ਦਿੱਲੀ ਵਿੱਚ 139 ਕਰੋੜ ਦਾ ਘਪਲਾ ਜ਼ਾਹਰ ਹੋਣ ਦੇ ਨਾਲ ਕੇਜਰੀਵਾਲ ਸਰਕਾਰ ਲਈ ਮੁਸ਼ਕਲ

ਨਵੀਂ ਦਿੱਲੀ, 9 ਮਈ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਇਕ ਵਾਰ ਫਿਰ ਮੁਸ਼ਕਲ ਵਿੱਚ ਫਸਦੇ ਨਜ਼ਰ ਆ ਰਹੇ ਹਨ। ਦਿੱਲੀ ਲੇਬਰ ਵੇਲਫੇਅਰ ਬੋਰਡ ਵਿਚ ਫਰਜੀ ਮਜਦੂਰਾਂ ਦੀ ਰਜਿਸਟਰੇਸ਼ ਦਾ ਘਪਲਾ ਜ਼ਾਹਰ ਹੋਣ ਨਾਲ ਕੇਜਰੀਵਾਲ ਦੀ ਮੁਸ਼ਕਲ ਵਧ ਸਕਦੀ ਹੈ ।
ਮਿਲੀ ਜਾਣਕਾਰੀ ਅਨੁਸਾਰ ਪਿਛਲੇ ਤਿੰਨ ਸਾਲ ਤੋਂ ਦਿੱਲੀ ਵਿਚ ‘ਆਪ’ ਪਾਰਟੀ ਦੀ ਸਰਕਾਰ ਉੱਤੇ ਕੰਸਟਰਕਸ਼ਨ ਲੇਬਰ ਫੰਡ ਵਿਚ 139 ਕਰੋੜ ਦੇ ਘੋਟਾਲੇ ਦਾ ਦੋਸ਼ ਲੱਗਾ ਹੈ। ਇਸ ਦੀ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਸਰਕਾਰ ਦੇ ਲੇਬਰ ਮੰਤਰਾਲਾ ਨੇ ਕਈ ਕੰਮ-ਕਾਜੀ ਲੋਕਾਂ ਦਾ ਵੀ ਗ਼ੈਰ-ਕਾਨੂੰਨੀ ਤਰੀਕੇ ਨਾਲ ਦਿੱਲੀ ਲੇਬਰ ਵੇਲਫੇਅਰ ਬੋਰਡ ਵਿਚ ਰਜਿਸਟਰ ਕਰਵਾ ਦਿਤਾ, ਜਦੋਂ ਕਿ ਕਿਸੇ ਕੰਪਨੀ ਵਿਚ ਕੰਮ ਕਰਦੇ ਲੋਕਾਂ ਅਤੇ ਚਾਲਕ ਆਦਿ ਦੀ ਨੌਕਰੀ ਕਰਨ ਵਾਲਿਆਂ ਦਾ ਵੇਲਫੇਅਰ ਬੋਰਡ ਵਿਚ ਰਜਿਸਟਰੇਸ਼ਨ ਨਹੀਂ ਕੀਤਾ ਜਾ ਸਕਦਾ। ਇਹ ਦੋਸ਼ ਲੱਗਦਾ ਹੈ ਕਿ ਦਿੱਲੀ ਸਰਕਾਰ ਨੇ ਵੋਟ ਬੈਂਕ ਮਜਬੂਤ ਕਰਨ ਲਈ ਨਿਯਮਾਂ ਦਾ ਲਾਂਭੇ ਕਰ ਕੇ ਇਹ ਕੰਮ ਕੀਤਾ ਹੈ ।
ਦਿੱਲੀ ਲੇਬਰ ਵੇਲਫੇਅਰ ਬੋਰਡ ਦੇ ਸਾਬਕਾ ਪ੍ਰਧਾਨ ਦੀ ਸ਼ਿਕਾਇਤ ਉੱਤੇ ਦਿੱਲੀ ਸਰਕਾਰ ਦੀ ਭ੍ਰਿਸ਼ਟਾਚਾਰ ਵਿਰੋਧੀ ਬਿਊਰੋ (ਏ ਸੀ ਬੀ) ਨੇ ਦਿੱਲੀ ਲੇਬਰ ਵੇਲਫੇਅਰ ਬੋਰਡ ਦੇ ਵਿਰੁੱਧ ਛੇ ਧਾਰਾਵਾਂ ਦਾ ਕੇਸ ਦਰਜ ਕੀਤਾ ਹੈ। ਤਿੰਨ ਹਫਤੇ ਪਹਿਲਾਂ ਦਿੱਲੀ ਲੇਬਰ ਵੇਲਫੇਅਰ ਬੋਰਡ ਦੇ ਸਾਬਕਾ ਪ੍ਰਧਾਨ ਅਤੇ ਮਜਦੂਰ ਨੇਤਾ ਸੁਖਬੀਰ ਸ਼ਰਮਾ ਨੇ ਏ ਸੀ ਬੀ ਨੇ ਇਹ ਸਿ਼ਕਾਇਤੀ ਕੀਤੀ ਸੀ ਕਿ ਦਿੱਲੀ ਸਰਕਾਰ ਨੇ ਕੰਸਟਰਕਸ਼ਨ ਲੇਬਰ ਫੰਡ ਵਿੱਚ 139 ਕਰੋੜ ਦੀ ਗੜਬੜ ਕੀਤੀ ਹੈ ।
ਵਰਨਣ ਯੋਗ ਹੈ ਕਿ ਦਸੰਬਰ 2017 ਵਿਚ ਭਾਜਪਾ ਦੇ ਦਿੱਲੀ ਰਾਜ ਦੇ ਪ੍ਰਧਾਨ ਅਤੇ ਪਾਰਲੀਮੈਂਟ ਮਨੋਜ ਤਿਵਾੜੀ ਨੇ ਕੰਸਟਰਕਸ਼ਨ ਲੇਬਰ ਫੰਡ ਵਿੱਚ ਕਰੋੜਾਂ ਦੇ ਘੋਟਾਲੇ ਦਾ ਦੋਸ਼ ਲਾਇਆ ਸੀ, ਪਰ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਉਨ੍ਹਾਂ ਦੇ ਦੋਸ਼ ਨੂੰ ਰੱਦ ਕਰ ਦਿਤਾ ਸੀ। ਓਸੇ ਘੋਟਾਲੇ ਦੀ ਲਿਖਤੀ ਸ਼ਿਕਾਇਤ ਹੋਣ ਉੱਤੇ ਏ ਸੀ ਬੀ ਨੇ ਪਹਿਲਾਂ ਜਾਂਚ ਕੀਤੀ ਅਤੇ ਕਈ ਅਜਿਹੇ ਮਜਦੂਰਾਂ ਨੂੰ ਲੱਭਿਆ ਗਿਆ, ਜਿਨ੍ਹਾਂ ਦਾ ਫਰਜੀ ਰਜਿਸਟਰੇਸ਼ਨ ਹੋਇਆ ਸੀ। ਇਸ ਦੇ ਬਾਅਦ ਭ੍ਰਿਸ਼ਟਾਚਾਰ, ਫਰਜੀਵਾੜਾ ਅਤੇ ਆਪਰਾਧਿਕ ਸਾਜਿਸ਼ ਰਚਣ ਦੀਆਂ ਛੇ ਧਾਰਾਵਾਂ ਦਾ ਕੇਸ ਦਰਜ ਕੀਤਾ ਗਿਆ ਹੈ।