ਦਿਲ ਨੂੰ ਛੂਹ ਲਵੇਗੀ ਸਾਡੀ ਕਹਾਣੀ : ਈਸ਼ਾਨ ਖੱਟਰ


ਮਸ਼ਹੂਰ ਈਰਾਨੀ ਫਿਲਮਕਾਰ ਮਾਜਿਦ ਮਜੀਦੀ ਦੀ ਫਿਲਮ ‘ਬਿਓਂਡ ਦਿ ਕਲਾਊਡਸ’ ਨਾਲ ਅਭਿਨੈ ਵਿੱਚ ਕਦਮ ਰੱਖਣ ਦੇ ਬਾਅਦ ਈਸ਼ਾਨ ਖੱਟਰ ਨੂੰ ਆਪਣੀ ਫਿਲਮ ‘ਧੜਕ’ ਦਾ ਇੰਤਜ਼ਾਰ ਹੈ। ਆਨਰ ਕਿਲਿੰਗ ਦੇ ਮੁੱਦੇ ‘ਤੇ ਆਧਾਰਤ ਸ਼ਸ਼ਾਂਕ ਖੇਤਾਨ ਦੀ ਇਸ ਫਿਲਮ ਵਿੱਚ ਉਹ ਮਰਹੂਮ ਅਭਿਨੇਤਰੀ ਸ੍ਰੀਦੇਵੀ ਦੀ ਬੇਟੀ ਜਾਹਨਵੀ ਕਪੂਰ ਦੇ ਨਾਲ ਨਜ਼ਰ ਆਏਗਾ। ਇਸ ਫਿਲਮ ਵਿੱਚ ਆਪਣੇ ਕਿਰਦਾਰ ਅਤੇ ਸ਼ੂਟਿੰਗ ਦੇ ਤਜਰਬਿਆਂ ਨੂੰ ਉਸ ਨੇ ਸਾਂਝਾ ਕੀਤਾ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਕੁਝ ਅੰਸ਼ :
* ‘ਬਿਓਂਡ ਦਿ ਕਲਾਊਡਸ’ ਦੇ ਬਾਅਦ ਕਿੰਨੀਆਂ ਖਵਾਹਿਸ਼ਾਂ ਪੂਰੀਆਂ ਹੋਈਆਂ?
– ਫਿਲਮ ਵਿੱਚ ਮੇਰੇ ਕੰਮ ਨੂੰ ਕਾਫੀ ਪਸੰਦ ਕੀਤਾ ਗਿਆ। ਮੈਨੂੰ ਲੱਗਦਾ ਹੈ ਕਿ ਉਹ ਫਿਲਮ ਕਰਨਾ ਹੀ ਮੇਰਾ ਪੁਰਸਕਾਰ ਸੀ। ਮੈਨੂੰ ਮਜੀਦੀ ਸਾਹਿਬ ਦੇ ਨਾਲ ਕੰਮ ਕਰ ਕੇ ਬਹੁਤ ਕੁਝ ਸਿੱਖਣ ਨੂੰ ਮਿਲਿਆ। ਅਜੇ ਵੀ ਉਸ ਸੈੱਟ ਦੀਆਂ ਗੱਲਾਂ ਯਾਦ ਕਰਦਾ ਹਾਂ। ਪਹਿਲੀ ਫਿਲਮ ਹਰ ਕਲਾਕਾਰ ਦੇ ਲਈ ਯਾਦਗਾਰ ਹੁੰਦੀ ਹੈ। ਉਸ ਫਿਲਮ ਤੋਂ ਮੇਰੀਆਂ ਕਾਫੀ ਉਮੀਦਾਂ ਸਨ। ਮੈਂ ਚਾਹੁੰਦਾ ਸੀ ਕਿ ਜ਼ਿਆਦਾ ਲੋਕ ਉਸ ਨੂੰ ਦੇਖਣ। ਬਹੁਤ ਸਾਰੇ ਲੋਕਾਂ ਨੇ ਫਿਲਮ ਨਹੀਂ ਦੇਖੀ, ਪਰ ਜਿਨ੍ਹਾਂ ਨੇ ਵੀ ਫਿਲਮ ਦੇਖੀ ਉਨ੍ਹਾਂ ਨੇ ਮੇਰੇ ਕੰਮ ਦੀ ਕਾਫੀ ਪ੍ਰਸ਼ੰਸਾ ਕੀਤੀ।
