ਦੁਚਿੱਤੀ ਲਾਂਭੇ ਰੱਖ ਕੇ ਵੋਟ ਪਾਈਏ

ਅੱਜ 7 ਜੂਨ ਹੈ ਅਤੇ ਪਿਛਲੇ ਡੇਢ ਦਹਾਕੇ ਵਿੱਚ ਪਹਿਲੀ ਵਾਰ ਹੈ ਕਿ ਵੋਟਰਾਂ ਵਿੱਚ ਵੱਡੀ ਪੱਧਰ ਉੱਤੇ ਭੰਬਲਭੂਸਾ ਪਾਇਆ ਜਾ ਰਿਹਾ ਹੈ ਕਿ ਕਿਸ ਪਾਰਟੀ ਨੂੰ ਜਾਂ ਕਿਸ ਪਾਰਟੀ ਆਗੂ ਦੇ ਨਾਮ ਉੱਤੇ ਵੋਟ ਪਾਈ ਜਾਵੇ। ਲਿਬਰਲ ਪਾਰਟੀ ਖੁਦ ਮੰਨ ਚੁੱਕੀ ਹੈ ਕਿ ਇਸ ਵਾਰ ਉਂਟੇਰੀਓ ਵੋਟਰ ਸਾਨੂੰ ਸੱਤਾ ਵਿੱਚ ਭੇਜਣ ਦਾ ਹੀਆ ਨਹੀਂ ਕਰਨਗੇ। ਪ੍ਰੋਗਰੈਸਿਵ ਕੰਜ਼ਰਵੇਟਿਵ ਪਾਰਟੀ ਨੂੰ ਪਿਛਲੀਆਂ ਤਿੰਨ ਚੋਣਾਂ ਵਿੱਚ ਖੁਦ ਕੀਤੀਆਂ ਗਲਤੀਆਂ ਕਾਰਣ ਐਨਾ ਕੁ ਅਨੁਭਵ ਹੋ ਚੁੱਕਾ ਹੈ ਕਿ ਉਹ ਚੌਥੀ ਵਾਰ ਵੀ ਡੱਗ ਫੋਰਡ ਦੀ ਅਗਵਾਈ ਵਿੱਚ ‘ਪੱਕੀ ਜਿੱਤ’ ਨੂੰ ਹਾਰ ਵਿੱਚ ਬਦਲਣ ਲਈ ਬਜਿ਼ੱਦ ਹੋਈ ਜਾਪਦੀ ਹੈ। ਐਨ ਡੀ ਪੀ ਕੋਲ ਇੱਕ ਅਜਿਹਾ ਪਲੇਟਫਾਰਮ ਹੈ ਜਿਸ ਵਿੱਚ ਵੋਟਰਾਂ ਨੂੰ ਇਹ ਲੱਭਣਾ ਔਖਾ ਹੈ ਕਿ ਲਿਬਰਲ ਲਕੀਰ ਕਿੱਥੇ ਖਤਮ ਹੁੰਦੀ ਹੈ ਅਤੇ ਕਿੱਥੇ ਐਨ ਡੀ ਪੀ ਦੇ ਪਲੇਟਫਾਰਮ ਦਾ ਆਰੰਭ ਹੋ ਰਿਹਾ ਹੈ। ਵੋਟਰਾਂ ਲਈ ਇਹ ਸਥਿਤੀ ਬਹੁਤ ਦੁਬਿਧਾ ਭਰੀ ਹੈ। ਅਜਿਹੀ ਸਥਿਤੀ ਦੇ ਚੱਲਦੇ ਕਈ ਵਾਰ ਵੋਟਰ ਲੋਕਤੰਤਰ ਤੋਂ ਉਦਾਸ ਹੋ ਜਾਂਦੇ ਹਨ।

