ਦਿੱਲੀ ਦੀ ਕੇਜਰੀਵਾਲ ਸਰਕਾਰ ਵੱਲੋਂ ਵੀ ਬਜ਼ੁਰਗਾਂ ਨੂੰ ਤੀਰਥ ਯਾਤਰਾ ਸਹੂਲਤ ਦੇਣ ਦਾ ਫੈਸਲਾ


ਨਵੀਂ ਦਿੱਲੀ, 10 ਜਨਵਰੀ, (ਪੋਸਟ ਬਿਊਰੋ)- ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਚੱਲਦੀ ਦਿੱਲੀ ਦੀ ਸਰਕਾਰ ਨੇ ਬਜੁਰਗਾਂ ਨੂੰ ਇਕ ਖਾਸ ਤੋਹਫਾ ਦਿੱਤਾ ਹੈ। ਇਹ ਸਰਕਾਰ ਹੁਣ ਹਰ ਸਾਲ 77 ਹਜਾਰ ਸੀਨੀਅਰ ਸਿਟੀਜ਼ਨਜ਼ (60 ਸਾਲ ਤੋਂ ਵੱਧ ਉਮਰ ਵਾਲਿਆਂ) ਨੂੰ ਮੁਫਤ ਵਿਚ ਤੀਰਥ ਯਾਤਰਾ ਦੇ ਲਈ ਸਹੂਲਤ ਦੇਵੇਗੀ। ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਇਹ ਜਾਣਕਾਰੀ ਦਿੱਤੀ ਹੈ। ਜਿਨ੍ਹਾਂ ਸੀਨੀਅਰ ਸਿਟੀਜ਼ਨਜ਼ ਦੀ ਸਾਲਾਨਾ ਆਮਦਨ ਤਿੰਨ ਲੱਖ ਰੁਪਏ ਤੋਂ ਘੱਟ ਹੋਵੇਗੀ ਅਤੇ ਜਿਹੜੇ ਕਿਸੇ ਸਰਕਾਰੀ ਅਤੇ ਖੁਦ ਮੁਖਤਿਆਰ ਅਦਾਰੇ ਦੇ ਕਰਮਚਾਰੀ ਨਾ ਹੋਣਗੇ, ਉਹ ਹੀ ਇਸ ਸਹੂਲਤ ਦਾ ਲਾਭ ਉਠਾ ਸਕਣਗੇ।
ਮਿਲੀ ਜਾਣਕਾਰੀ ਅਨੁਸਾਰ ਉੱਪ ਮੁੱਖ ਮੰਤਰੀ ਮੁਨੀਸ਼ ਸਿਸੋਦੀਆ ਨੇ ਦੱਸਿਆ ਕਿ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਹੇਠ ਇਹ ਯਾਤਰਾ ਕਰਵਾਈਆਂ ਜਾਣਗੀਆਂ। ਦਿੱਲੀ ਮੰਤਰੀ ਮੰਡਲ ਦੀ ਬੈਠਕ ਨੇ ਇਸ ਉੱਤੇ ਮੁਹਰ ਲਾਈ ਹੈ। ਜਿਹੜੇ ਪੰਜ ਤੀਰਥ ਯਾਤਰਾ ਰੂਟਾਂ ਨੂੰ ਬਜੁਰਗਾਂ ਦੇ ਲਈ ਪੇਸ਼ ਕੀਤਾ ਗਿਆ ਹੈ, ਉਨ੍ਹਾਂ ਵਿਚ ਇੱਕ ਮਥੁਰਾ-ਵ੍ਰਿੰਦਾਵਣ-ਆਗਰਾ-ਫਤਹਿਪੁਰ ਸੀਕਰੀ, ਦੂਸਰਾ ਹਰਿਦੁਆਰ-ਰਿਸ਼ੀਕੇਸ਼-ਨੀਲਕੰਠ, ਤੀਸਰਾ ਪੁਸ਼ਕਰ-ਅਜਮੇਰ, ਚੌਥਾ ਅੰਮ੍ਰਿਤਸਰ-ਆਨੰਦਪੁਰ ਸਾਹਿਬ ਅਤੇ ਪੰਜਵਾਂ ਜੰਮੂ-ਵੈਸ਼ਣੋ ਦੇਵੀ ਸ਼ਾਮਿਲ ਹਨ। ਸਿਸੋਦੀਆ ਨੇ ਦੱਸਿਆ ਕਿ ਰਾਜ ਸਰਕਾਰ ਯਾਤਰਾ ਦੇ ਹੱਕਦਾਰ ਨਾਗਰਿਕਾਂ ਲਈ ਯਾਤਰਾ, ਠਹਿਰਨ ਅਤੇ ਖਾਣ ਦਾ ਪ੍ਰਬੰਧ ਕਰੇਗੀ ਅਤੇ ਹਰ ਤੀਰਥ ਯਾਤਰੀ ਉੱਤੇ ਲੱਗਭੱਗ ਸੱਤ ਹਜਾਰ ਰੁਪਏ ਖਰਚ ਆਵੇਗਾ। ਸੀਨੀਅਰ ਸਿਟੀਜ਼ਨਜ਼ ਆਪਣੇ ਨਾਲ 18 ਸਾਲ ਤੋਂ ਵੱਧ ਉਮਰ ਦਾ ਕੋਈ ਨੌਕਰ ਵੀ ਰੱਖ ਸਕਣਗੇ ਅਤੇ ਇਸ ਦਾ ਖਰਚ ਵੀ ਦਿੱਲੀ ਸਰਕਾਰ ਹੀ ਦੇਵੇਗੀ।
ਉਪ ਮੁੱਖ ਮੰਤਰੀ ਸਿਸੋਦੀਆ ਨੇ ਕਿਹਾ ਕਿ ਹਰ ਯਾਤਰਾ ਚੱਕਰ ਦੀ ਮਿਆਦ ਤਿੰਨ ਦਿਨ ਤੇ ਦੋ ਰਾਤਾਂ ਹੋਵੇਗੀ ਅਤੇ ਹਰ ਸਾਲ ਹਰ ਵਿਧਾਨ ਸਭਾ ਹਲਕੇ ਤੋਂ ਇਸ ਯਾਤਰਾ ਲਈ 1100 ਬਜੁਰਗ ਚੁਣੇ ਜਾਣਗੇ। ਉਨ੍ਹਾਂ ਦੱਸਿਆ ਕਿ ਅਰਜ਼ੀ ਦੇ ਪੱਤਰ ਇਸ ਵਿਭਾਗ ਦੇ ਕਮਿਸ਼ਨਰ ਦੇ ਦਫਤਰ, ਸਬੰਧਤ ਵਿਧਾਇਕ ਜਾਂ ਤੀਰਥ ਯਾਤਰਾ ਕਮੇਟੀ ਦੇ ਰਾਹੀਂ ਆਨਲਾਈਨ ਵੀ ਭਰੇ ਜਾ ਸਕਣਗੇ ਅਤੇ ਤੀਰਥ ਯਾਤਰੂਆਂ ਦੀ ਚੋਣ ਡਰਾਅ ਰਾਹੀਂ ਕੀਤੀ ਜਾਵੇਗੀ। ਸਿਸੋਦੀਆ ਨੇ ਤਾਰੀਖ ਦਾ ਜਿ਼ਕਰ ਨਹੀਂ ਕੀਤਾ, ਜਦੋਂ ਤੋਂ ਇਹ ਯਾਤਰਾ ਸ਼ੁਰੂ ਹੋਵੇਗੀ, ਪਰ ਇਹ ਕਿਹਾ ਕਿ ਯੋਜਨਾ ਛੇਤੀ ਹੀ ਲਾਗੂ ਹੋਵੇਗੀ।