ਦਿੱਲੀ ਦੇ ਕਨਾਟ ਪਲੇਸ ਦੀ ਸੀਲਿੰਗ ਮੁਹਿੰਮ ਰਿਹਾਇਸ਼ੀ ਮਕਾਨਾਂ ਤੱਕ ਵੀ ਜਾ ਪਹੁੰਚੀ


ਨਵੀਂ ਦਿੱਲੀ, 13 ਫਰਵਰੀ (ਪੋਸਟ ਬਿਊਰੋ)- ਦਿੱਲੀ ਵਿੱਚ ਚੱਲ ਰਹੀ ਸੀਲਿੰਗ ਵਿੱਚ ਅਜੇ ਤੱਕ ਸਿਰਫ ਵਪਾਰੀ ਸੜਕਾਂ ਉੱਤੇ ਆਏ ਸਨ, ਹੁਣ ਦਿੱਲੀ ਵਾਸੀ ਵੀ ਸੜਕਾਂ ਉੱਤੇ ਉਤਰ ਸਕਦੇ ਹਨ, ਕਿਉਂਕਿ ਹੁਣ ਇਸ ਸ਼ਹਿਰ ਵਿੱਚ ਰਿਹਾਇਸ਼ੀ ਪ੍ਰਾਪਰਟੀ ਦੇ ਗਰਾਊਂਡ ਫਲੋਰ ਉੱਤੇ ਬਣੀ ਉਸ ਪਾਰਕਿੰਗ ਨੂੰ ਵੀ ਸੀਲ ਕੀਤਾ ਜਾਵੇਗਾ, ਜਿੱਥੇ ਪਾਰਕਿੰਗ ਦੀ ਬਜਾਏ ਉਸ ਦਾ ਮਿਸ-ਯੂਜ਼ ਕਰ ਕੇ ਵਪਾਰਕ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਬੀਤੇ ਸੋਮਵਾਰ ਮਾਨੀਟਰਿੰਗ ਕਮੇਟੀ ਨੇ ਦਿੱਲੀ ਦੀਆਂ ਤਿੰਨਾਂ ਮਿਉਂਸਪਲ ਕਾਰਪੋਰੇਸ਼ਨਾਂ ਨੂੰ ਨੋਟਿਸ ਭੇਜ ਕੇ ਜਲਦੀ ਤੋਂ ਜਲਦੀ ਉਕਤ ਥਾਂਵਾਂ ਉੱਤੇ ਸੀਲਿੰਗ ਮੁਹਿੰਮ ਚਲਾਉਣ ਦਾ ਆਦੇਸ਼ ਦਿੱਤਾ ਹੈ। ਮਾਨੀਟਰਿੰਗ ਕਮੇਟੀ ਦੇ ਮੈਂਬਰ ਕੇ ਜੇ ਰਾਓ ਦੇ ਅਨੁਸਾਰ ਸੋਮਵਾਰ ਨੂੰ ਤਿੰਨਾਂ ਮਿਉਂਸਪਲ ਕਮਿਸ਼ਨਰਾਂ ਨੂੰ ਪੱਤਰ ਲਿਖ ਕੇ ਆਦੇਸ਼ ਦੇ ਦਿੱਤਾ ਗਿਆ ਹੈ ਕਿ ਉਹ ਪਾਰਕਿੰਗ ਵਾਲੀ ਜਗ੍ਹਾ ਦੀ ਗਲਤ ਵਰਤੋਂ ਕਰਨ ਵਾਲੀ ਪ੍ਰਾਪਰਟੀ ਸੀਲ ਕਰ ਦੇਣ। ਰਾਓ ਨੇ ਕਿਹਾ, ‘ਸਾਡਾ ਕੰਮ ਸੁਪਰੀਮ ਕੋਰਟ ਦੇ ਆਦੇਸ਼ਾਂ ਦੀ ਪਾਲਣਾ ਕਰਨੀ ਹੈ, ਜਿਸ ਨੇ ਕਿਹਾ ਹੈ ਕਿ ਮਾਸਟਰ ਪਲਾਨ ਦੇ ਨਿਯਮਾਂ ਦੀ ਗਲਤ ਵਰਤੋਂ ਰੋਕੀ ਜਾਵੇ।’ ਇਸ ਕੜੀ ਵਿੱਚ ਰਿਹਾਇਸ਼ੀ ਇਲਾਕਿਆਂ ਵਿੱਚ ਵੀ ਹੁਣ ਸੀਲਿੰਗ ਕੀਤੀ ਜਾਵੇਗੀ।
ਵਰਨਣ ਯੋਗ ਹੈ ਕਿ ਸੀਲਿੰਗ ਤੋਂ ਦਿੱਲੀ ਵਾਸੀਆਂ ਨੂੰ ਬਚਾਉਣ ਲਈ ਦਿੱਲੀ ਵਿਕਾਸ ਅਥਾਰਟੀ ਹਰ ਸੰਭਵ ਯਤਨ ਕਰ ਰਹੀ ਹੈ, ਪਰ ਉਸ ਦਾ ਇਹ ਯਤਨ ਨਾਕਾਮ ਸਾਬਤ ਹੁੰਦਾ ਜਾਪਦਾ ਹੈ। ਸੀਲਿੰਗ ਤੋਂ ਅਜੇ ਤੱਕ ਸਿਰਫ ਵਪਾਰੀਆਂ ਦੀ ਰੋਜ਼ੀ-ਰੋਟੀ ਖੋਹੀ ਗਈ ਸੀ, ਹੁਣ ਕਈ ਲੋਕਾਂ ਦੇ ਘਰਾਂ ਉੱਤੇ ਵੀ ਸੀਲਿੰਗ ਚੱਲਣ ਵਾਲੀ ਹੈ। ਅਜਿਹੇ ਵਿੱਚ ਸੀਲਿੰਗ ਨੂੰ ਲੈ ਕੇ ਲੋਕਾਂ ਵਿੱਚ ਨਾਰਾਜ਼ਗੀ ਵਧਦੀ ਜਾ ਰਹੀ ਹੈ। ਸ਼ੱਕ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਬਵਾਲ ਹੋ ਸਕਦਾ ਹੈ।