ਦਿੱਲੀ ਕ੍ਰਿਕਟ ਐਸੋਸੀਏਸ਼ਨ ਮਾਮਲਾ: ਦੂਜੇ ਦਿਨ ਫਿਰ ਕੋਰਟ ਵਿੱਚ ਜੇਠਮਲਾਨੀ ਨੇ ਜੇਤਲੀ ਨੂੰ ਤਿੱਖੇ ਸਵਾਲ ਦਾਗੇ

Arun-Jaitley-Ram-JethMalani-PTI-1
ਨਵੀਂ ਦਿੱਲੀ, 8 ਮਾਰਚ (ਪੋਸਟ ਬਿਊਰੋ)- ਅਰਵਿੰਦ ਕੇਜਰੀਵਾਲ ਦੇ ਖਿਲਾਫ ਮਾਣਹਾਨੀ ਦੇ ਕੇਸ ਵਿੱਚ ਵਿੱਤ ਮੰਤਰੀ ਅਰੁਣ ਜੇਤਲੀ ਤੇ ਸਾਬਕਾ ਭਾਜਪਾ ਨੇਤਾ ਰਾਮ ਜੇਠਮਲਾਨੀ ਕੱਲ੍ਹ ਫਿਰ ਆਹਮੋ-ਸਾਹਮਣੇ ਖੜੇ ਸਨ। ਦੂਸਰੇ ਦਿਨ ਦੀ ਸੁਣਵਾਈ ਵਿੱਚ ਜੇਤਲੀ ਨੂੰ ਜੇਠਮਲਾਨੀ ਦੇ ਕੁੱਲ 19 ਸਵਾਲਾਂ ਦਾ ਸਾਹਮਣਾ ਕਰਨਾ ਪਿਆ। ਇਨ੍ਹਾਂ ਵਿੱਚੋਂ ਤਿੰਨ ਸਵਾਲਾਂ ਨੂੰ ਅਦਾਲਤ ਨੇ ਗੈਰ ਜ਼ਰੂਰੀ ਦੱਸ ਕੇ ਰੋਕ ਦਿੱਤਾ। ਜੇਠਮਲਾਨੀ ਇਸ ਕੇਸ ਵਿੱਚ ਕੇਜਰੀਵਾਲ ਦੇ ਵਕੀਲ ਹਨ। ਬੀਤੇ ਦਿਨ ਉਨ੍ਹਾਂ ਨੇ ਜੇਤਲੀ ਤੋਂ 52 ਸਵਾਲ ਪੁੱਛੇ ਸਨ। ਕੇਸ ਦੀ ਅਗਲੀ ਸੁਣਵਾਈ 15 ਅਤੇ 17 ਮਈ ਨੂੰ ਹੋਵੇਗੀ।
ਇੱਕ ਨਜ਼ਰ ਕੱਲ੍ਹ ਪੁੱਛੇ ਗਏ ਸਵਾਲਾਂ ‘ਤੇ:
ਜੇਠਮਲਾਨੀ : ਤੁਹਾਡੀ ਕੇਜਰੀਵਾਲ ਨਾਲ ਕੋਈ ਦੁਸ਼ਮਣੀ?
ਜੇਤਲੀ :ਮੇਰੀ ਕੇਜਰੀਵਾਲ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ, ਪਰ ਉਨ੍ਹਾਂ ਦਾ ਮੈਨੂੰ ਪਤਾ ਨਹੀਂ। ਇੱਕ ਵਾਰ ਉਹ ਡੀ ਡੀ ਸੀ ਏ (ਦਿੱਲੀ ਕ੍ਰਿਕਟ ਐਸੋਸੀਏਸ਼ਨ) ਦੇ ਪ੍ਰਧਾਨ ਦੀ ਚੋਣ ਲੜੇ ਤੇ ਹਾਰ ਗਏ। ਇਥੋਂ ਤੱਕ ਕਿ ਲੋਕ ਸਭਾ ਚੋਣਾਂ ਵਿੱਚ ਉਨ੍ਹਾਂ ਨੇ ਮੇਰੇ ਖਿਲਾਫ ਜੰਮ ਕੇ ਪ੍ਰਚਾਰ ਕੀਤਾ।
ਜੇਠਮਲਾਨੀ : ਤੁਸੀਂ ਅੰਮ੍ਰਿਤਸਰ ਚੋਣ ਦੀ ਗੱਲ ਕਰ ਰਹੇ ਹੋ? ਕੀ ਇਹ ਸਹੀ ਨਹੀਂ ਕਿ ਪਹਿਲੀ ਵਾਰ ਤੁਸੀਂ ਗੁਜਰਾਤ ਤੋਂ ਇਲਾਵਾ ਕਿਸੇ ਹੋਰ ਥਾਂ ਤੋਂ ਚੋਣ ਲੜਨਾ ਚਾਹੁੰਦੇ ਸੀ?