ਇਹ ਸਿਆਸੀ ਪਾਰਟੀਆਂ ਵੱਲੋਂ ਪੈਦਾ ਕੀਤੀ ਹੋਈ ਸਥਿਤੀ ਹੈ। ਪਰ ਸਾਨੂੰ ਵੋਟਰ ਵਜੋਂ ਇਸ ਸਥਿਤੀ ਤੋਂ ਨਿਰਾਸ਼ ਹੋਣ ਦੀ ਲੋੜ ਨਹੀਂ ਹੈ। ਆਪੋ ਆਪਣੀ ਸਿਆਸੀ ਮਾਨਤਾ ਦਾ ਸਨਮਾਨ ਰੱਖਦੇ ਹੋਏ ਸਾਨੂੰ ਉਂਟੇਰੀਓ ਅਤੇ ਲੋਕਤੰਤਰ ਦੇ ਹਿੱਤ ਲਈ ਵੋਟ ਪਾਉਣੀ ਚਾਹੀਦੀ ਹੈ। ਹਰ ਵੋਟ ਦੀ ਆਪਣੀ ਕੀਮਤ ਹੈ ਅਤੇ ਆਪਣੀ ਵਿੱਲਖਣ ਬੁੱਕਤ ਹੈ। ਹੁਣ ਜਦੋਂ ਸਿਆਸੀ ਰੌਲਾ ਰੱਪਾ ਸਮਾਪਤ ਹੋ ਚੁੱਕਾ ਹੈ, ਸੋ ਵਕਤ ਆਪਣੇ ਦਿਲ ਅਤੇ ਦਿਮਾਗ ਦੀ ਆਵਾਜ਼ ਸੁਣ ਕੇ ਫੈਸਲਾ ਕਰਨ ਦਾ ਹੈ ਜੋ ਨਿੱਜੀ ਰੂਪ ਵਿੱਚ ਸਾਡੇ ਲਈ ਸਹੀ ਅਤੇ ਦਰੁਸਤ ਹੋਵੇ। ਹਰ ਕਿਸਮ ਦੇ ਬਾਹਰੀ ਕਾਰਣ ਤੋਂ ਪ੍ਰਭਾਵਿਤ ਹੋਏ ਬਗੈਰ ਆਪਣੇ ਪਸੰਦ ਦੇ ਸਹੀ ਉਮੀਦਵਾਰ ਨੂੰ ਵੋਟ ਪਾਉਣਾ ਇੱਕ ਸੁਘੜ ਅਤੇ ਸਿਆਣੇ ਵੋਟਰ ਦੀ ਨਿਸ਼ਾਨੀ ਹੈ। ਅਜਿਹਾ ਕਰਨਾ ਇੱਕ ਕਿਸਮ ਦੀ ਸਮਾਜ ਸੇਵਾ ਹੈ।

ਜਦੋਂ ਸਿਆਸੀ ਪਾਰਟੀਆਂ ਵੋਟਰਾਂ ਵਿੱਚ ਇਹ ਵਿਸ਼ਵਾਸ਼ ਪੈਦਾ ਕਰਨ ਵਿੱਚ ਅਸਫਲ ਹੋਣ ਜਾਣ ਕਿ ਉਹ ਚੰਗਾ ਬਦਲ ਪੇਸ਼ ਕਰਨ ਦੀ ਸਮਰੱਥਾ ਰੱਖਦੀਆਂ ਹਨ, ਉਸ ਸਮੇਂ ਆਪਣੀ ਸੂਝ ਮੁਤਾਬਕ ਕਿਸੇ ਸਿਆਣੇ ਅਤੇ ਪ੍ਰਤੀਬੱਧਤਾ ਵਾਲੇ ਲੋਕਲ ਉਮੀਦਵਾਰ ਨੂੰ ਵੋਟ ਪਾਉਣੀ ਚੰਗਾ ਫੈਸਲਾ ਹੋਵੇਗਾ। ਉਹ ਚੰਗਾ ਬਦਲ ਕੌਣ ਹੋਵੇ, ਇਸ ਬਾਰੇ ਫੈਸਲਾ ਹਰ ਵੋਟਰ ਨੂੰ ਆਪਣੀ ਕਮਿਉਨਿਟੀ ਦੀਆਂ ਲੋੜਾਂ ਨੂੰ ਸਾਹਮਣੇ ਰੱਖ ਕੇ ਕਰਨਾ ਚਾਹੀਦਾ ਹੈ।

2018 ਦੇ ਚੋਣ ਪਰਚਾਰ ਦੌਰਾਨ ਕੁੱਝ ਹਾਂ ਪੱਖੀ ਵਰਤਾਰੇ ਵੇਖਣ ਨੂੰ ਮਿਲੇ ਜਿਸ ਵਿੱਚ ਪੰਜਾਬੀ ਮੀਡੀਆ ਦੇ ‘ਹਾਂ ਪੱਖੀ ਰੋਲ’ ਦਾ ਵਿਸ਼ੇਸ਼ ਕਰਕੇ ਜਿ਼ਕਰ ਕਰਨਾ ਬਣਦਾ ਹੈ। ਪੰਜਾਬੀ ਪੋਸਟ ਸਮੇਤ ਵੱਖ ਵੱਖ ਮੀਡੀਆ ਅਦਾਰਿਆਂ ਨੇ ਬਹੁਤ ਪ੍ਰੌੜ ਪੱਧਰ ਦੇ ਆਰਟੀਕਲ ਅਤੇ ਚੋਣ ਸਮੀਖਿਆਵਾਂ ਪੇਸ਼ ਕੀਤੀਆਂ। ਮੀਡੀਆਕਾਰਾਂ ਵੱਲੋਂ ਰਲ ਮਿਲ ਕੇ ਜੋ ਬਹਿਸਾਂ (ਡੀਬੇਟਾਂ) ਕਰਵਾਈਆਂ ਗਈਆਂ, ਉਹ ਕਈ ਪੱਖਾਂ ਤੋਂ ਮੇਨਸਟਰੀਮ ਮੀਡੀਆ ਦੇ ਪੱਧਰ ਦੀਆਂ ਸਨ। ਬਲਕਿ ਇਹ ਆਖਣਾ ਦਰੁਸਤ ਹੋਵੇਗਾ ਕਿ ਜਿਸ ਵੋਟਰ ਵਰਗ (ਐਥਨਿਕ ਕਮਿਉਨਿਟੀ) ਦੀਆਂ ਲੋੜਾਂ ਅਤੇ ਉਮੀਦਾਂ ਬਾਰੇ ਮੇਨਸਟਰੀਮ ਮੀਡੀਆ ਵਿੱਚ ਗੱਲ ਹੀ ਨਹੀਂ ਚੱਲਦੀ, ਉਹਨਾਂ ਮੁੱਦਿਆਂ ਬਾਰੇ ਉਮੀਦਵਾਰਾਂ ਵਿੱਚ ਜਵਾਬਦੇਹੀ ਪੈਦਾ ਕਰਨ ਦਾ ਕਾਰਜ ਪੰਜਾਬੀ ਮੀਡੀਆ ਨੇ ਕੀਤਾ।

