ਦੁਖਦਾਈ ਹੈ ਅਫਗਾਨਸਤਾਨ ਦੇ ਸਿੱਖਾਂ ਹਿੰਦੂਆਂ ਪ੍ਰਤੀ ਖੁਸ਼ਕ ਚੁੱਪ

ਅਫਗਾਨਸਤਾਨ ਦੇ ਜਲਾਲਾਬਾਦ ਸ਼ਹਿਰ ਵਿੱਚ 1 ਜੁਲਾਈ ਨੂੰ ਹੋਏ ਬੰਬ ਧਮਾਕੇ ਵਿੱਚ 17 ਸਿੱਖਾਂ ਅਤੇ ਹਿੰਦੂਆਂ ਸਮੇਤ 19 ਵਿਅਕਤੀ ਮਾਰੇ ਗਏ। ਮਰਨ ਵਾਲਿਆਂ ਵਿੱਚ ਬਹੁ ਗਿਣਤੀ ਸਿੱਖ ਸਨ ਜਿਹਨਾਂ ਉੱਤੇ ਹਮਲਾ ਕਰਨ ਦੀ ਜੁੰਮੇਵਾਰੀ ਬਦਨਾਮ ਇਸਲਾਮਿਕ ਗਰੁੱਪ ਆਈਸਿਸ ਨੇ ਲਈ ਹੈ। ਇਸ ਸਾਲ ਅਕਤੂਬਰ ਵਿੱਚ ਹੋਣ ਵਾਲੀਆਂ ਚੋਣਾਂ ਵਿੱਚ ਇੱਕੋ ਇੱਕ ਘੱਟ ਗਿਣਤੀ ਭਾਈਚਾਰੇ ਦਾ ਉਮੀਦਵਾਰ ਅਵਤਾਰ ਸਿੰਘ ਵੀ ਮਰਨ ਵਾਲਿਆਂ ਵਿੱਚ ਸ਼ਾਮਲ ਸੀ। ਸਿੱਖਾਂ ਹਿੰਦੂਆਂ ਉੱਤੇ ਹੋਏ ਇਸ ਅਤਿਵਾਦੀ ਹਮਲੇ ਤੋਂ ਬਾਅਦ ਉਸ ਬਿਖੜੇ ਮੁਲਕ ਵਿੱਚ ਸਿੱਖ ਹਿੰਦੂ ਭਾਈਚਾਰੇ ਦੇ ਭੱਵਿਖ ਬਾਰੇ ਚਰਚਾ ਦਾ ਦੁਬਾਰਾ ਆਰੰਭ ਹੋਣਾ ਸੁਭਾਵਿਕ ਹੈ।

ਅਫਗਾਨਸਤਾਨ ਇੱਕ ਇਸਲਾਮਿਕ ਮੁਲਕ ਹੈ ਜਿੱਥੇ ਸਮਾਜ ਵਿੱਚ ਧਾਰਮਿਕ ਸਹਿਣਸ਼ੀਲਤਾ ਦਾ ਅੰਸ਼ ਨਾ ਮਾਤਰ ਹੈ। ਤਾਲੀਬਾਨ ਅਤੇ ਆਈਸਸਿ ਵਰਗੀਆਂ ਅਤਿਵਾਦੀ ਇਸਲਾਮਿਕ ਤਾਕਤਾਂ ਵੱਲੋਂ ਆਰੰਭੇ ਜਹਾਦ ਦਾ ਕੋਝਾ ਪੱਖ ਕਿਸੇ ਤੋਂ ਛੁਪਿਆ ਨਹੀਂ ਹੋਇਆ। ਪਾਕਿਸਤਾਨ, ਬੰਗਲਾਦੇਸ਼ ਵਾਗੂੰ ਅਫਗਾਨਸਤਾਨ ਵਿੱਚ ਵੀ ਸਿੱਖਾਂ ਹਿੰਦੂਆਂ ਨੂੰ ਤਰਤੀਬ-ਬੱਧ ਤਰੀਕੇ ਨਾਲ ਮਾਰ ਕੁੱਟ, ਧੱਕੇਸ਼ਾਹੀ, ਕਤਲਾਂ ਅਤੇ ਬਲਾਤਕਾਰ ਜਿਹੀਆਂ ਘਿਨਾਉਣੀਆਂ ਹਰਕਤਾਂ ਰਾਹੀਂ ਦੇਸ਼ ਛੱਡਣ ਲਈ ਮਜ਼ਬੂਰ ਕਰਨ ਦਾ ਇੱਕ ਲੰਬਾ ਚੌੜਾ ਇਤਿਹਾਸ ਹੈ। ਅਫਗਾਨਸਤਾਨ ਵਿੱਚ ਰਹਿ ਗਏ ਸਿੱਖ ਹਿੰਦੂ ਨਾ ਭਾਰਤ ਦੇ ਸਿਆਸੀ ਸਮੀਕਰਣਾਂ ਦੇ ਸਾਂਚੇ ਵਿੱਚ ਫਿੱਟ ਹੁੰਦੇ ਸਨ ਅਤੇ ਨਾ ਹੀ ਸਿੱਖਾਂ ਹਿੰਦੂਆਂ ਦੇ ਹੱਕਾਂ ਲਈ ਲੜਨ ਵਾਲੀਆਂ ਜੱਥੇਬੰਦੀਆਂ ਦੇ ਸਿਆਸੀ, ਆਰਥਕ ਉਦੇਸ਼ਾਂ ਦੇ ਬਹੁਤਾ ਅਨੁਕੂਲ ਬੈਠਦੇ ਹਨ। ਸਿੱਟੇ ਵਜੋਂ ਇਹ ਵਿਚਾਰੇ ਆਪਣਿਆਂ ਅਤੇ ਪਰਾਇਆਂ ਦੋਵਾਂ ਹੱਥਾਂ ਬੇ-ਖਿਆਲੀ ਦਾ ਸਿ਼ਕਾਰ ਹੁੰਦੇ ਆਏ ਸਨ।

2016 ਵਿੱਚ United Nation Commission on Human Rights  (ਮਨੁੱਖੀ ਅਧਿਕਾਰਾਂ ਬਾਰੇ ਯੂਨਾਈਟਡ ਨੇਸ਼ਨ ਦੇ ਕਮਿਸ਼ਨ) ਵੱਲੋਂ ਅਫਗਾਨ ਹਿੰਦੂ ਅਤੇ ਸਿੱਖਾਂ ਦੇ ਕਲੇਮਾਂ ਦਾ ਮੁਲਾਂਕਣ ਕਰਨ ਲਈ ਤਿਆਰ ਕੀਤੀ ਰਿਪੋਰਟ ਕੁੱਝ ਕੌੜੇ ਅੰਕੜੇ ਪੇਸ਼ ਕਰਦੀ ਹੈ। ਰਿਪੋਰਟ ਮੁਤਾਬਕ ਅਫਗਾਨਸਤਾਨ ਵਿੱਚ ਸਿੱਖਾਂ ਅਤੇ ਹਿੰਦੂਆਂ ਦੇ ਵੱਸਣ ਦਾ ਇਤਿਹਾਸ 200 ਸਾਲ ਪੁਰਾਣਾ ਹੈ। ਕੁੱਝ ਸਿੱਖ ਹਿੰਦੂ ਉਹ ਵੀ ਹਨ ਜਿਹੜੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਫੇਰੀ ਦੌਰਾਨ ਉਹਨਾਂ ਦੇ ਪੈਰੋਕਾਰ ਬਣੇ ਸਨ। ਬੀ ਬੀ ਸੀ ਦੀ ਇੱਕ ਰਿਪੋਰਟ ਮੁਤਾਬਕ ਅੱਜ ਤੋਂ ਤਿੰਨ ਦਹਾਕੇ ਪਹਿਲਾਂ ਉੱਥੇ ਸਿੱਖਾਂ ਹਿੰਦੂਆਂ ਦੀ ਗਿਣਤੀ 1 ਲੱਖ ਹੁੰਦੀ ਸੀ ਜੋ ਤਰਤੀਬਵਾਰ ਵਿਤਕਰੇ ਅਤੇ ਧੱਕੇ ਦੇ ਨਤੀਜੇ ਵਜੋਂ ਅੱਜ 1000 ਤੋਂ ਵੀ ਘੱਟ ਰਹਿ ਗਈ ਹੈ। 1979 ਵਿੱਚ ਸੋਵੀਅਤ ਰੂਸ ਦੇ ਹਮਲੇ ਤੋਂ ਬਾਅਦ ਪੈਦਾ ਹੋਈ ਅਰਾਜਕਤਾ ਅਤੇ 1992 ਵਿੱਚ ਬਾਬਰੀ ਮਸਜਿਦ ਦੇ ਢਾਹੇ ਜਾਣ ਉਪਰੰਤ ਫੈਲੀ ਨਫ਼ਰਤ ਦੀ ਹਨੇਰੀ ਨੇ ਸਿੱਖਾਂ ਹਿੰਦੂਆਂ ਦੇ ਇਸ ਮੁਲਕ ਵਿੱਚ ਨਾਮੋ ਨਿਸ਼ਾਨ ਨੂੰ ਲੱਗਭੱਗ ਖਤਮ ਕਰ ਦਿੱਤਾ ਹੈ। ਇਹਨਾਂ ਵਿੱਚੋਂ ਜਿ਼ਆਦਾਤਰ ਪਰਿਵਾਰ ਉੱਜੜ ਕੇ ਭਾਰਤ ਆ ਗਏ ਜਿੱਥੇ ਕਈ ਕਿਸਮ ਦੇ ਔਖੇ ਹਾਲਾਤਾਂ ਦਾ ਸਾਹਮਣਾ ਕਰਨ ਦੇ ਬਾਵਜੂਦ ਉਹਨਾਂ ਦਾ ਜੀਵਨ ਸੁਰੱਖਿਅਤ ਹੈ।