ਜੇਤਲੀ : ਹਾਂ।
ਜੇਠਮਲਾਨੀ : ਤੁਸੀਂ ਅੰਮ੍ਰਿਤਸਰ ਤੋਂ ਚੋਣ ਲੜ ਰਹੇ ਸੀ ਤਾਂ ਵੀ ਗੁਜਰਾਤ ਤੋਂ ਰਾਜ ਸਭਾ ਮੈਂਬਰ ਸੀ?
ਜੇਤਲੀ : ਹਾਂ।
ਜੇਠਮਲਾਨੀ : ਕੀ ਇਹ ਤੁਹਾਡੀ ਪਹਿਲੀ ਲੋਕ ਸਭਾ ਚੋਣ ਸੀ?
ਜੇਤਲੀ : ਹਾਂ, ਮੈਂ ਪਹਿਲੀ ਵਾਰ ਲੜਿਆ ਸੀ।
ਜੇਠਮਲਾਨੀ : ਕੀ ਤੁਹਾਨੂੰ ਲੋਕ ਸਭਾ ਚੋਣਾਂ ਵਿੱਚ ਮੋਦੀ ਨੇ ਉਮੀਦਵਾਰ ਬਣਾਇਆ ਸੀ? ਤੁਸੀਂ ਪਹਿਲੀ ਵਾਰ ਲੋਕਤੰਤਰ ਦੇ ਪੈਮਾਨੇ ਉੱਤੇ ਆਪਣੀ ਮਹਾਨਤਾ ਨੂੰ ਮਾਪ ਰਹੇ ਸੀ?
ਜੇਤਲੀ : ਜੀ ਹਾਂ, ਕਿਸੇ ਵੀ ਚੋਣ ਦਾ ਨਤੀਜਾ ਉਸ ਇਲਾਕੇ ਦੇ ਕਈ ਕਾਰਨਾਂ Ḕਤੇ ਨਿਰਭਰ ਕਰਦਾ ਹੈ। ਜ਼ਰੂਰੀ ਨਹੀਂ ਕਿ ਇਹ ਕਿਸੇ ਉਮੀਦਵਾਰ ਦੇ ਸਨਮਾਨ ਦੀ ਪਰਖ ਹੋਵੇ। ਕੇਜਰੀਵਾਲ ਉਸੇ ਚੋਣ ਵਿੱਚ ਵਾਰਾਣਸੀ ਤੋਂ ਕਰੀਬ 3æ5 ਲੱਖ ਵੋਟਾਂ ਨਾਲ ਹਾਰੇ ਸਨ।
ਜੇਠਮਲਾਨੀ : ਕੀ ਇਹ ਸਹੀ ਹੈ ਕਿ ਤੁਸੀਂ ਇੱਕ ਲੱਖ ਤੋਂ ਜ਼ਿਆਦਾ ਵੋਟਾਂ ਨਾਲ ਚੋਣ ਹਾਰੇ?
ਜੇਤਲੀ : ਜੀ ਹਾਂ।
ਜੇਠਮਲਾਨੀ : ਉਸ ਸਮੇਂ ਰਾਜ ਸਭਾ ਵਿੱਚ ਤੁਹਾਡੇ ਦੋ ਸਾਲ ਬਾਕੀ ਸਨ?
ਜੇਤਲੀ : ਮੇਰੇ ਰਾਜ ਸਭਾ ਦੇ ਕਾਰਜਕਾਲ ਵਿੱਚ ਚਾਰ ਸਾਲ ਬਾਕੀ ਸਨ।
ਜੇਠਮਲਾਨੀ : ਕੀ ਕੋਈ ਖਾਸ ਕਾਰਨ ਹੈ ਕਿ ਸਾਬਕਾ ਕ੍ਰਿਕਟਰ ਬਿਸ਼ਨ ਸਿੰਘ ਬੇਦੀ ਨੇ ਤੁਹਾਡੇ ਉੱਤੇ ਗੰਭੀਰ ਦੋਸ਼ ਲਾਏ ਹਨ?