ਵੋਟ ਪਾਉਣ ਦੇ ਮਿਲ ਰਹੇ ਅਵਸਰ ਨੂੰ ਜੇ ਅਸੀਂ ਅੱਜ ਹੱਥੋਂ ਖੂੰਝਾ ਦਿੱਤਾ ਤਾਂ ਅਗਲੇ ਚਾਰ ਸਾਲ ਲਈ ਸਾਨੂੰ ਆਪਣੀ ਸੁਸਤੀ ਦਾ ਇਵਜ਼ਾਨਾ ਭੁਗਤਣਾ ਪਵੇਗਾ। ਅਬਰਾਹਿਮ ਲਿੰਕਨ ਦੇ ਇੱਕ ਕਥਨ ਦਾ ਮੋਟਾ ਪੰਜਾਬੀ ਰੂਪ ਕੁੱਝ ਇੰਝ ਹੈ ਕਿ ਜਦੋਂ ਵੋਟਰ ਆਪਣੀ ਬਣਦੀ ਜੁੰਮੇਵਾਰੀ ਨਿਭਾਉਣ ਤੋਂ ਅਵੇਸਲਾ ਹੋ ਕੇ ਵੋਟ ਨਹੀਂ ਪਾਉਂਦਾ ਤਾਂ ਆਪਣੀ ਇਸ ਗਲਤੀ ਬਦੌਲਤ ਉਹ ਆਪਣੀ ਪਿੱਠ ਲੂਹ ਬੈਠਦਾ ਹੈ ਜਿਸ ਕਾਰਣ ਪੈਦਾ ਹੋਏ ਛਾਲੇ ਉਸਨੂੰ ਅਗਲੇ ਚਾਰ ਸਾਲ ਤੱਕ ਦੁਖੀ ਕਰਦੇ ਰਹਿੰਦੇ ਹਨ। ਐਥਨਿਕ ਭਾਈਚਾਰੇ ਨੂੰ ਇਹ ਗੱਲ ਹੋਰ ਵੀ ਚੰਗੀ ਤਰਾਂ ਧਿਆਨ ਵਿੱਚ ਰੱਖਣੀ ਚਾਹੀਦੀ ਹੈ। ਸਿਆਸਤਦਾਨ ਸਮਾਜਕ ਮਸਲਿਆਂ ਵੱਲ ਉੱਨਾ ਕੁ ਹੀ ਧਿਆਨ ਦੇਂਦੇ ਹਨ ਜਿੰਨੀ ਕੁ ਸਿ਼ੱਦਤ ਨਾਲ ਅਸੀਂ ਵੋਟ ਪਾਉਂਦੇ ਹੋ। ਜੇ ਉਹਨਾਂ ਦੀ ਸਮਝ ਬਣੀ ਹੋਵੇ ਕਿ ਕਿਸੇ ਵਿਸ਼ੇਸ਼ ਭਾਈਚਾਰੇ ਨੇ ਵੋਟ ਹੀ ਨਹੀਂ ਪਾਉਣੀ ਤਾਂ ਸਾਨੂੰ ਇਹ ਭਰਮ ਵੀ ਨਹੀਂ ਪਾਲਣਾ ਚਾਹੀਦਾ ਕਿ ਸਿਆਸਤਦਾਨ ਭਾਈਚਾਰੇ ਦੇ ਮਸਲਿਆਂ ਵੱਲ ਬਣਦਾ ਧਿਆਨ ਦੇਣਗੇ। ਇਸ ਲਈ ਵੋਟ ਪਾਉਣ ਜਾਣਾ ਇੱਕ ਨਿੱਜੀ ਅਤੇ ਸਮਾਜਿਕ ਜੁੰਮੇਵਾਰੀ ਹੈ ਜੋ ਹਰ ਵੋਟਰ ਨੂੰ ਇੱਕ ਜੁੰਮੇਵਾਰ ਨਾਗਰਿਕ ਹੋਣ ਨਾਤੇ ਨਿਭਾਉਣੀ ਚਾਹੀਦੀ ਹੈ।