ਸਿੱਖ ਭਾਈਚਾਰੇ ਨਾਲ ਬਾਵਾਸਤਾ ਮਸਲਿਆਂ ਵਿੱਚ ਮਦਦ ਦੇਣ ਲਈ ਵਿਦੇਸ਼ਾਂ ਵਿੱਚ ਵੱਸਦੇ ਸਿੱਖ ਭਾਈਚਾਰੇ ਨੇ ਸਮੇਂ 2 ਉੱਤੇ ਜਿ਼ਕਰਯੋਗ ਅਤੇ ਸਲਾਹੁਣਯੋਗ ਯੋਗਦਾਨ ਪਾਇਆ ਹੈ ਪਰ ਅਫਸੋਸ ਕਿ ਸਿੱਖ ਭਾਈਚਾਰਾ ਆਪਣੇ ਅਫਗਾਨੀ ਹਮਸਾਇਆਂ ਪ੍ਰਤੀ ਬਹੁਤਾ ਕਰਕੇ ਉਦਾਸੀਨ ਹੀ ਰਿਹਾ ਹੈ। ਇਸਦਾ ਇੱਕ ਕਾਰਣ ਸ਼ਾਇਦ ਅਫਗਾਨੀ ਸਿੱਖਾਂ ਦਾ ਕਿਸੇ ਵੀ ਧਿਰ ਦੇ ਸਿਆਸੀ ਹਿੱਤ ਦੇ ਢਾਂਚੇ ਵਿੱਚ ਫਿੱਟ ਨਾ ਹੋਣਾ ਹੈ। ਅਫਗਾਨੀ ਸਿੱਖਾਂ ਦੀ ਸਥਿਤੀ ਬਾਰੇ ਕਈ ਜੱਥੇਬੰਦੀਆਂ ਵੱਲੋਂ ਰਸਮੀ ਬਿਆਨ ਵੀ ਜਾਰੀ ਨਾ ਕਰਨ ਬਾਰੇ ਕੀ ਆਖਿਆ ਜਾਵੇ! ਸਿੱਖ ਜੱਥੇਬੰਦੀਆਂ ਵੱਲੋਂ ਮਨੁੱਖੀ ਅਧਿਕਾਰਾਂ ਦੀਆਂ ਲੜਾਈਆਂ ਵਿੱਚ ਬਰਮਾ, ਸੀਰੀਆ ਤੱਕ ਜਾ ਕੇ ਹਿੱਸੇਦਾਰ ਬਣਨਾ ਸ਼ਲਾਘਾਯੋਗ ਹੈ ਪਰ ਆਪਣੇ ਹਮਸਾਇਆਂ ਪ੍ਰਤੀ ਉਦਾਸੀਨਤਾ ਦੀ ਵਿਆਖਿਆ ਲੱਭਣੀ ਔਖੀ ਹੈ।