ਜੇਤਲੀ : ਉਨ੍ਹਾਂ ਦੇ ਦੋਸ਼ ਐਸੋਸੀਏਸ਼ਨ (ਡੀ ਡੀ ਸੀ ਏ) ਨਾਲ ਜੁੜੇ ਹਨ। ਬਤੌਰ ਪ੍ਰਧਾਨ ਮੈਂ ਬੇਦੀ ਨੂੰ ਚੀਫ ਕੋਚ ਬਣਾਇਆ ਸੀ। ਉਨ੍ਹਾਂ ਦਾ ਕਾਰਜਕਾਲ ਖਤਮ ਹੋਣ ਤੋਂ ਬਾਅਦ ਵੀ ਮੈਂ ਨਰਮੀ ਨਾਲ ਪੇਸ਼ ਆਉਂਦਾ ਰਿਹਾ। ਜਦੋਂ ਤੱਕ ਪ੍ਰਧਾਨ ਮੰਤਰੀ ਨੇ ਸਹੁੰ ਚੁੱਕੀ, ਉਦੋਂ ਤੱਕ ਮੈਂ ਬੀ ਸੀ ਸੀ ਆਈ ਤੇ ਡੀ ਡੀ ਸੀ ਏ ਤੋਂ ਰਿਸ਼ਤਾ ਤੋੜ ਚੁੱਕਾ ਸੀ।
ਜੇਠਮਲਾਨੀ : ਕੀ ਇਹ ਸੱਚ ਨਹੀਂ ਕਿ ਬਤੌਰ ਸੁਰੱਖਿਅਕ ਤੁਸੀਂ ਡੀ ਡੀ ਸੀ ਏ ਤੇ ਬੀ ਸੀ ਸੀ ਆਈ ਦੀਆਂ ਬੈਠਕਾਂ ਵਿੱਚ ਜਾਂਦੇ ਰਹੇ?
ਜੇਤਲੀ : ਮੈਨੂੰ ਅਜਿਹੀ ਸਿਰਫ ਇੱਕ ਮੀਟਿੰਗ ਯਾਦ ਹੈ।
(ਜੇਠਮਲਾਨੀ ਜੇਤਲੀ ਨੂੰ ਇੱਕ ਚਿੱਠੀ ਦਿੰਦੇ ਹਨ)
ਜੇਠਮਲਾਨੀ : ਕੀ ਇਸ ਚਿੱਠੀ ਵਿੱਚ ਅਜਿਹਾ ਕੁਝ ਹੈ, ਜਿਸ ਨੂੰ ਪੜ੍ਹ ਕੇ ਤੁਹਾਨੂੰ ਇੰਨਾ ਗੁੱਸਾ ਆ ਜਾਵੇ ਕਿ ਮੇਰੇ ਖਿਲਾਫ ਕਾਰਵਾਈ ਲਈ ਮਜਬੂਰ ਹੋ ਜਾਵੋ?
ਜੱਜ : ਤੁਸੀਂ ਸਿਰਫ ਸਵਾਲ ਪੁੱਛੋ। ਚਿੱਠੀ ਜੇਤਲੀ ਨੂੰ ਦੇਣ Ḕਤੇ ਅਦਾਲਤ ਫੈਸਲਾ ਕਰੇਗੀ।
ਜੇਠਮਲਾਨੀ : ਕੀ ਪੀ ਐੱਮ ਜਾਣਦੇ ਸਨ ਕਿ ਤੁਸੀਂ ਚਿੱਠੀ Ḕਚ ਲੱਗੇ ਦੋਸ਼ ਕਾਰਨ ਹੋਈ ਮਾਣਹਾਨੀ Ḕਤੇ ਐਕਸ਼ਨ ਲਵੋਗੇ?
ਜੇਤਲੀ : ਇਹ ਚਿੱਠੀ ਜਨਵਰੀ 2014 ਦੀ ਹੈ, ਜਦ ਕਿ ਮੈਂ ਕਾਨੂੰਨੀ ਕਾਰਵਾਈ ਦਸੰਬਰ 2015 ਵਿੱਚ ਕੀਤੀ। ਮੈਂ 2014 ਵਿੱਚ ਸੂਚਨਾ ਪ੍ਰਸਾਰਨ ਵਿਭਾਗ ਦਾ ਇੰਚਾਰਜ ਬਣਿਆ। ਮਈ 2014 ਵਿੱਚ ਮੈਂ ਇੰਚਾਰਜ ਨਹੀਂ ਸੀ। ਹੁਣ ਮੈਂ ਫਾਈਨਾਂਸ ਐਂਡ ਕਾਰਪੋਰੇਟ ਅਫੇਅਰਜ਼ ਵਿਭਾਗ ਦਾ ਮੰਤਰੀ ਹਾਂ।
ਜੇਠਮਲਾਨੀ : ਕੀ ਪ੍ਰਧਾਨ ਮੰਤਰੀ ਨੇ ਇਹ ਚਿੱਠੀ ਤੁਹਾਨੂੰ ਦਿਖਾਈ ਸੀ? ਕੀ ਤੁਸੀਂ ਪੜ੍ਹ ਕੇ ਦੱਸ ਸਕਦੇ ਹੋ ਕਿ ਇਸ ਵਿੱਚ ਕੀ ਝੂਠ ਲਿਖਿਆ ਹੈ?
