ਦੁਨੀਆ ਦੀ ਸਭ ਤੋਂ ਮਹਿੰਗੀ ਕੌਫੀ ਦਾ ਉਤਪਾਦਨ ਭਾਰਤ ਵਿੱਚ ਸ਼ੁਰੂ

sweet coffee
ਨਵੀਂ ਦਿੱਲੀ, 12 ਸਤੰਬਰ (ਪੋਸਟ ਬਿਊਰੋ)- ਏਸ਼ੀਆ ਵਿੱਚ ਕੌਫੀ ਦੇ ਤੀਸਰੇ ਸਭ ਤੋਂ ਵੱਡੇ ਉਤਪਾਦਕ ਤੇ ਐਕਸਪੋਰਟਰ ਦੇਸ਼ ਭਾਰਤ ਨੇ ਦੁਨੀਆ ਦੀ ਸਭ ਤੋਂ ਮਹਿੰਗੀ ਕੌਫੀ ਦਾ ਉਤਪਾਦਨ ਸ਼ੁਰੂ ਕੀਤਾ ਹੈ।
ਇਸ ਨੂੰ ਸਿਵੇਟ ਕੌਫੀ ਬੋਲਿਆ ਜਾਂਦਾ ਹੈ ਤੇ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਕੌਫੀ ਮੰਨੀ ਜਾਂਦੀ ਹੈ। ਇਸ ਕੌਫੀ ਦੀ ਅੰਤਰਰਾਸ਼ਟਰੀ ਬਾਜ਼ਾਰ ਵਿੱਚ ਕੀਮਤ 20 ਤੋਂ 25 ਹਜ਼ਾਰ ਰੁਪਏ ਪ੍ਰਤੀ ਕਿਲੋ ਹੈ। ਇਹ ਕੌਫੀ ਸਿਵੇਟ ਨਾਮ ਦੀ ਬਿੱਲੀ ਦੇ ਮਲ ਵਿੱਚੋਂ ਬਿਨਾਂ ਪਚੇ ਨਿਕਲੇ ਕੌਫੀ ਦੇ ਬੀਨ ਤੋਂ ਤਿਆਰ ਕੀਤੀ ਜਾਂਦੀ ਹੈ। ਕੌਫੀ ਦੇ ਪੱਕਣ ਦੇ ਪੜਾਅ ਵਿੱਚ ਸਿਵੇਟ ਬਿੱਲੀ ਕੌਫੀ ਦੀ ਚੈਰੀ ਨੂੰ ਖਾਂਦੀ ਹੈ, ਜਿਸ ਦਾ ਗੁੱਦਾ ਉਹ ਪਚਾ ਲੈਂਦੀ ਹੈ, ਪਰ ਇਸ ਦੇ ਅੰਦਰਲੇ ਬੀਜ ਨੂੰ ਉਹ ਪਚਾ ਨਹੀਂ ਸਕਦੀ ਅਤੇ ਇਹੀ ਬੀਨ ਮਲ ਤਿਆਗਣ ਦੇ ਸਮੇਂ ਸਾਬੁਤ ਨਿਕਲ ਜਾਂਦਾ ਹੈ। ਇਹ ਕੰਮ ਕਰਨਾਟਕ ਦੇ ਕੁਰਗ ਜ਼ਿਲੇ ਵਿੱਚ ਬਹੁਤ ਛੋਟੇ ਪੈਮਾਨੇ ‘ਤੇ ਸ਼ੁਰੂ ਹੋਇਆ ਹੈ। ਸਿਵੇਟ ਕੌਫੀ ਨੂੰ ਲੁਵਰਕ ਕੌਫੀ ਵੀ ਕਿਹਾ ਜਾਂਦਾ ਹੈ। ਇਹ ਇਸ ਲਈ ਮਹਿੰਗਾ ਹੈ ਕਿਉਂਕਿ ਇਸ ਕੌਫੀ ਨੂੰ ਤਿਆਰ ਕਰਨ ਦੀ ਪ੍ਰਕਿਰਿਆ ਬੇਹੱਦ ਮੁਸ਼ਕਿਲ ਹੈ। ਦੇਸ਼ ਦੇ ਸਭ ਤੋਂ ਵੱਡੇ ਕੌਫੀ ਉਤਪਾਦਕ ਰਾਜ ਕਰਨਾਟਕ ਵਿੱਚ ਕੁਰਗ ਕੰਸਾਲਿਡੇਟੇਡ ਕਮੋਡਿਟੀਜ (ਸੀ ਸੀ ਸੀ) ਨੇ ਲਘੂ ਪੈਮਾਨੇ ‘ਤੇ ਇਸ ਦੀ ਸ਼ੁਰੂਆਤੀ ਕੀਤੀ ਹੈ ਅਤੇ ਸਥਾਨਕ ਪੱਧਰ ‘ਤੇ ਇਕ ਕੈਫੇ ਨੂੰ ਖੋਲ੍ਹਣ ਦਾ ਵੀ ਫੈਸਲਾ ਕੀਤਾ ਹੈ।