* ‘ਧੜਕ’ ਵਿੱਚ ਆਨਰ ਕਿਲਿੰਗ ਨਾਲ ਜੁੜਿਆ ਮੁੱਦਾ ਹੈ…
– ਮੈਨੂੰ ਲੱਗਦਾ ਹੈ ਕਿ ਆਪਣੀਆਂ ਫਿਲਮਾਂ ਦੇ ਜ਼ਰੀਏ ਸਾਨੂੰ ਜ਼ਰੂਰੀ ਮੁੱਦਿਆਂ ਨੂੰ ਉਠਾਉਣਾ ਚਾਹੀਦਾ ਹੈ ਤਾਂ ਕਿ ਉਨ੍ਹਾਂ ‘ਤੇ ਚਰਚਾ ਦਾ ਮਾਹੌਲ ਬਣੇ। ਇਸ ਦੇ ਬਾਵਜੂਦ ਫਿਲਮਾਂ ਦੇ ਰਾਹੀਂ ਭਾਸ਼ਣ ਦੇਣ ਦੀ ਕੋਸ਼ਿਸ਼ ਨਹੀਂ ਹੋਣੀ ਚਾਹੀਦੀ। ਉਸ ਵਿੱਚ ਮਨੋਰੰਜਨ ਵੀ ਚਾਹੀਦਾ ਹੈ, ਨਹੀਂ ਤਾਂ ਡਾਕੂਮੈਂਟਰੀ ਬਣ ਜਾਏਗੀ। ਫਿਲਮ ਦੇ ਰਾਹੀਂ ਤੁਸੀਂ ਮੁੱਦਾ ਉਠਾ ਸਕਦੇ ਹੋ। ਕਿਸੇ ਦਾ ਦਿਲ ਛੂ ਸਕਦੇ ਹੋ। ‘ਸੈਰਾਟ’ ਬਹੁਤ ਖਾਸ ਫਿਲਮ ਹੈ। ਉਸ ਨੂੰ ਦੇਖਣ ਦੇ ਬਾਅਦ ਮੈਂ ਆਨਰ ਕਿਲਿੰਗ ਦੀ ਸਮੱਸਿਆ ਦੀ ਗੰਭੀਰਤਾ ਨੂੰ ਸਮਝ ਸਕਿਆ। ਸਾਡੇ ਡਾਇਰੈਕਟਰ ਸ਼ਸ਼ਾਂਕ ਨੇ ਰਿਸਰਚ ਦੌਰਾਨ ਸਾਨੂੰ ਡਾਕੂਮੈਂਟਰੀ ਦਿਖਾਈ। ਉਸ ਨਾਲ ਸੰਬੰਧਤ ਕੁਝ ਲੇਖ ਪੜ੍ਹਨ ਨੂੰ ਦਿੱਤੇ। ਆਨਰ ਕਿਲਿੰਗ ਕਿਸੇ ਇੱਕ ਸੂਬੇ ਦਾ ਮੁੱਦਾ ਨਹੀਂ। ਇਹ ਦੇਸ਼ ਨਾਲ ਜੁੜਿਆ ਮੁੱਦਾ ਹੈ। ‘ਸੈਰਾਟ’ ਵਿੱਚ ਉਸ ਮੁੱਦੇ ਨੂੰ ਵਧੀਆ ਤਰੀਕੇ ਨਾਲ ਪਿਰੋਇਆ ਗਿਆ ਸੀ। ‘ਧੜਕ’ ਵਿੱਚ ਸਾਡੀ ਕੋਸ਼ਿਸ਼ ਕਹਾਣੀ ਨੂੰ ਇਮਾਨਦਾਰੀ ਨਾਲ ਕਹਿਣ ਦੀ ਹੈ। ਉਸ ਦੇ ਜ਼ਰੀਏ ਅਸੀਂ ਲੋਕਾਂ ਨੂੰ ਸੋਚਣ ‘ਤੇ ਮਜਬੂਰ ਕਰਨਾ ਚਾਹੰੁਦੇ ਹਾਂ।
* ਤੁਹਾਡੇ ਲਈ ਸ਼ੂਟਿੰਗ ਦਰਮਿਆਨ ਸਭ ਤੋਂ ਜ਼ਿਆਦਾ ਚੁਣੌਤੀ ਪੂਰਨ ਕੀ ਰਿਹਾ?