ਜੇਤਲੀ : ਪ੍ਰਧਾਨਗੀ ਦਾ ਅਹੁਦਾ ਛੱਡਣ ਤੋਂ ਬਾਅਦ ਵੀ ਮੈਂ ਚਿੱਠੀ ਵਿੱਚ ਲਾਏ ਦੋਸ਼ਾਂ ਦਾ ਖੰਡਨ ਕੀਤਾ ਸੀ। ਮੈਂ ਵਿੱਤ ਮੰਤਰੀ ਜਾਂ ਪਾਰਲੀਮੈਂਟ ਮੈਂਬਰ ਰਹਿੰਦੇ ਹੋਏ ਕਦੇ ਵੀ ਮੰਤਰਾਲਾ ਜਾਂ ਦਸਤਾਵੇਜ਼ਾਂ ਦਾ ਸਹਾਰਾ ਨਹੀਂ ਲਿਆ। ਮੇਰੇ ਸਾਹਮਣੇ ਪਾਰਲੀਮੈਂਟ ਵਿੱਚ ਕਦੇ ਵੀ ਡੀ ਡੀ ਸੀ ਏ ਨਾਲ ਜੁੜਿਆ ਸਵਾਲ ਨਹੀਂ ਆਇਆ। ਅਹੁਦੇ ਦੇ ਨਾਲ ਹਿੱਤਾਂ ਦੇ ਟਕਰਾਅ ਦਾ ਸਵਾਲ ਨਹੀਂ ਉਠਦਾ, ਕਿਉਂਕਿ ਮੈਂ ਉਸ ਸਮੇਂ ਤੱਕ ਡੀ ਡੀ ਸੀ ਏ ਨੂੰ ਛੱਡ ਚੁੱਕਾ ਸੀ।
ਜੇਠਮਲਾਨੀ : ਮੈਂ ਇਹ ਨਹੀਂ ਪੁੱਛਿਆ ਕਿ ਤੁਸੀਂ ਲੈਟਰ ਦੇ ਬਾਅਦ ਕੀ ਕੀਤਾ?
ਜੇਤਲੀ : ਮੈਂ ਸਾਫ ਜਵਾਬ ਦਿੱਤਾ ਹੈ ਕਿ ਮੈਂ ਚਿੱਠੀ ਵਿੱਚ ਲਿਖੀਆਂ ਗੱਲਾਂ ਤੋਂ ਇਨਕਾਰ ਕਰਦਾ ਹਾਂ।
ਜੇਠਮਲਾਨੀ : ਕੀ ਤੁਸੀਂ ਜਾਣਦੇ ਹੋ ਕਿ ਪੱਤਰਕਾਰ ਮਧੂ (ਕਿਸ਼ਵਰ) ਨੇ ਤੁਹਾਡੇ ਪਰਵਾਰ ਉੱਤੇ ਡੀ ਡੀ ਸੀ ਏ ਨਾਲ ਜੁੜੇ ਹੋਣ ਦਾ ਦੋਸ਼ ਲਾਇਆ ਸੀ?
ਜੇਤਲੀ : ਮੈਂ ਨਹੀਂ ਜਾਣਦਾ ਕਿ ਉਨ੍ਹਾਂ ਨੇ ਕਦੋਂ ਅਜਿਹਾ ਕਿਹਾ।
ਜੇਠਮਲਾਨੀ : ਉਨ੍ਹਾਂ ਦਾ ਬਿਆਨ ਦਸੰਬਰ 2015 ਵਿੱਚ ਆਇਆ ਸੀ। ਕੇਜਰੀਵਾਲ ਨੇ ਇਨ੍ਹਾਂ ਦੋਸ਼ਾਂ ਨੂੰ ਸਿਰਫ ਰੀ-ਟਵੀਟ ਕੀਤਾ ਸੀ।
ਜੇਤਲੀ : ਕੇਜਰੀਵਾਲ ਨੇ ਮੈਨੂੰ ਝੂਠ ਦੇ ਸਹਾਰੇ ਬਦਨਾਮ ਕਰਨ ਦਾ ਗੰਭੀਰ ਕੰਮ ਕੀਤਾ ਹੈ। ਮੇਰੀ ਪਤਨੀ ਤੇ ਬੇਟੀ ਉੱਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਨੇ ਜਨਤਕ ਬਹਿਸ ਦਾ ਪੱਧਰ ਡੇਗਿਆ ਹੈ। ਸੋਸ਼ਲ ਮੀਡੀਆ ਉੱਤੇ ਬਹੁਤ ਸਾਰੇ ਲੋਕ ਦੋਸ਼ ਲਗਾਉਂਦੇ ਰਹਿੰਦੇ ਹਨ, ਪਰ ਜੇ ਇੱਕ ਮੁੱਖ ਮੰਤਰੀ ਉਨ੍ਹਾਂ ਦਾ ਸਮਰਥਨ ਕਰੇ ਤਾਂ ਇਹ ਗੰਭੀਰ ਗੱਲ ਹੈ।