ਕੈਨੇਡਾ ਵਿੱਚ ਅਲਬਰਟਾ ਤੋਂ ਮਹਿਰੂਮ ਐਮ ਐਲ ਏ ਮਨਮੀਤ ਸਿੰਘ ਭੁੱਲਰ ਨੇ ਜਰੂਰ ਕੁੱਝ ਸਾਰਥਕ ਕਰਨ ਦਾ ਹੀਆ ਕੀਤਾ ਸੀ ਪਰ ਕਿਸੇ ਸਿੱਖ ਜਾਂ ਕੈਨੇਡੀਅਨ ਐਮ ਪੀ, ਐਮ ਐਲ ਏ ਜਾਂ ਜੱਥੇਬੰਦੀ ਨੇ ਉਸਦਾ ਬਣਦਾ ਸਾਥ ਨਹੀਂ ਸੀ ਦਿੱਤਾ। ਇਹ ਵੱਖਰੀ ਗੱਲ ਹੈ ਕਿ ਇਸ ਹਫਤੇ ਹੋਏ ਕਤਲੇਆਮ ਤੋਂ ਬਾਅਦ ਉਸਦਾ ਨਾਮ ਲੈ ਕੇ ਅਫਗਾਨੀ ਸਿੱਖਾਂ ਦੀ ਮਦਦ ਵਾਸਤੇ ਦੁਬਾਰਾ ਗੁਹਾਰ ਕੀਤੀ ਜਾ ਰਹੀ ਹੈ। ਕੱਲ ਨੂੰ ਾਤ ਗਈ ਬਾਤ ਗਈ’ ਵਾਲੀ ਸੂਰਤ ਦੁਬਾਰਾ ਪੈਦਾ ਹੋ ਜਾਵੇਗੀ।

ਅਫਗਾਨੀ ਸਿੱਖਾਂ ਨੂੰ ਕੈਨੇਡਾ ਵਿੱਚ ਪਨਾਹ ਦੇਣ ਲਈ ਲਿਬਰਲ ਸਰਕਾਰ ਦੇ 2016 ਵਿੱਚ ਇੰਮੀਗਰੇਸ਼ਨ ਮੰਤਰੀ ਜੌਹਨ ਮਕੈਲਮ ਨੂੰ ਪੇਸ਼ ਕਰਨ ਲਈ ਇੱਕ ਪਟੀਸ਼ਨ ਆਰੰਭੀ ਗਈ ਸੀ। ਉਸ ਪਟੀਸ਼ਨ ਨੂੰ ਸਿਰਫ਼ 65 ਬੰਦਿਆਂ ਨੇ ਸਾਈਨ ਕੀਤਾ ਸੀ ਅਤੇ ਉਸਦੇ ਹੱਕ ਵਿੱਚ ਮਹਿਜ਼ ਦੋ ਟਿੱਪਣੀਆਂ ਪਾਈਆਂ ਵੇਖੀਆਂ ਗਈਆਂ। ਕੈਨੇਡਾ ਪੋਸਟ ਤੋਂ ਡਾਕ ਵਾਲੇ ਬਕਸੇ ਸਹੀ ਥਾਂ ਕਰਨ ਦੀ ਮੰਗ ਵਾਲੀ ਪਟੀਸ਼ਨ ਉੱਤੇ ਵੀ ਖਾਲਸਾ ਪਰੇਡ ਦੌਰਾਨ ਹਜ਼ਾਰਾਂ ਸਾਈਨ ਹੋ ਜਾਂਦੇ ਰਹੇ ਹਨ। ਆਪਣੇ ਅਫਗਾਨੀ ਹਮਸਾਇਆਂ ਪ੍ਰਤੀ ਭਾਈਚਾਰੇ ਦੀ ਉਦਾਸੀਨਤਾ ਦੀ ਇਹ ਇੱਕ ਮਿਸਾਲ ਹੈ। ਜੇ ਮਜ਼ਲੂਮਾਂ ਦੇ ਹੱਕਾਂ ਲਈ ਲੜਨ ਵਾਲੀ ਸਿੱਖ ਕੌਮ ਖੁਦ ਦੇ ਪੀੜਤ ਭੈਣਾਂ ਭਰਾਵਾਂ ਲਈ ਕੁੱਝ ਸਾਰਥਕ ਨਹੀਂ ਕਰਦੀ ਤਾਂ ਅਫਸੋਸ ਤੋਂ ਇਲਾਵਾ ਹੋਰ ਕੀ ਕੀਤਾ ਜਾ ਸਕਦਾ ਹੈ?

ਐਡੀਟੋਰੀਅਲ ਨੋਟ: ਉੱਤੇ ਜਿ਼ਕਰ ਕੀਤੀ ਗਈ ਪਟੀਸ਼ਨ ਨੂੰ ਉੱੇਤੇ ਜਾ ਕੇ ਵੇਖਿਆ ਜਾ ਸਕਦਾ ਹੈ https://www.change.org/p/john-mccallum-justin-trudeau-government-of-canada-bring-afghan-sikhs-and-hindus-to-canada-as-refugeesਜੋ ਸਮਾਂ ਵਿਆਹੁਣ ਕਾਰਣ ਹੁਣ ਬੰਦ ਹੋ ਚੁੱਕੀ ਹੈ।