ਦਿਲ ਵਾਂਗ ਧੜਕਦੀ ਕਿਤਾਬ

-ਪ੍ਰੋ. ਕੁਲਵੰਤ ਔਜਲਾ

ਖੁਦਕੁਸ਼ੀਆਂ ਦੀ ਥਾਂ ਖੁਆਬ ਦੇ ਮੇਰੇ ਮਾਲਕਾ
ਧੜਕਣ ਲਈ ਅੱਖਰਾਂ ਨੂੰ ਰਬਾਬ ਦੇ ਮੇਰੇ ਮਾਲਕਾ

ਜਿਸ ਦੀ ਕੁੱਖੋਂ ਨਾਨਕ, ਫਰੀਦ ਤੇ ਵਾਰਸ ਜਨਮੇ
ਐਸਾ ਸਰ-ਸਬਜ਼ ਪੰਜਾਬ ਦੇ ਮੇਰੇ ਮਾਲਕਾ

ਕਲਮਾਂ ਤੇ ਕਰੂੰਬਲਾਂ ਨੂੰ ਖਿੜਨ ਦੀ ਜਾਚ ਦੱਸ
ਮਹਿਕਾਂ ਵੰਡਦਾ ਗੂੜ੍ਹਾ ਗੁਲਾਬ ਦੇ ਮੇਰੇ ਮਾਲਕਾ

ਕਰਜ਼ਿਆਂ ਤੇ ਕੰਗਾਲੀਆਂ ਨਾਲ ਕਿਉਂ ਮਰਨ ਦਾਤੇ
ਜਜ਼ਬਾ ਜਿਉਣ ਦਾ ਬੇਹਿਸਾਬ ਦੇ ਮੇਰੇ ਮਾਲਕਾ

ਥਾਂ ਥਾਂ ਅਜੇ ਵੀ ਮਾਸੂਮੀਅਤ ਦੇ ਕਤਲ ਹੁੰਦੇ
ਹਾਅ ਮਾਰਨ ਦੇ ਲਈ ਨਵਾਬ ਦੇ ਮੇਰੇ ਮਾਲਕਾ

ਰੇਤ ਹੋ ਚਲੇ ਹਾਂ ਸਤਲੁਜ ਤੇ ਬਿਆਸ ਵਾਂਗੂ
ਪਿਘਲ ਜਾਣ ਲਈ ਹੁਸਨ ਆਫਤਾਬ ਦੇ ਮੇਰੇ ਮਾਲਕਾ

ਮਾਰੂ ਹਥਿਆਰਾਂ ਦੀ ਥਾਂ ਕੋਮਲ ਹੱਥਾਂ ਲਈ
ਦਿਲ ਵਾਂਗ ਧੜਕਦੀ ਕਿਤਾਬ ਦੇ ਮੇਰੇ ਮਾਲਕਾ

ਤੜਪਣ ਲਾ ਦਿੱਤਾ ਸੰਗਮਰਮਰੀ ਮੁਹੱਬਤਾਂ ਨੇ
ਕਾਵਿਕ ਅਤੇ ਕੱਚੀ ਢਾਬ ਦੇ ਮੇਰੇ ਮਾਲਕਾ

ਚੌਧਰ ਤੇ ਚਤੁਰਾਈਆਂ ਦੀ ਬਜਾਏ ਕੁਲਵੰਤ ਨੂੰ
ਅੱਖਰਾਂ ਦੀ ਪੁੰਗਰਨਸ਼ੀਲ ਦਾਬ ਦੇ ਮੇਰੇ ਮਾਲਕਾ