੰਘ ਤੇ ਜਗਜੀਤ ਸਿੰਘ ਦੀ ਰਿਹਾਈ ਹੋਣ ਵਾਲੀ ਹੈ ਅਤੇ ਬੀਤੇ ਹਫਤੇ ਅਲ-ਏਨ ਦੀ ਅਦਾਲਤ ਨੇ ਛੇ ਦੋਸ਼ੀਆਂ ਨੂੰ ਰਿਹਾਅ ਕਰਨ ਦੀ ਪ੍ਰਕਿਰਿਆ ਪੂਰੀ ਕਰ ਕੇ ਬਾਕੀ ਚਾਰ ਦਾ ਮਨਜ਼ੂਰੀ-ਪੱਤਰ ਮੁਕੰਮਲ ਕਰ ਲਿਆ ਹੈ।
ਇਸ ਤਰ੍ਹਾਂ ਦੇ ਇੱਕ ਵੱਖਰੇ ਕੇਸ ਵਿੱਚ ਦੋ ਭਾਰਤੀ ਨਾਗਰਿਕਾਂ ਦੇ ਕਤਲ ਮਾਮਲੇ ਵਿੱਚ ਸ਼ਾਮਲ 14 ਸਜ਼ਾ ਯਾਫਤਾ ਵਿਅਕਤੀਆਂ ਨੇ ਵੀ ਮੌਤ ਦੀ ਸਜ਼ਾ ਤੋਂ ਮੁਆਫੀ ਦੀ ਮੰਗ ਕੀਤੀ ਹੈ। ਪੀੜਤ 23 ਸਾਲਾ ਕੈਸਿਫ ਅਲ ਅਤੇ 25 ਸਾਲਾ ਵਰਿੰਦਰਪਾਲ ਸਿੰਘ ਦੋਵੇਂ ਟੈਕਸੀ ਡਰਾਈਵਰ ਜ਼ਮਾਨਤ ਉੱਤੇ ਹਨ। ਇਸ ਕੇਸ ਵਿੱਚ ਸ਼ਾਮਲ 12 ਭਾਰਤੀਆਂ ਵਿੱਚੋਂ 11 ਜਣੇ ਪੰਜਾਬ ਦੇ ਅਤੇ ਇੱਕ ਹਰਿਆਣਾ ਦਾ ਵਾਸੀ ਹੈ। ਅਦਾਲਤ ਵਿੱਚ ਸੁਣਵਾਈ ਦੌਰਾਨ ਕਤਲ ਕੇਸ ਵਿੱਚ ਸ਼ਾਮਲ ਮੁਲਜ਼ਮਾਂ ਦੇ ਪੀੜਤਾਂ ਨੇ ਸਜ਼ਾ ਮੁਆਫੀ ਦੀ ਅਪੀਲ ਕੀਤੀ ਹੈ। ਜੱਜ ਮਹਿਮੂਦ ਅਬੂ ਬਕਰ ਜਦੋਂ ਮਾਮਲੇ ‘ਤੇ ਸੁਣਵਾਈ ਕਰ ਰਹੇ ਸਨ ਤਾਂ ਡਾਕਟਰ ਐੱਸ ਪੀ ਸਿੰਘ ਓਬਰਾਏ ਪੀੜਤ ਧਿਰ ਵਿੱਚੋਂ ਕਿਸੇ ਇੱਕ ਦੇ ਨਾਲ ਓਥੇ ਸਨ। ਇਸ ਮੌਕੇ ਪੀੜਤ ਨਿਰਮਲ ਸਿੰਘ ਨੇ ਕੋਰਟ ਨੂੰ ਕਿਹਾ ਕਿ ਦੋਵੇਂ ਧਿਰਾਂ ਸਮਝੌਤਾ ਕਰਨ ਲਈ ਤਿਆਰ ਹਨ। ਸੁਣਵਾਈ ਦੌਰਾਨ ਡਾਕਟਰ ਓਬਰਾਏ ਨੇ ਕੋਰਟ ਨੂੰ ਕਿਹਾ ਕਿ ਦੋਵੇਂ ਧਿਰਾਂ ਵਿਚਾਲੇ ਸਮਝੌਤੇ ਦੇ ਕਾਗਜ਼ ਬਣਾਏ ਜਾ ਰਹੇ ਹਨ ਅਤੇ ਉਹ ਬਲੱਡ ਮਨੀ ਦੇ ਭੁਗਤਾਨ ਲਈ ਤਿਆਰ ਹਨ। ਸੁਣਵਾਈ ਦੌਰਾਨ ਪੀੜਤ ਧਿਰ ਨੇ ਆਪਣੀ ਗੱਲ ਜੱਜ ਸਾਹਮਣੇ ਰੱਖੀ ਤਾਂ ਜੋ 12 ਭਾਰਤੀਆਂ ਨੂੰ ਮੁਆਫੀ ਮਿਲ ਸਕੇ।
ਵਰਨਣ ਯੋਗ ਹੈ ਕਿ ਇੱਕ ਜਨਵਰੀ 2016 ਨੂੰ ਅਲ ਸਾਜ਼ਾ ਉਦਯੋਗਿਕ ਖੇਤਰ ਵਿੱਚ ਇੱਕ ਲੇਬਰ ਫੈਕਟਰੀ ਦੇ ਸਾਹਮਣੇ ਦੋ ਧੜਿਆਂ ਵਿੱਚ ਟਕਰਾਅ ਪਿੱਛੋਂ ਸ਼ਾਰਜਾਹ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਸੀ। ਦੋਵਾਂ ਧਿਰਾਂ ਵਿੱਚ ਝਗੜੇ ਦੌਰਾਨ ਦੋ ਵਿਅਕਤੀਆਂ ਦੀ ਮੌਤ ਹੋ ਗਈ ਸੀ। ਪੁਲਸ ਨੇ 14 ਮੁਲਜ਼ਮਾਂ ਖਿਲਾਫ ਮੁਕੱਦਮਾ ਦਾਇਰ ਕਰ ਕੇ ਉਨ੍ਹਾਂ ਨੂੰ ਕਤਲ ਦਾ ਦੋਸ਼ੀ ਠਹਿਰਾਇਆ। ਪੁਲਸ ਅਤੇ ਅਦਾਲਤ ਵਿੱਚ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਕੀਤਾ ਸੀ।