ਦਿੱਲੀ ਦੇ ਗਲੀ ਮੁਹੱਲਿਆਂ ਵਿੱਚ ਖੜੀਆਂ ਬੇਕਾਰ ਕਾਰਾਂ ਜ਼ਬਤ ਕਰਨ ਦਾ ਫੈਸਲਾ


ਨਵੀਂ ਦਿੱਲੀ, 14 ਅਪ੍ਰੈਲ (ਪੋਸਟ ਬਿਊਰੋ)- ਦੇਸ਼ ਦੀ ਰਾਜਧਾਨੀ ਦਿੱਲੀ ਦੀਆਂ ਗਲੀਆਂ ਤੇ ਮੁਹੱਲਿਆਂ ਵਿੱਚ ਖੜੀਆਂ 10 ਤੋਂ 15 ਸਾਲ ਪੁਰਾਣੀਆਂ ਕਾਰਾਂ ਨੂੰ ਟਰਾਂਸਪੋਰਟ ਵਿਭਾਗ ਜ਼ਬਤ ਕਰ ਲਵੇਗਾ। ਅਪ੍ਰੈਲ ਦੇ ਅੰਤ ਵਿੱਚ ਸ਼ੁਰੂ ਹੋ ਰਹੀ ਇਸ ਯੋਜਨਾ ਲਈ ਬੇਕਾਰ ਕਾਰ ਐਪ ਸੜਕ ਸੁਰੱਖਿਆ ਹਫਤਾ ਦੇ ਦੌਰਾਨ ਲਾਂਚ ਕੀਤਾ ਜਾਵੇਗਾ। ਕੋਈ ਵੀ ਵਿਅਕਤੀ ਅਜਿਹੀ ਕਾਰ ਦੀ ਤਸਵੀਰ ਖਿੱਚ ਕੇ ਇਲਾਕੇ ਦੇ ਨਾਮ ਐਪ ‘ਤੇ ਭੇਜ ਸਕਦਾ ਹੈ। ਆਪਣੀ ਸਮਾਂ ਸੀਮਾ ਪੂਰੀ ਕਰ ਚੁੱਕੀ ਕਾਰ ਨੂੰ ਟਰਾਂਸਪੋਰਟ ਵਿਭਾਗ ਕਬਾੜ ਵਿੱਚ ਭੇਜ ਦੇਵੇਗਾ।
ਵਰਨਣ ਯੋਗ ਹੈ ਕਿ ਦਿੱਲੀ ਵਿੱਚ 10 ਸਾਲ ਪੁਰਾਣੀ ਡੀਜ਼ਲ ਕਾਰ ਤੇ 15 ਸਾਲ ਪੁਰਾਣੀ ਪੈਟਰੋਲ ਕਾਰ ਉੱਤੇ ਪਾਬੰਦੀ ਹੈ। ਇਸ ਲਈ 10-15 ਸਾਲ ਦੀ ਸਮਾਂ ਸੀਮਾ ਪੂਰੀ ਕਰ ਚੁੱਕੀਆਂ ਜ਼ਿਆਦਾਤਰ ਕਾਰਾਂ ਸੜਕਾਂ ਅਤੇ ਗਲੀਆਂ ਮੁਹੱਲਿਆਂ ਵਿੱਚ ਖੜੀਆਂ ਹਨ। ਮਾਹਰਾਂ ਦੇ ਮੁਤਾਬਕ ਰਾਜਧਾਨੀ ਵਿੱਚ ਕਰੀਬ 17 ਫੀਸਦੀ ਸ਼ਹਿਰੀ ਹਿੱਸੇ ‘ਤੇ ਗੱਡੀਆਂ ਹਨ। 80 ਫੀਸਦੀ ਗੱਡੀਆਂ ਹਰ ਵੇਲੇ ਖੜੀਆਂ ਰਹਿੰਦੀਆਂ ਹਨ। ਇਨ੍ਹਾਂ ਲਈ ਸਰਕਾਰ ਪਾਰਕਿੰਗ ਨੀਤੀ ਲਿਆ ਰਹੀ ਹੈ। ਅਪ੍ਰੈਲ ਦੇ ਅੰਤ ਤੱਕ ਸੜਕ ਸੁਰੱਖਿਆ ਹਫਤਾ ਵੇਲੇ ਬੇਕਾਰ ਗੱਡੀ ਐਪ ਲਾਂਚ ਕੀਤਾ ਜਾਵੇਗਾ ਅਤੇ ਨੰਬਰ ਪਲੇਟ ਹਿਸਾਬ ਨਾਲ ਉਸ ਦਾ ਰਜਿਸਟਰੇਸ਼ਨ ਦਾ ਸਾਲ ਆ ਜਾਵੇਗਾ।