ਦਿੱਲੀ ਦੰਗਿਆਂ ਬਾਰੇ ਸੱਜਣ ਕੁਮਾਰ ਦਾ ‘ਲਾਈ ਡਿਟੈਕਟਰ ਟੈਸਟ’ 30 ਮਈ ਨੂੰ ਹੋਵੇਗਾ


ਨਵੀਂ ਦਿੱਲੀ, 14 ਮਈ, (ਪੋਸਟ ਬਿਊਰੋ)- ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਮੌਤ ਦੇ ਬਾਅਦ ਨਵੰਬਰ 1984 ਦੇ ਸਿੱਖ ਕਤਲੇਆਮ ਕੇਸ ਵਿੱਚ ਦੋਸ਼ੀ ਮੰਨੇ ਜਾਂਦੇ ਕਾਂਗਰਸੀ ਆਗੂ ਸੱਜਣ ਕੁਮਾਰ ਦਾ ‘ਲਾਈ ਡਿਟੈਕਟਰ ਟੈਸਟ’ ਇਸ 30 ਮਈ ਨੂੰ ਕਰਵਾਇਆ ਜਾਵੇਗਾ। ਦੁਆਰਕਾ ਅਦਾਲਤ ਵਿੱਚ ਅੱਜ ਹੋਈ ਸੁਣਵਾਈ ਦੌਰਾਨ ਸੱਜਣ ਕੁਮਾਰ ਨੇ ‘ਝੂਠ ਫੜਨ ਵਾਲੀ ਮਸ਼ੀਨ’ ਦਾ ਸਾਹਮਣਾ ਕਰਨ ਦੇ ਲਈ ਹਾਂ ਕਰ ਦਿੱਤੀ ਹੈ, ਜਿਸ ਦੇ ਬਾਅਦ ਅਦਾਲਤ ਨੇ ਉਸ ਦਾ ਇਹ ਟੈਸਟ 30 ਮਈ ਨੂੰ ਕਰਨ ਦਾ ਹੁਕਮ ਜਾਰੀ ਕਰ ਦਿੱਤਾ ਹੈ।
ਵਰਨਣ ਯੋਗ ਹੈ ਕਿ ਨਵੰਬਰ 1984 ਦੇ ਸਿੱਖ ਕਤਲੇਆਮ ਦੇ ਕੇਸਾਂ ਦੀ ਜਾਂਚ ਕਰ ਰਹੀ ਵਿਸ਼ੇਸ਼ ਜਾਂਚ ਟੀਮ (ਐਸ ਆਈ ਟੀ) ਨੇ ਸੱਜਣ ਕੁਮਾਰ ਦੀ ਉਕਤ ਜਾਂਚ ਕਰਾਉਣ ਦੀ ਮੰਗ ਕੀਤੀ ਸੀ। ਇਸ ਦੌਰਾਨ ਸੱਜਣ ਕੁਮਾਰ ਨੂੰ ਹੇਠਲੀ ਅਦਾਲਤ ਵੱਲੋਂ ਦਿੱਤੀ ਜ਼ਮਾਨਤ ਨੂੰ ਹਾਈ ਕੋਰਟ ਵੱਲੋਂ ਜਾਰੀ ਰੱਖਣ ਦੇ ਫ਼ੈਸਲੇ ਨੂੰ ਐਸ ਆਈ ਟੀ ਵੱਲੋਂ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਹੋਈ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਕੀਲ ਜੇ ਐਸ ਜੌਲੀ ਨੇ ਕਿਹਾ ਕਿ ਜਿਵੇਂ ਅਜੇ ਤੱਕ ਟਾਈਟਲਰ ਨੂੰ ‘ਝੂਠ ਫੜਨ ਵਾਲੀ ਮਸ਼ੀਨ’ ਰਾਹੀਂ ਨਹੀਂ ਲੰਘਾਇਆ ਜਾ ਸਕਿਆ, ਉਸੇ ਤਰ੍ਹਾਂ ਸੱਜਣ ਕੁਮਾਰ ਦੇ ਬਾਰੇ ਵੀ ਸ਼ੱਕ ਹੈ ਕਿ 30 ਮਈ ਤੱਕ ‘ਲਾਈ ਟੈਸਟ’ ਹੋ ਵੀ ਸਕੇਗਾ ਕਿ ਨਹੀਂ।