ਦਿ੍ਰੜ੍ਹ ਇਰਾਦਿਆਂ ਨਾਲ ਹੀ ਸੁਪਨੇ ਹੁੰਦੇ ਨੇ ਸਾਕਾਰ

-ਬੂਟਾ ਸਿੰਘ ਵਾਕਫ
ਜ਼ਰੂਰੀ ਨਹੀਂ ਕਿ ਸੁਪਨੇ ਸਿਰਫ ਸੌਂਦੇ ਸਮੇਂ ਆਉਣ। ਉਹ ਲੋਕ ਜੋ ਦਿਨ, ਵੇਲੇ ਵੀ ਸੁਪਨਿਆਂ ਦੇ ਰੂਬਰੂ ਹੁੰਦੇ ਹਨ, ਸੁਪਨੇ ਬੁਣਦੇ ਹਨ, ਜ਼ਿੰਦਗੀ ਵਿੱਚ ਜ਼ਰੂਰ ਕਾਮਯਾਬ ਹੁੰਦੇ ਹਨ। ਸੁਪਨੇ ਵੇਖਣੇ ਕਿਸ ਨੂੰ ਚੰਗੇ ਨਹੀਂ ਲੱਗਦੇ? ਅੰਬਰ ਉਡਣ ਦੀ ਲਾਲਸਾ ਕਿਸ ਨੂੰ ਨਹੀਂ? ਅਸਲ ਵਿੱਚ ਹਰ ਮਨੁੱਖ ਦਾ ਸੁਪਨ ਸੰਸਾਰ ਵੱਖਰੇ ਹੀ ਰੰਗਾਂ ਨਾਲ ਲਬਰੇਜ਼ ਹੁੰਦਾ ਹੈ। ਇਸ ਸੁਪਨ ਸੰਸਾਰ ਨੂੰ ਹਕੀਕਤ ਵਿੱਚ ਉਹੀ ਲੋਕ ਬਦਲਣ ਦਾ ਜੇਰਾ ਰੱਖਦੇ ਹਨ, ਜਿਹੜੇ ਪਹਿਲਾ ਕਦਮ ਪੁੱਟਣ ਤੋਂ ਪਹਿਲਾਂ ਹੀ ਸੁਪਨਿਆਂ ਨੂੰ ਸਾਕਾਰ ਕਰਨ ਦੀ ਵਿਉਂਤਬੰਦੀ ਆਪਣੇ ਮਨ ਅੰਦਰ ਉਲੀਕ ਲੈਂਦੇ ਹਨ। ਨੇਕ ਇਰਾਦੇ ਅਤੇ ਦਿ੍ਰੜ੍ਹ ਮਨ ਨਾਲ ਲਗਾਤਾਰ ਅੱਗੇ ਵਧਣ ਵਾਲਾ ਮਨੁੱਖੀ ਨਿਸ਼ਚਿਤ ਹੀ ਆਪਣੀ ਮੰਜ਼ਲ ਪ੍ਰਾਪਤ ਕਰ ਲੈਂਦਾ ਹੈ। ਜੇ ਕੱਛੂਕੰਮਾ ਵੀ ਖਰਗੋਸ਼ ਵਾਂਗ ਰਾਹ ਵਿੱਚ ਰੁਕ ਕੇ ਆਰਾਮ ਕਰਨ ਲੱਗ ਜਾਂਦਾ ਤਾਂ ਉਸ ਨੇ ਕਦੇ ਜਿੱਤ ਹਾਸਲ ਨਹੀਂ ਕਰਨੀ ਸੀ। ਉਸ ਦੇ ਅੰਦਰ ਦਿ੍ਰੜ੍ਹਤਾ ਦਾ ਵਾਸ ਸੀ, ਅੱਗੇ ਵਧਣ ਦਾ ਜਜ਼ਬਾ ਸੀ, ਉਹ ਦਿ੍ਰੜ੍ਹਤਾ ਨਾਲ ਬਿਨਾਂ ਰੁਕੇ, ਬਿਨਾਂ ਸਾਹ ਲਏ ਲਗਾਤਾਰ ਅੱਗੇ ਵਧਦਾ ਗਿਆ ਤੇ ਆਖਰ ਆਪਣੀ ਮੰਜ਼ਿਲ ਦਾ ਹਾਣੀ ਬਣ ਗਿਆ।