– ਮੈਂ ਰੀਅਲ ਲਾਈਫ ਵਿੱਚ ਜਿਹੋ ਜਿਹਾ ਹਾਂ, ਉਸ ਤੋਂ ਬਿਲਕੁਲ ਅਲੱਗ ਮੇਰਾ ਫਿਲਮ ਕਿਰਦਾਰ ਹੈ। ਉਸ ਨੂੰ ਨਿਭਾਉਣ ਵਿੱਚ ਮੁਸ਼ਕਲ ਨਹੀਂ ਹੋਈ। ਅਸੀਂ 44 ਦਿਨ ਵਿੱਚ ਫਿਲਮ ਦੀ ਸ਼ੂਟਿੰਗ ਕੀਤੀ। ਇਹ ਕਾਫੀ ਮੁਸ਼ਕਲ ਸੀ, ਪਰ ਚੁਣੌਤੀਆਂ ਸਾਹਮਣੇ ਹੋਣ ਤਾਂ ਮਜ਼ਾ ਆਉਂਦਾ ਹੈ। ਫਿਲਮ ਦੇ ਇੱਕ ਸੀਨ ਵਿੱਚ ਮੈਨੂੰ ਤਲਾਬ ਵਿੱਚ ਛਾਲ ਮਾਰਨੀ ਸੀ। ਅਸੀਂ ਦਸੰਬਰ ਵਿੱਚ ਸ਼ੂਟਿੰਗ ਸ਼ੁਰੂ ਕੀਤੀ ਸੀ। ਅਸੀਂ ਉਦੈਪੁਰ ਵਿੱਚ ਸ਼ੂਟ ਕਰ ਰਹੇ ਸੀ। ਤਦ ਉਥੇ ਕਾਫੀ ਠੰਢ ਸੀ। ਉਥੋਂ ਦੀ ਝੀਲ ਵਿੱਚ ਮੈਨੂੰ ਛਾਲ ਮਾਰਨੀ ਅਤੇ ਤੈਰਨਾ ਪੈਣਾ ਸੀ, ਉਹ ਵੀ ਕੱਪੜੇ ਪਾ ਕੇ। ਪਾਣੀ ਬੜਾ ਠੰਢਾ ਸੀ। ਕੱਪੜਿਆਂ ਸਮੇਤ ਤੈਰਨਾ ਔਖਾ ਹੁੰਦਾ ਹੈ। ਉਹ ਥੋੜ੍ਹਾ ਚੈਲੇਜਿੰਗ ਸੀ। ਫਿਲਮ ਵਿੱਚ ਇੱਕ ਸੀਕਵੈਂਸ ਹੈ ਬਾਗ ਵਾਲਾ। ਉਸ ਵਿੱਚ 28 ਫੁੱਟ ਦੀ ਉਚਾਈ ਤੋਂ ਮੈਂ ਅਤੇ ਜਾਹਨਵੀ ਨੇ ਤਲਾਬ ਵਿੱਚ ਛਾਲ ਮਾਰਨੀ ਸੀ। ਉਸ ਤਲਾਬ ਦੀ ਡੂੰਘਾਈ ਅੱਸੀ ਫੁੱਟ ਸੀ। ਏਦਾਂ ਦੀਆਂ ਰਿਸਕੀ ਚੀਜ਼ਾਂ ਵੀ ਕੀਤੀਆਂ ਹਨ ਅਸੀਂ ਫਿਲਮ ਵਿੱਚ।
* ਮਾਜਿਦ ਮਜੀਦੀ ਅਤੇ ਸ਼ਸ਼ਾਂਕ ਖੇਤਾਨ ਦੇ ਕੰਮ ਕਰਨ ਬਾਰੇ ਦੱਸੋ?
