ਦਿੱਲੀ ਪੁਲਸ ਨੇ ਹੁਣ ਕਿਹੈ: ਕਤਲ ਹੋਇਆ ਸੀ ਸੁਨੰਦਾ ਪੁਸ਼ਕਰ ਦਾ


ਨਵੀਂ ਦਿੱਲੀ, 13 ਮਾਰਚ (ਪੋਸਟ ਬਿਊਰੋ)- ਸਾਬਕਾ ਕੇਂਦਰੀ ਮੰਤਰੀ ਸ਼ਸ਼ੀ ਥਰੂਰ ਦੀ ਪਤਨੀ ਸੁਨੰਦਾ ਪੁਸ਼ਕਰ ਦੀ ਮੌਤ ਇਕ ਹਾਦਸਾ ਨਹੀਂ, ਇਹ ਕਤਲ ਸੀ, ਪਰ ਦਿੱਲੀ ਪੁਲਸ ਨੇ ਇਸ ਮਾਮਲੇ ਨੂੰ ਦਬਾਈ ਰੱਖਿਆ। ਇਸ ਸੰਬੰਧ ਵਿੱਚ ਦਿੱਲੀ ਪੁਲਸ ਦਾ ਇਕ ਸੀਕ੍ਰੇਟ ਡਾਕਿਊਮੈਂਟ ਹੁਣ ਜਾਰੀ ਕੀਤਾ ਗਿਆ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਸੁਨੰਦਾ ਦੀ ਬਾਡੀ ਉਤੇ ਸੱਟ ਦੇ ਗੰਭੀਰ ਨਿਸ਼ਾਨ ਸਨ ਅਤੇ ਉਸ ਦੀ ਗਰਦਨ ਉੱਤੇ ਵੀ ਡੂੰਘੀ ਸੱਟ ਸੀ।
ਹੁਣ ਸਾਹਮਣੇ ਆਈ ਇਸ ਰਿਪੋਰਟ ਦੇ ਬਾਅਦ ਦਿੱਲੀ ਪੁਲਸ ਦੇ ਚੋਟੀ ਦੇ ਅਧਿਕਾਰੀ ਸਵਾਲਾਂ ਦੇ ਘੇਰੇ ਵਿੱਚ ਆ ਗਏ ਹਨ ਕਿ ਹਾਈ ਕੋਰਟ ਦੇ ਵਾਰ-ਨਾਰ ਹੁਕਮ ਦੇਣ ਦੇ ਬਾਅਦ ਵੀ ਇਹ ਦਸਤਾਵੇਜ਼ ਕੋਰਟ ਨਹੀਂ ਪਹੁੰਚੇ, ਪਰ ਮੀਡੀਆ ਵਿੱਚ ਲੀਕ ਹੋ ਗਏ ਹਨ। ਦਿੱਲੀ ਪੁਲਸ ਨੇ ਹੁਣ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਪਹਿਲੇ ਦਿਨੋਂ ਹੀ ਪਤਾ ਸੀ ਕਿ ਸੁਨੰਦਾ ਦੀ ਹੱਤਿਆ ਹੋਈ ਸੀ। ਫਿਰ ਇਸ ਨੂੰ ਕਿਉਂ ਲੁਕਾਇਆ ਗਿਆ, ਇਸ ਬਾਰੇ ਕੋਈ ਵੀ ਅਫਸਰ ਬੋਲਣ ਨੂੰ ਤਿਆਰ ਨਹੀਂ।
ਵਰਨਣ ਯੋਗ ਹੈ ਕਿ ਲੀਕ ਹੋਇਆ ਗੁਪਤ ਦਸਤਾਵੇਜ਼ ਵਸੰਤ ਕੁੰਜ ਦੇ ਐਸ ਡੀ ਐਮ ਆਲੋਕ ਸ਼ਰਮਾ ਦੀ ਬਣਾਈ ਗਈ ਰਿਪੋਰਟ ਹੈ, ਜਿਸ ਵਿੱਚ ਉਨ੍ਹਾਂ ਨੇ ਸਾਫ ਕਿਹਾ ਹੈ ਕਿ ਮੌਕੇ ਉੱਤੇ ਮਿਲੇ ਸਬੂਤ ਅਤੇ ਉਸ ਦੀ ਬਾਡੀ ਉੱਤਲੇ ਨਿਸ਼ਾਨ ਹੱਤਿਆ ਵੱਲ ਇਸ਼ਾਰਾ ਕਰਦੇ ਹਨ। ਸੁਨੰਦਾ ਪੁਸ਼ਕਰ ਦੀ ਲਾਸ਼ ਦਿੱਲੀ ਦੇ ਲੀਲਾ ਪੈਲੇਸ ਹੋਟਲ ਵਿੱਚ 17 ਜਨਵਰੀ 2014 ਨੂੰ ਭੇਦਭਰੀ ਹਾਲਤ ਵਿੱਚ ਬਰਾਮਦ ਹੋਈ ਸੀ। ਇਸ ਦੀ ਜਾਂਚ ਲਈ ਦਿੱਲੀ ਪੁਲਸ ਨੇ ਐਨ ਆਈ ਟੀ ਦਾ ਗਠਨ ਕੀਤਾ ਸੀ, ਜਿਸ ਦੇ ਮੁਖੀ ਵਿਵੇਕ ਗੋਗੀਆ ਸਨ, ਪਰ ਉਨ੍ਹਾਂ ਨੂੰ ਉਥੋਂ ਬਾਅਦ ਵਿੱਚ ਹਟਾ ਦਿੱਤਾ ਗਿਆ ਸੀ।