ਦਿੱਲੀ ਦੇ ਰੋਡ ਸ਼ੋਅ ਵਿੱਚ ਇੱਕ ਬੀਬੀ ਨੇ ਸੰਜੇ ਸਿਘ ਨੂੰ ਥੱਪੜ ਜੜ ਦਿੱਤਾ

sanjyਨਵੀਂ ਦਿੱਲੀ, 2 ਅਪਰੈਲ, (ਪੋਸਟ ਬਿਊਰੋ)- ਦਿੱਲੀ ਦੀਆਂ ਨਿਗਮ ਚੋਣਾਂ ਦੌਰਾਨ ਟਿਕਟ ਵੰਡ ਦੇ ਮੁੱਦੇ ਲੈ ਕੇ ਆਮ ਆਦਮੀ ਪਾਰਟੀ ਉੱਤੇ ਕਈ ਤਰ੍ਹਾ ਦੇ ਦੋਸ਼ ਲੱਗ ਰਹੇ ਹਨ। ਇਸੇ ਤਹਿਤ ਅੱਜ ‘ਆਪ’ ਪਾਰਟੀ ਦੀ ਇਕ ਵਰਕਰ ਨੇ ਤਿਲਕ ਨਗਰ ਰੋਡ ਸ਼ੋਅ ਦੌਰਾਨ ਹੀ ਪਾਰਟੀ ਦੇ ਸੀਨੀਅਰ ਨੇਤਾ ਸੰਜੇ ਨੇਤਾ ਨੂੰ ਚਪੇੜ ਮਾਰ ਦਿੱਤੀ। ਇਸ ਘਟਨਾ ਦੇ ਕਾਰਨ ਸੰਜੇ ਸਿੰਘ ਨੂੰ ਰੋਡ ਸ਼ੋਅ ਰੱਦ ਕਰਨਾ ਪਿਆ
‘ਆਪ’ ਪਾਰਟੀ ਦੀ ਵਰਕਰ ਸਿਮਰਨ ਬੇਦੀ ਨੇ ਦੋਸ਼ ਲਾਇਆ ਕਿ ਉਹ ਪਾਰਟੀ ਨਾਲ ਕਈ ਸਾਲਾ ਤੋਂ ਜੁੜੀ ਹੋਈ ਹੈ, ਪਰ ਜਦੋਂ ਉਸ ਨੇ ਤਿਲਕ ਨਗਰ ਤੋਂ ਨਿਗਮ ਚੋਣਾਂ ਲਈ ਟਿਕਟ ਮੰਗੀ ਤਾਂ ਉਸ ਤੋਂ ਪੈਸੇ ਮੰਗੇ ਗਏ, ਜਿਸ ਤੋਂ ਨਿਰਾਸ਼ ਹੋ ਕੇ ਉਸ ਨੇ ਸੰਜੇ ਸਿੰਘ ਨੂੰ ਥੱਪੜ ਮਾਰਿਆ ਹੈ। ਇਸ ਦੇ ਨਾਲ ਹੀ ਸਿਮਰਨ ਨੇ ਪੁਲਿਸ ਸਟੇਸ਼ਨ ਚੌਖੰਡੀ ਵਿੱਚ ਇਕ ਲਿਖਤ ਸ਼ਿਕਾਇਤ ਦਰਜ ਕਰਵਾਈ ਕਿ ਉਨ੍ਹਾਂ ਨੂੰ ਟਿਕਟ ਨਾ ਮਿਲਣ ਦਾ ਕੋਈ ਰੋਸ ਨਹੀਂ ਸੀ, ਪਰ ਜ਼ਿਲ੍ਹਾ ਪ੍ਰਧਾਨ ਪ੍ਰਿਤਪਾਲ ਸਿੰਘ ਕਾਲਕਾ ਨੇ ਉਸ ਨੂੰ ਬੁਲਾਇਆ ਤੇ ਕਿਹਾ ਕਿ ਉਨ੍ਹਾਂ ਦੀ ਜਰਨੈਲ ਸਿੰਘ ਨਾਲ ਗੱਲਬਾਤ ਹੈ ਤੇ ਪੈਸੇ ਦੇ ਕੇ ਟਿਕਟ ਮਿਲਣ ਦਾ ਜ਼ਿਕਰ ਕੀਤਾ। ਇਸ ਸਬੰਧੀ ਅਰਵਿੰਦ ਕੇਜਰੀਵਾਲ, ਦਲੀਪ ਪਾਡੇ ਤੇ ਸੰਜੇ ਸਿੰਘ ਨਾਲ ਮੁਲਾਕਾਤ ਲਈ ਸਮਾਂ ਮੰਗਿਆ, ਪਰ ਨਹੀਂ ਮਿਲਿਆ। ਹੁਣ ਰੋਡ ਸ਼ੋਅ ਮੌਕੇ ਉਨ੍ਹਾਂ ਸੰਜੇ ਸਿੰਘ ਨਾਲ ਮੁਲਾਕਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਦੇ ਪੀ ਏ ਅਜੀਤ ਤਿਆਗੀ ਤੇ ਇਨਾਇਤ ਤੁੱਲਾਹ ਨੇ ਉਨ੍ਹਾ ਨੂੰ ਧੱਕਾ ਮਾਰ ਦਿੱਤਾ, ਜਿਸ ਦੀ ਵੀਡੀਓ ਪੇਸ਼ ਕਰਨ ਦਾ ਦਾਅਵਾ ਵੀ ਸ਼ਿਕਾਇਤ ਵਿੱਚ ਕੀਤਾ ਗਿਆ ਹੈ। ਉਸ ਨੇ ਲਿਖਿਆ ਕਿ ਸੰਜੇ ਸਿੰਘ ਨੇ ਉਸ ਦੇ ਖਿਲਾਫ ਭੱਦੀ ਸ਼ਬਦਾਵਲੀ ਵਰਤ ਕੇ ਧਮਕੀ ਦਿੱਤੀ। ਇਸ ਦੇ ਨਾਲ ਸਿਮਰਨ ਨੇ ਲਿਖਿਆ ਕਿ ਜੇ ਉਸ ਨੂੰ ਜਾਂ ਉਸ ਦੇ ਪਰਿਵਾਰ ਦੇ ਕਿਸੇ ਮੈਂਬਰ ਨੂੰ ਕੁਝ ਹੁੰਦਾ ਹੈ ਤਾਂ ਇਸ ਦੇ ਜ਼ਿੰਮੇਵਾਰ ਅਰਵਿੰਦ ਕੇਜਰੀਵਾਲ ਤੇ ਸੰਜੇ ਸਿੰਘ ਹੋਣਗੇ