– ਦੋਵੇਂ ਕੰਮ ਪ੍ਰਤੀ ਬੇਹੱਦ ਸਮਰਪਿਤ ਹਨ। ਦੋਵਾਂ ਵਿੱਚ ਗਜਬ ਦੀ ਐਨਰਜੀ ਹੈ। ਮਜੀਦੀ ਸਾਹਿਬ ਨੂੰ ਜ਼ਿੰਦਗੀ ਤੇ ਫਿਲਮ ਦੋਵਾਂ ਦਾ ਤਜਰਬਾ ਹੈ। ਫਿਰ ਵੀ ਉਨ੍ਹਾਂ ਵਿੱਚ ਮਾਸੂਮੀਅਤ ਕਾਇਮ ਹੈ। ‘ਬਿਓਂਡ ਦਿ ਕਲਾਊਡਸ’ ਬਣਾਉਂਦੇ ਸਮੇਂ ਉਹ ਕਹਿ ਰਹੇ ਸਨ ਕਿ ਮੈਨੂੰ ਲੱਗਦਾ ਹੈ ਕਿ ਮੇਰੀ ਪਹਿਲੀ ਫਿਲਮ ਹੈ, ਕਿਉਂਕਿ ਇਸ ਦਾ ਵਿਸ਼ਾ ਅਲੱਗ ਹੈ। ਮਜੀਦੀ ਸਾਹਿਬ ਬਹੁਤ ਅਧਿਆਤਮਿਕ ਵੀ ਹਨ। ਸ਼ਸ਼ਾਂਕ ਦਿਲ ਨਾਲ ਕੰਮ ਕਰਦੇ ਹਨ। ਉਹ ਤਿਆਰੀਆਂ ‘ਤੇ ਬਹੁਤ ਧਿਆਨ ਦਿੰਦੇ ਹਨ। ਦੋਵਾਂ ਵਿੱਚ ਫਰਕ ਇਹ ਹੈ ਕਿ ਮਜੀਦੀ ਸਾਹਿਬ ਸੈੱਟ ‘ਤੇ ਚੀਜ਼ਾਂ ਨੂੰ ਦੇਖਦੇ ਸਨ। ਸ਼ਸ਼ਾਂਕ ਨੇ ਕਾਫੀ ਰਿਹਰਸਲ ਕੀਤੀ। ਫਿਲਮ ਵਿੱਚ ਮੇਵਾੜੀ ਉਚਾਰਣ ਵੀ ਹੈ। ਉਹ ਚਾਹੁੰਦੇ ਸਨ ਕਿ ਅਸੀਂ ਪੂਰੇ ਤਿਆਰ ਹੋ ਕੇ ਸੈੱਟ ‘ਤੇ ਆਈਏ। ਸ਼ਸ਼ਾਂਕ ਬੜੇ ਸ਼ਾਂਤ ਤਰੀਕੇ ਨਾਲ ਕੰਮ ਕਰਦੇ ਹਨ। ਮੈਂ ਖੁਦ ਨੂੰ ਖੁਸ਼ਕਿਸਮਤ ਮੰਨਦਾ ਹਾਂ ਕਿ ਦੋਵਾਂ ਨਾਲ ਕੰਮ ਕਰਨ ਦਾ ਮੌਕਾ ਮਿਲਿਆ।
* ਤੁਹਾਡੇ ਵਿੱਚ ਡਾਂਸ ਨੂੰ ਲੈ ਕੇ ਇੱਕ ਜਨੂੰਨ ਹੈ। ਤੁਹਾਡੀ ਮਾਂ ਕਲਾਸੀਕਲ ਡਾਂਸਰ ਰਹੀ ਹੈ। ਤੁਹਾਡੀ ਕਲਾਸੀਕਲ ਡਾਂਸ ਵਿੱਚ ਕਿੰਨੀ ਰੁਚੀ ਰਹੀ ਹੈ?
