ਦੀਪਾ ਕਰਮਾਕਰ ਨੇ ਵਿਸ਼ਵ ਕੱਪ ਵਿੱਚ ਸੋਨ ਤਗਮਾ ਜਿੱਤਿਆ


ਮਰਸਿਨ (ਤੁਰਕੀ), 9 ਜੁਲਾਈ (ਪੋਸਟ ਬਿਊਰੋ)- ਕਰੀਬ ਦੋ ਸਾਲ ਬਾਅਦ ਖੇਡ ਵਿੱਚ ਵਾਪਸੀ ਕਰ ਕੇ ਭਾਰਤ ਦੀ ਦੀਪਾ ਕਰਮਾਕਰ ਨੇ ਐਫ ਆਈ ਜੀ ਆਰਟਿਸਿਟਕ ਜਿਮਨਾਸਟਿਕ ਵਿਸ਼ਵ ਚੈਲੇਂਜ ਕੱਪ ਵਿੱਚ ਸੋਨ ਤਗਮਾ ਜਿੱਤਿਆ ਅਤੇ ਇਸ ਦੇ ਨਾਲ ਉਹ ਜਿਮਨਾਸਟਿਕ ਵਿਸ਼ਵ ਕੱਪ ਦਾ ਸੋਨਾ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਬਣ ਗਈ ਹੈ।
ਦੀਪਾ ਨੇ ਕੱਲ੍ਹ ਤੁਰਕੀ ਦੇ ਮਰਸਿਨ ਸ਼ਹਿਰ ਵਿੱਚ ਇਸ ਟੂਰਨਾਮੈਂਟ ਦੇ ਵਾਲਟ ਇਵੈਂਟ ਦਾ ਸੋਨ ਤਗਮਾ ਜਿੱਤਿਆ। ਤਿ੍ਰਪੁਰਾ ਦੀ 24 ਸਾਲਾ ਜਿਮਨਾਸਟਿਕ ਖਿਡਾਰਨ ਨੇ 2016 ਵਿੱਚ ਰੀਓ ਓਲੰਪਿਕ ਦੇ ਵਾਲਟ ਇਵੈਂਟ ਵਿੱਚ ਚੌਥਾ ਸਥਾਨ ਪ੍ਰਾਪਤ ਕੀਤਾ ਸੀ। ਕੱਲ੍ਹ ਉਸ ਨੇ 14.150 ਅੰਕਾਂ ਨਾਲ ਸੋਨ ਤਗਮਾ ਜਿੱਤਿਆ। ਕੁਆਲੀਫਿਕੇਸ਼ਨ ਰਾਊਂਡ ਵਿੱਚ ਵੀ ਉਸ ਨੇ 13.400 ਅੰਕਾਂ ਨਾਲ ਟਾਪ ਕੀਤਾ ਸੀ। ਇਹ ਵਿਸ਼ਵ ਚੈਲੇਂਜ ਕੱਪ ਦਾ ਦੀਪਾ ਦਾ ਪਹਿਲਾ ਤਗਮਾ ਹੈ। ਇਸ ਤੋਂ ਪਹਿਲਾਂ ਇੰਡੋਨੇਸ਼ੀਆ ਦੀ ਰਿਫਡਾ ਇਫਾਨਾਲੋਥਪੀ ਨੇ 13.400 ਅੰਕਾਂ ਨਾਲ ਦੂਸਰਾ ਅਤੇ ਤੁਰਕੀ ਦੀ ਖਿਡਾਰਨ ਗੋਕਸੂ ਉਸਟੈਸਨ 13.200 ਅੰਕਾਂ ਨਾਲ ਤੀਸਰਾ ਸਥਾਨ ਪ੍ਰਾਪਤ ਕੀਤਾ। ਦੀਪਾ ਦਾ ਕੋਚ ਬਿਸ਼ਵੇਸ਼ਵਰ ਨੰਦੀ ਵੀ ਉਸ ਦੇ ਨਾਲ ਸੀ। ਦੀਪਾ ਨੇ ਬੈਲੈਂਸ ਬੀਮ ਫਾਈਨਲ ਵਿੱਚ ਵੀ ਜਗ੍ਹਾ ਬਣਾਈ, ਪਰ ਕੁਆਲੀਫਿਕੇਸ਼ਨ ਰਾਊਂਡ ਵਿੱਚ ਉਹ 11.850 ਅੰਕਾਂ ਨਾਲ ਤੀਸਰੇ ਸਥਾਨ ‘ਤੇ ਰਹੀ। ਰੀਓ ਓਲੰਪਿਕ ਤੋਂ ਪਿੱਛੋਂ ਦੀਪਾ ਦੇ ਸੱਟ ਲੱਗ ਗਈ ਸੀ। ਇਸ ਦੌਰਾਨ ਉਸ ਦਾ ਆਪਰੇਸ਼ਨ ਵੀ ਹੋਇਆ। ਉਸ ਨੇ ਕਾਮਨਵੈੱਲਥ ਖੇਡਾਂ ਤੱਕ ਵਾਪਸੀ ਦੀ ਆਸ ਪ੍ਰਗਟ ਕੀਤੀ ਸੀ, ਪਰ ਸੱਟ ਠੀਕ ਹੋਣ ਲਈ ਕਾਫੀ ਸਮਾਂ ਲੱਗ ਗਿਆ ਤੇ ਉਹ ਕਾਮਨਵੈੱਲਥ ਖੇਡਾਂ ਵਿੱਚ ਹਿੱਸਾ ਨਹੀਂ ਲੈ ਸਕੀ। ਦੀਪਾ ਨੂੰ ਅਗਸਤ ਵਿੱਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਲਈ 10 ਮੈਂਬਰੀ ਭਾਰਤੀ ਜਿਮਨਾਸਟਕ ਟੀਮ ਵਿੱਚ ਵੀ ਸ਼ਾਮਲ ਕੀਤਾ ਗਿਆ ਹੈ।