ਦੁਨੀਆ ਦੇ ਸਭ ਤੋਂ ਵੱਡੇ ਪਰਵਾਰ ਵਿੱਚ 346 ਲੋਕ


ਕੀਵ, 12 ਜੁਲਾਈ (ਪੋਸਟ ਬਿਊਰੋ)- ਯੂਕਰੇਨ ਦੇ ਵਾਸੀ ਸੇਮੇਨਯੁਕ ਪਰਵਾਰ ਨੇ ਦੁਨੀਆ ਦਾ ਸਭ ਤੋਂ ਵੱਡਾ ਪਰਵਾਰ ਹੋਣ ਦਾ ਦਾਅਵਾ ਕਰਦਿਆਂ ਗਿਨੀਜ਼ ਵਰਲਡ ਰਿਕਾਰਡ ਲਈ ਅਪੀਲ ਕੀਤੀ ਹੈ। ਇਸ ਪਰਵਾਰ ਦੇ ਸਭ ਤੋਂ ਉਮਰ ਦਰਾਜ਼ ਮੈਂਬਰ ਦਾ ਨਾਂ ਪਾਵੇਲ ਸੇਮੇਨਯੁਕ ਹੈ ਤੇ ਉਸ ਦੀ ਉਮਰ 87 ਸਾਲ ਹੈ। ਮੌਜੂਦਾ ਸਮੇਂ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਪਰਵਾਰ ਹੋਣ ਦਾ ਰਿਕਾਰਡ ਭਾਰਤ ਵਿੱਚ 192 ਮੈਂਬਰਾਂ ਵਾਲੇ ਪਰਵਾਰ ਕੋਲ ਹੈ।
ਸੇਮੇਨਯੁਕ ਪਰਵਾਰ ਦੇ ਸਭ ਤੋਂ ਉਮਰ ਦਰਾਜ਼ ਮੈਂਬਰ ਸੇਮੇਨਯੁਕ ਖੁਦ ਹੀ ਹਨ, ਜਦ ਕਿ ਸਭ ਤੋਂ ਛੋਟੇ ਮੈਂਬਰ ਦੀ ਉਮਰ ਸਿਰਫ ਦੋ ਹਫਤੇ ਹੈ। ਪਾਵੇਲ ਨੂੰ ਪਰਵਾਰ ਦੇ ਸਾਰੇ ਮੈਂਬਰਾਂ ਦੇ ਨਾਂ ਯਾਦ ਰੱਖਣ ‘ਚ ਮੁਸ਼ਕਿਲ ਆਉਂਦੀ ਹੈ। ਉਨ੍ਹਾਂ ਨੂੰ ਪਰਵਾਰ ਦੇ ਵੱਡੇ ਮੈਂਬਰਾਂ ਦੇ ਨਾਂ ਯਾਦ ਹਨ, ਪਰ ਬੱਚਿਆਂ ਦੇ ਨਹੀਂ। ਉਹ ਹਮੇਸ਼ਾ ਇਕ ਵੱਡਾ ਪਰਵਾਰ ਚਾਹੁੰਦੇ ਸਨ। ਜਦੋਂ ਉਨ੍ਹਾਂ ਦੀ ਪਤਨੀ ਨੇ 13 ਬੱਚਿਆਂ ਨੂੰ ਜਨਮ ਦਿੱਤਾ ਤਾਂ ਉਨ੍ਹਾਂ ਨੂੰ ਕਾਫੀ ਖੁਸ਼ੀ ਹੋਈ। ਬੱਚਿਆਂ ਦਾ ਪਰਵਾਰ ਵਧਿਆ ਤੇ ਪੋਤੇ ਪੋਤੀਆਂ ਤੇ ਪੜਪੋਤੇ ਪੜਪੋਤੀਆਂ ਨੂੰ ਮਿਲਾ ਕੇ ਪਰਵਾਰ ਦੇ ਮੈਂਬਰਾਂ ਦੀ ਗਿਣਤੀ 346 ਹੋ ਗਈ ਹੈ। ਪੂਰਾ ਪਰਵਾਰ ਦੱਖਣੀ ਯੂਕਰੇਨ ਦੇ ਓਡੀਸਾ ਓਬਲਾਸਟ ਖੇਤਰ ਦੇ ਦੋਬੋ੍ਰਸਲਾਵ ਪਿੰਡ ‘ਚ ਰਹਿੰਦਾ ਹੈ। ਪਰਵਾਰ ਵਧਦਾ ਜਾਣ ਨਾਲ ਪਿੰਡ ਵਿੱਚ ਪਾਵੇਲ ਪਰਵਾਰ ਦੇ ਘਰਾਂ ਦੀ ਗਿਣਤੀ ਵਧਦੀ ਗਈ। ਇਮਾਰਤ ਉਸਾਰੀ ਦੇ ਕਾਰੋਬਾਰ ਨਾਲ ਜੁੜੇ ਇਸ ਪਰਵਾਰ ਦੇ ਕਿਸੇ ਮੈਂਬਰ ਦਾ ਵਿਆਹ ਜਾਂ ਜਨਮ ਦਿਨ ਜਸ਼ਨ ਦਾ ਵੱਡਾ ਮੌਕਾ ਹੁੰਦਾ ਹੈ।