– ਮੈਂ ਕਲਾਸੀਕਲ ਡਾਂਸ ਦੀ ਟਰੇਨਿੰਗ ਨਹੀਂ ਲਈ, ਉਸ ਦੀਆਂ ਕਲਾਸਿਜ਼ ਦੇਖੀਆਂ ਹਨ। ਕਦੇ ਕਦੇ ਉਸ ਦੇ ਸਟੈਪ ਕਰਨ ਦੀ ਕੋਸ਼ਿਸ਼ ਕਰਦਾ ਹਾਂ। ਮਾਂ ਨੇ ਵੀ ਕਦੇ ਕਥਕ ਸਿੱਖਣ ਲਈ ਦਬਾਅ ਨਹੀਂ ਪਾਇਆ। ਮੇਰਾ ਅਜਿਹਾ ਰੁਝਾਨ ਨਹੀਂ ਰਿਹਾ। ਮੈਂ ਵੈਸਟਰਨ ਡਾਂਸ ਦੀ ਟਰੇਨਿੰਗ ਜ਼ਿਆਦਾ ਲਈ ਹੈ। ਮੈਂ ਫ੍ਰੀ ਸਟਾਈਲ ਡਾਂਸ ਕਰਦਾ ਹਾਂ। ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਕਈ ਸਟਾਈਲ ਸਿੱਖਾਂ, ਫਿਰ ਆਪਣਾ ਡਾਂਸ ਸਟੈਪ ਬਣਾਵਾਂ। ਮੈਂ ਕੋਈ ਇੱਕ ਸ਼ੈਲੀ ਨਹੀਂ ਸਿੱਖਣਾ ਚਾਹੁੰਦਾ ਹਾਂ।
* ਸਾਡੇ ਇਥੇ ਡਾਂਸ ਫਿਲਮ ਦਾ ਕਲਚਰ ਚੱਲ ਰਿਹਾ ਹੈ…
– ਮੈਨੂੰ ਲੱਗਦਾ ਹੈ ਕਿ ਡਾਂਸ ਪ੍ਰਤੀ ਜਾਗਰੂਕਤਾ ਵਧਣੀ ਚਾਹੀਦੀ ਹੈ। ਕਲਾਸੀਕਲ ਡਾਂਸ ਸਾਡੀ ਪਛਾਣ ਹੈ। ਸਭਿਆਚਾਰਕ ਵਿਰਾਸਤ ਹੈ। ਉਸ ਨੂੰ ਸੰਭਾਲਣਾ ਚਾਹੀਦਾ ਹੈ। ਡਾਂਸ ਨੂੰ ਕਮਰਸ਼ੀਅਲ ਨਜ਼ਰੀਏ ਤੋਂ ਬਾਹਰ ਦੇਖਣ ਦੀ ਜ਼ਰੂਰਤ ਹੈ। ਇਸ ਨੂੰ ਸਿਰਫ ਮਨੋਰੰਜਨ ਦੇ ਤੌਰ ‘ਤੇ ਨਹੀਂ, ਕਲਾ ਦੇ ਤੌਰ ‘ਤੇ ਦੇਖਿਆ ਜਾਣਾ ਚਾਹੀਦਾ ਹੈ। ਡਾਂਸ ਦੇ ਨਾਂਅ ‘ਤੇ ਕਰਤਬ ਨਾ ਹੋਣ। ਸਭ ਤੋਂ ਅਹਿਮ ਹੈ ਕਿ ਤੁਸੀਂ ਡਾਂਸ ਨਾਲ ਪਿਆਰ ਕਰੋ।
* ਜਾਹਨਵੀ ਨਾਲ ਤੁਹਾਡੀ ਕੈਮਿਸਟਰੀ ਕਿਹੋ ਜਿਹੀ ਰਹੀ?
– ਉਸ ਦੀ ਐਨਰਜੀ ਕਮਾਲ ਦੀ ਹੈ। ਰਿਹਰਸਲ ਵਿੱਚ ਉਹ ਵਧ-ਚੜ੍ਹ ਕੇ ਹਿੱਸਾ ਲੈਂਦੀ ਸੀ। ਜਾਹਨਵੀ ਦਾ ਸਰਲ-ਸਹਿਜ ਵੀ ਉਸ ਦੀ ਇੱਕ ਖੂਬੀ ਹੈ। ਉਸ ਨੂੰ ਪੜ੍ਹਨ ਦਾ ਸ਼ੌਕ ਹੈ। ਸਕ੍ਰਿਪਟ ਦੇ ਨਾਲ ਉਸ ਨੇ ਆਪਣੇ ਨੋਟਸ ਵੀ ਬਣਾਏ ਹੋਏ ਸਨ। ਅਸੀਂ ਆਪਣੀ ਕੈਮਿਸਟਰੀ ਨੂੰ ਸਿਲਵਰ ਸਕਰੀਨ ਤੇ ਵਧੀਆ ਦਿਖਾਉਣ ਦੇ ਲਈ ਕਾਫੀ ਮਿਹਨਤ ਕੀਤੀ ਹੈ।