ਦਿੱਲੀ ਦੇ ਗੁਰਦੁਆਰਾ ਸਾਹਿਬਾਨ ਸੂਰਜੀ ਊਰਜਾ ਨਾਲ ਜਗਮਗਾਉਣਗੇ: ਜੀ ਕੇ


ਨਵੀਂ ਦਿੱਲੀ, 5 ਫਰਵਰੀ (ਪੋਸਟ ਬਿਊਰੋ)- ਦਿੱਲੀ ਦੀ ਆਬੋ ਹਵਾ ਸਾਫ ਰੱਖਣ ‘ਚ ਮਦਦ ਕਰਨ ਦੇ ਮਕਸਦ ਨਾਲ ਇਥੋਂ ਦੇ ਇਤਿਹਾਸਕ ਗੁਰਦੁਆਰਾ ਸਾਹਿਬ ਸੂਰਜੀ ਊਰਜਾ ਨਾਲ ਜਗਮਗਾਉਣਗੇ। ਇਸ ਬਾਰੇ ਇਨ੍ਹਾਂ ਗੁਰਦੁਆਰਾ ਸਾਹਿਬਾਨ ਨੂੰ ਸੂਰਜੀ ਊਰਜਾ ਪਲਾਂਟਾਂ ਨਾਲ ਲੈਸ ਕੀਤਾ ਜਾ ਰਿਹਾ ਹੈ। ਗੁਰਦੁਆਰਿਆਂ ਦੀਆਂ ਨਿੱਤ ਵਰਤੋਂ ਦੀਆਂ ਬਿਜਲੀ ਲੋੜਾਂ ਨੂੰ ਪੂਰਾ ਕਰਨ ਲਈ ਇੱਕ ਮੈਗਾਵਾਟ ਸਮਰੱਥਾ ਦੀ ਊਰਜਾ ਯੋਜਨਾ ਸ਼ੁਰੂ ਕੀਤੀ ਗਈ ਹੈ।
ਇਨ੍ਹਾਂ ਖੁਲਾਸਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ ਕੇ ਨੇ ਕੀਤਾ ਹੈ। ਉਨ੍ਹਾਂ ਨੇ ਦੱਸਿਆ ਕਿ ਸ਼ੁਰੂ ਵਿੱਚ ਰਾਸ਼ਟਰੀ ਰਾਜਧਾਨੀ ਦੇ ਤਿੰਨ ਗੁਰਦੁਆਰਾ ਸਾਹਿਬਾਨ ਗੁਰਦੁਆਰਾ ਬੰਗਲਾ ਸਾਹਿਬ, ਗੁਰਦੁਆਰਾ ਰਕਾਬ ਗੰਜ ਅਤੇ ਗੁਰਦੁਆਰਾ ਨਾਨਕ ਪਿਆਓ ਵਿਖੇ ਗ੍ਰੀਨ ਊਰਜਾ ਤੋਂ ਬਿਜਲੀ ਹਾਸਲ ਕਰਵਾਉਣ ਲਈ ਇੱਕ ਮੈਗਾਵਾਟ ਦਾ ਸੂਰਜੀ ਪਲਾਂਟ ਲਾਉਣ ਦਾ ਫੈਸਲਾ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਸ਼ੁਰੂਆਤ ਅਗਲੇ ਹਫਤੇ ਗੁਰਦੁਆਰਾ ਬੰਗਲਾ ਸਾਹਿਬ ਤੋਂ ਕੀਤੀ ਜਾਵੇਗੀ ਤੇ ਸੂਰਜੀ ਊਰਜਾ ਯੋਜਨਾ ਨੂੰ 31 ਮਾਰਚ 2018 ਤੱਕ ਪੂਰਾ ਕਰ ਕੇ ਗੁਰਦੁਆਰਾ ਸਾਹਿਬਾਨ ਵਿੱਚ ਸਵੱਛ ਊਰਜਾ ਦੇ ਰਾਹੀਂ ਬਿਜਲੀ ਲੋੜ ਪੂਰੀ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸੂਰਜੀ ਊਰਜਾ ਪਲਾਂਟ ਤੋਂ ਰੋਜ਼ਾਨਾ ਚਾਰ ਹਜ਼ਾਰ ਯੂਨਿਟ ਅਤੇ ਸਾਲਾਨਾ 13 ਲੱਖ ਯੂਨਿਟ ਸੂਰਜੀ ਊਰਜਾ ਦਾ ਉਤਪਾਦਨ ਹੋਵੇਗਾ। ਮਨਜੀਤ ਸਿੰਘ ਜੇ ਕੇ ਨੇ ਦੱਸਿਆ ਕਿ ਗੁਰਦੁਆਰਾ ਸਾਹਿਬਾਨ ਦੀਆਂ ਛੱਤਾਂ ‘ਤੇ ਲਾਏ 3125 ਸੂਰਜੀ ਪੈਨਲਾਂ ਤੋਂ ਬਿਜਲੀ ਪੈਦਾ ਹੋਵੇਗੀ। ਇਨ੍ਹਾਂ ਤੋਂ ਪੈਦਾ ਹੋਣ ਵਾਲੀ ਬਿਜਲੀ ਨਿੱਜੀ ਡਿਸਕਾਮ ਤੋਂ ਖਰੀਦੀ ਜਾਣ ਵਾਲੀ ਬਿਜਲੀ ਤੋਂ ਸਸਤੀ ਹੋਵੇਗੀ, ਜਿਸ ਨਾਲ ਹਰ ਸਾਲ 60 ਲੱਖ ਰੁਪਏ ਦੀ ਬੱਚਤ ਹੋਵੇਗੀ ਅਤੇ 1300 ਟਨ ਕਾਰਬਨ ਡਾਈਆਕਸਾਈਡ ਗੈਸ ਦੀ ਨਿਕਾਸੀ ਘਟੇਗੀ।