ਅਜੋਕੇ ਪਦਾਰਥਵਾਦੀ ਦੌਰ ਵਿੱਚ ਹਰ ਮਨੁੱਖ ਅੰਦਰ ਇਕ ਦੂਸਰੇ ਤੋਂ ਅੱਗੇ ਨਿਕਲਣ ਦੀ ਦੌੜ ਲੱਗੀ ਹੋਈ ਹੈ। ਇਸ ਦੌੜ ਵਿੱਚ ਉਹ ਲੋਕ ਆਮ ਕਰਕੇ ਪੱਛੜ ਜਾਂਦੇ ਹਨ, ਜਿਨ੍ਹਾਂ ਅੰਦਰ ਲਗਾਤਾਰ ਮਿਹਨਤ ਕਰਨ ਦਾ ਜਜ਼ਬਾ, ਹੌਸਲਾ ਤੇ ਉਤਸ਼ਾਹ ਉਬਾਲੇ ਨਹੀਂ ਮਾਰ ਰਿਹਾ ਹੁੰਦਾ। ਉਹ ਲੋਕ ਹਮੇਸ਼ਾ ਸਫਲ ਹੁੰਦੇ ਹਨ, ਜਿਹੜੇ ਇਸ ਦੌੜ ਵਿੱਚ ਦਿ੍ਰੜ੍ਹਤਾ ਤੇ ਸਵੈ ਵਿਸ਼ਵਾਸ ਨਾਲ ਲਗਾਤਾਰ ਅਗਾਂਹ ਨੂੰ ਵਧਦੇ ਰਹਿੰਦੇ ਹਨ। ਜਲਦੀ ਅੱਕਣ, ਥੱਕਣ ਤੇ ਘਬਰਾ ਜਾਣ ਵਾਲੇ ਲੋਕਾਂ ਦੇ ਸੁਪਨੇ ਧੂੜਾਂ ਸੰਗ ਰਲ ਉਡ ਪੁੱਡ ਜਾਂਦੇ ਹਨ। ਦਿ੍ਰੜ੍ਹ ਇਰਾਦੇ ਹੀ ਮਨੁੱਖ ਨੂੰ ਫਰਸ਼ ਤੋਂ ਅਰਸ਼ ਤੱਕ ਲੈ ਜਾਂਦੇ ਹਨ।
ਛੋਟੇ-ਛੋਟੇ ਪਰਵਾਸੀ ਪੰਛੀਆਂ ਵੱਲ ਵੇਖੋ। ਹਜ਼ਾਰਾਂ ਮੀਲਾਂ ਦਾ ਸਫਰ ਦਿ੍ਰੜ੍ਹਤਾ ਨਾਲ ਤੈਅ ਕਰਦੇ ਹੋਏ ਤੇ ਅਸਾਵੇਂ ਮੌਸਮਾਂ ਸੰਗ ਅਠਖੇਲੀਆਂ ਕਰਦੇ ਹੋਏ ਆਪਣੀ ਮੰਜ਼ਿਲ ਤੱਕ ਪਹੁੰਚ ਜਾਂਦੇ ਹਨ। ਦਿ੍ਰੜ੍ਹ ਇਰਾਦੇ ਨਾਲ ਅੱਗੇ ਵਧਣ ਵਾਲਿਆਂ ਲਈ ਸਮੱਸਿਆਵਾਂ ਵੀ ਸਹਾਰਾ ਬਣਨ ਲੱਗਦੀਆਂ ਹਨ। ਲਗਾਤਾਰ ਪੜ੍ਹਨ ਵਾਲੇ ਵਿਦਿਆਰਥੀ ਸਾਲਾਨਾ ਪ੍ਰੀਖਿਆਵਾਂ ਵਿੱਚੋਂ ਸਹਿਜੇ ਹੀ ਸਫਲਤਾ ਹਾਸਲ ਕਰ ਜਾਂਦੇ ਹਨ। ਖਿਡਾਰੀ ਦਿ੍ਰੜ੍ਹ ਤੇ ਨੇਕ ਇਰਾਦੇ ਨਾਲ ਹਰ ਰੋਜ਼ ਅਭਿਆਸ ਕਰਕੇ ਮੁਕਾਬਲੇ ਨੂੰ ਸ਼ਾਨਦਾਰ ਢੰਗ ਨਾਲ ਜਿੱਤ ਲੈਂਦੇ ਹਨ। ਦੁਨੀਆ ਦੀਆਂ ਮਹਾਨ ਜੰਗਾਂ ਜਿੱਤਣ ਵਾਲੇ ਯੋਧੇ ਆਪਣੇ ਮਨ ਅੰਦਰ ਦਿ੍ਰੜ੍ਹਤਾ ਨਾਲ ਅੱਗੇ ਵਧਣ ਦੀ ਇਕੋ-ਇਕ ਲਾਲਸਾ ਪਾਲ ਕੇ ਇਸ ਸੰਸਾਰ ਨੂੰ ਆਪਣੇ ਕਲਾਵੇ ਵਿੱਚ ਲੈਂਦੇ ਗਏ। ਪਹਾੜਾਂ ਨੂੰ ਚੀਰਨ ਵਾਲੇ, ਹਵਾਵਾਂ ਸੰਗ ਉਡਣ ਵਾਲੇ, ਸਾਗਰਾਂ, ਸਮੁੰਦਰਾਂ ਨੂੰ ਰਿੜਕਣ ਵਾਲੇ, ਆਕਾਸ਼ ਨੂੰ ਛਾਣਨ ਵਾਲੇ ਤੇ ਇਤਿਹਾਸ ਨੂੰ ਨਵਾਂ ਮੋੜ ਦੇਣ ਵਾਲੇ ਲੋਕਾਂ ਦੇ ਇਰਾਦੇ ਮਹਾਨ ਤੇ ਸੰਕਲਪ ਉਚੇ ਤੇ ਸੁੱਚੇ ਹੁੰਦੇ ਹਨ। ਸੋਚ ਦੀ ਉਡਾਣ ਅੰਬਰੋਂ ਉਚੀ ਹੁੰਦੀ ਹੈ। ਐਡੀਸਨ ਜੇ ਲਗਾਤਾਰ ਅਭਿਆਸ ਨਾ ਕਰਦਾ ਤਾਂ ਬੱਲਬ ਦੀ ਖੋਜ ਦਾ ਸਿਹਰਾ ਉਸ ਦੇ ਸਿਰ ਨਾ ਬੱਝਦਾ। ਲਗਭਗ ਅਜਿਹੀ ਹੀ ਕਹਾਣੀ ਹਰ ਵਿਗਿਆਨੀ ਦੀ ਹੈ, ਜਿਸ ਨੇ ਆਪਣੇ ਦਿ੍ਰੜ੍ਹ ਇਰਾਦਿਆਂ ਸਦਕਾ ਮਹਾਨ ਖੋਜਾਂ ਸੰਸਾਰ ਦੀ ਝੋਲੀ ਪਾਈਆਂ। ਚੁਣੌਤੀਆਂ ਨੂੰ ਕਬੂਲਣ ਵਾਲੇ ਹਮੇਸ਼ਾ ਸਫਲ ਹੁੰਦੇ ਹਨ। ਦਿ੍ਰੜ੍ਹ ਇਰਾਦਾ ਧਾਰ ਕੇ ਲਗਾਤਾਰ ਤੁਰਦੇ ਰਹਿਣ ਵਾਲਾ ਮਨੁੱਖ ਆਪਣੀ ਮੰਜ਼ਿਲ ‘ਤੇ ਪਹੁੰਚਣ ਵਿੱਚ ਇਕ ਦਿਨ ਜ਼ਰੂਰ ਸਫਲਤਾ ਹਾਸਲ ਕਰ ਲੈਂਦਾ ਹੈ। ਇਸੇ ਜਜ਼ਬੇ ਨੇ ਦੁਨੀਆ ਜਿੱਤਣ ਲਈ ਸਿਕੰਦਰ ਵਰਗਿਆਂ ਨੂੰ ਵੀ ਤੋਰੀ ਰੱਖਿਆ ਸੀ।
ਮਨੁੱਖ ਆਪਣੀਆਂ ਅਸਫਲਤਾਵਾਂ ਤੋਂ ਅਕਸਰ ਘਬਰਾ ਜਾਂਦਾ ਹੈ ਤੇ ਫਿਰ ਨਿਰਾਸ ਹੋ ਕੇ ਬੈਠ ਜਾਂਦਾ ਹੈ। ਨਿਰਾਸ਼ਾ ਮਨੁੱਖ ਦੇ ਰਸਤੇ ਦੀ ਵੱਡੀ ਰੁਕਾਵਟ ਹੈ। ਅਜਿਹੀ ਸਥਿਤੀ ਵਿੱਚ ਡੋਲਣਾ ਨਹੀਂ ਚਾਹੀਦਾ। ਹਾਰ ਨਹੀਂ ਮੰਨਣੀ ਚਾਹੀਦੀ। ਢੇਰੀ ਢਾਹ ਕੇ ਬੈਠਣ ਦੀ ਬਜਾਏ ਫਿਰ ਤੋਂ ਯਤਨ ਕਰਨੇ ਚਾਹੀਦੇ ਹਨ, ਨਿਰੰਤਰ ਯਤਨ ਕਰਨੇ ਚਾਹੀਦੇ ਤੇ ਆਸ਼ਾਵਾਦੀ ਸੋਚ ਨਾਲ ਅੱਗੇ ਵਧਣਾ ਚਾਹੀਦਾ ਹੈ। ਦੁਚਿੱਤੀ ਵਿੱਚ ਫਸੇ ਲੋਕਾਂ ਦੀ ਹਾਲਤ ਦੋ ਬੇੜੀਆਂ ਦੇ ਸਵਾਰ ਵਾਲੀ ਹੁੰਦੀ ਹੈ ਜਿਹੜੇ ਡੁੱਬੇ ਕਿ ਡੁੱਬੇ। ਸ਼ਰਮ ਤੇ ਡਰ ਦੀ ਭਾਵਨਾ ਮਨੁੱਖ ਨੂੰ ਅੱਗੇ ਵਧਣ ਤੋਂ ਰੋਕੀ ਰੱਖਦੀ ਹੈ। ਮਾੜੀਆਂ ਆਦਤਾਂ ਦਾ ਗੁਲਾਮ ਵੀ ਪਛੜ ਜਾਂਦਾ ਹੈ। ਦੁਨੀਆ ਕੀ ਕਹੇਗੀ? ਇਹ ਭਾਵਨਾ ਮਨ ‘ਚ ਪਾਲਣ ਵਾਲੇ ਲੋਕ ਸਫਲਤਾ ਪ੍ਰਾਪਤ ਕਰਨ ਤੋਂ ਰਹਿ ਜਾਂਦੇ ਹਨ। ਹਾਲਾਤ ਨਾਲ ਸਮਝੌਤਾ ਕਰਨ ਵਾਲਿਆਂ ਨੂੰ ਸਫਲਤਾ ਨਸੀਬ ਨਹੀਂ ਹੁੰਦੀ। ਹਾਲਾਤ ਤੋਂ ਘਬਰਾਉਣ ਵਾਲੇ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਸਿਰਫ ਬਰਖਿਲਾਫ ਹਵਾਵਾਂ ‘ਚ ਉਡਣ ਵਾਲਾ ਪਤੰਗ ਹੀ ਆਕਾਸ਼ੀ ਉਚਾਈਆਂ ਛੂੰਹਦਾ ਹੈ।
ਅੱਜ ਤੱਕ ਮਨੁੱਖ ਨੂੰ ਜਿੰਨੀਆਂ ਵੀ ਪ੍ਰਾਪਤੀਆਂ ਹੋਈਆਂ, ਉਹ ਇਕ ਨਿੱਕੇ ਜਿਹੇ ਸੁਪਨੇ ਤੋਂ ਸ਼ੁਰੂ ਹੋਈਆਂ ਤੇ ਇਨ੍ਹਾਂ ਸੁਪਨਿਆਂ ਨੂੰ ਸਾਕਾਰ ਕਰਨ ਲਈ ਮਨੁੱਖ ਨੇ ਲਗਾਤਾਰ ਦਿ੍ਰੜ੍ਹ ਇਰਾਦੇ ਨਾਲ ਮਿਹਨਤ ਕੀਤੀ। ਬੇਬਾਕ ਇਰਾਦੇ ਵਾਲਿਆਂ ਦੇ ਸੁਪਨੇ ਉਨ੍ਹਾਂ ਨੂੰ ਕਦੇ ਸੌਣ ਨਹੀਂ ਦਿੰਦੇ, ਸਗੋਂ ਅੱਗੇ ਹੋਰ ਅੱਗੇ ਵਧਣ ਦੀ ਚੇਟਕ ਲਗਾਈ ਰੱਖਦੇ ਹਨ। ਅਜਿਹੇ ਲੋਕ ਕਦੇ ਅਵੇਸਲੇ ਨਹੀਂ ਹੁੰਦੇ। ਆਪਣੀਆਂ ਅਸਫਲਤਾਵਾਂ ਤੋਂ ਘਬਰਾਉਂਦੇ ਨਹੀਂ। ਅਜਿਹੇ ਲੋਕ ਆਪਣੀ ਅਸਫਲਤਾ ਨੂੰ ਪੌੜੀ ਬਣਾ ਕੇ ਮੰਜ਼ਿਲ ਤੱਕ ਪਹੁੰਚਣ ਦਾ ਜ਼ਰੀਆ ਬਣਾ ਲੈਂਦੇ ਹਨ। ਵਾਲਟ ਡਿਜ਼ਨੀ ਦਾ ਕਥਨ ਹੈ, ‘ਸਾਡੇ ਸਾਰੇ ਸੁਪਨੇ ਸੱਚਮੁੱਚ ਹੀ ਸਾਕਾਰ ਹੋ ਸਕਦੇ ਹਨ, ਜੇ ਇਰਾਦਾ ਨੇਕ ਹੈ, ਦਿ੍ਰੜ੍ਹ ਹੈ ਤੇ ਸਾਡੇ ਮਨ ਵਿੱਚ ਅੱਗੇ ਵਧਣ ਦਾ ਹੌਸਲਾ ਹਮੇਸ਼ਾ ਬੁਲੰਦ ਹੈ।’