ਦਿਲ ਦੀ ਸੁਣਦੀ ਹਾਂ : ਅਨੁਸ਼ਕਾ


ਫਿਲਮ ‘ਰਬ ਨੇ ਬਣਾ ਦੀ ਜੋੜੀ’ ਦੇ ਬਾਅਦ ਅਨੁਸ਼ਕਾ ਸ਼ਰਮਾ ਕਈ ਫਿਲਮਾਂ ਵਿੱਚ ਦਿਸੀ। ਖੂਬਸੂਰਤੀ ਤੇ ਕਮਾਲ ਦੀ ਅਦਾਕਾਰੀ ਨਾਲ ਉਸ ਨੇ ਦਰਸ਼ਕਾਂ ਦਾ ਦਿਲ ਜਿੱਤ ਲਿਆ। ਅਗਲੇ ਸਮੇਂ ਵਿੱਚ ਉਹ ‘ਪਰੀ’ ਵਿੱਚ ਦਿਖਾਈ ਦੇਵੇਗੀ। ਇਸ ਦੀ ਸ਼ੂਟਿੰਗ ਉਸ ਨੇ ਸ਼ੁਰੂ ਕਰ ਦਿੱਤੀ ਹੈ। ਇਸ ਫਿਲਮ ਵਿੱਚ ਉਹ ਨਾ ਕੇਵਲ ਐਕਟਿੰਗ ਬਲਕਿ ਇਸ ਦਾ ਨਿਰਮਾਣ ਵੀ ਕਰਨ ਵਾਲੀ ਹੈ। ਬਤੌਰ ਨਿਰਮਾਤਰੀ ਉਸ ਦੀ ਇਹ ਤੀਸਰੀ ਫਿਲਮ ਹੈ। ਇਸ ਤੋਂ ਪਹਿਲਾਂ ਉਹ ‘ਐੱਨ ਐੱਚ 10’ ਅਤੇ ‘ਫਿਲੌਰੀ’ ਵੀ ਕਰ ਚੁੱਕੀ ਹੈ। ਪੇਸ਼ ਹਨ ਉਸ ਨਾਲ ਹੋਈ ਗੱਲਬਾਤ ਦੇ ਮੁੱਖ ਅੰਸ਼ :
* ਕੀ ਤੁਸੀਂ ਐਕਟਿੰਗ ਨਾਲੋਂ ਜ਼ਿਆਦਾ ਫਿਲਮ ਨਿਰਮਾਣ ਉੱਤੇ ਧਿਆਨ ਦੇਣਾ ਚਾਹੁੰਦੇ ਹੋ?
– ਮੈਂ ਹਮੇਸ਼ਾ ਆਪਣੇ ਦਿਲ ਦੀ ਆਵਾਜ਼ ਸੁਣਦੀ ਹਾਂ। ਮੈਂ ਨਿਰਮਾਤਾ ਬਣਨ ਦਾ ਕੋਈ ਪਲਾਨ ਨਹੀਂ ਕੀਤਾ। ਇਹ ਹੋ ਗਿਆ। ਜੋ ਵੀ ਕੰਮ ਮੈਨੂੰ ਮਜ਼ਬੂਤੀ ਦਾ ਅਹਿਸਾਸ ਦੇਵੇ, ਉਸ ਨੂੰ ਕਰਦੀ ਹਾਂ, ਕਿਸੇ ਗੱਲ ਤੋਂ ਡਰਦੀ ਨਹੀਂ। ਮੈਂ ਲਿਖਣ ਦਾ ਕੰਮ ਵੀ ਕਰਦੀ ਹਾਂ, ਕਿਉਂਕਿ ਲਿਖਣ ਤੋਂ ਲੈ ਕੇ ਐਕਟਿੰਗ, ਨਿਰਮਾਣ ਸਭ ਮੈਨੂੰ ਉਤਸ਼ਾਹਤ ਕਰਦੇ ਹਨ। ਕਵਿਤਾਵਾਂ ਲਿਖਦੀ ਹਾਂ।
* ਤੁਹਾਡੀ ਸਫਲਤਾ ਵਿੱਚ ਤੁਹਾਡੇ ਪਰਵਾਰ ਦਾ ਕਿੰਨਾ ਕੁ ਸਹਿਯੋਗ ਰਿਹਾ ਹੈ?
– ਪਰਵਾਰ ਦਾ ਹਮੇਸ਼ਾ ਸਾਥ ਰਿਹਾ ਹੈ। ਮਾਂ, ਪਿਤਾ ਅਤੇ ਭਰਾ ਨੇ ਹਮੇਸ਼ਾ ਸਾਥ ਦਿੱਤਾ, ਇਸ ਵਿੱਚ ਭਰਾ ਦਾ ਸਾਥ ਸਭ ਤੋਂ ਵੱਧ ਹੈ। ਜਦ ਉਹ ਮਰਚੈਂਟ ਨੇਵੀ ਵਿੱਚ ਸਨ ਤੇ ਟ੍ਰੈਵਲ ਕਰਦੇ ਸਨ ਤਾਂ ਉਸ ਦੌਰਾਨ ਫਿਲਮਾਂ ਚੁਣਨ ਤੋਂ ਪਹਿਲਾਂ ਮੈਂ ਉਨ੍ਹਾਂ ਦੀ ਰਾਏ ਜ਼ਰੂਰ ਲੈਂਦੀ ਸੀ। ਕਿਉਂਕਿ ਉਹ ਇੰਡਸਟਰੀ ਤੋਂ ਨਹੀਂ, ਇਸ ਲਈ ਉਨ੍ਹਾਂ ਦੀ ਸੋਚ ਆਮ ਦਰਸ਼ਕ ਦੀ ਤਰ੍ਹਾਂ ਹੁੰਦੀ ਸੀ, ਮੈਂ ਹਮੇਸ਼ਾ ਅਲੱਗ ਤਰ੍ਹਾਂ ਦੀਆਂ ਫਿਲਮਾਂ ਕੀਤੀਆਂ ਹਨ। ਫਿਲਮਾਂ ਚੁਣਨ ਵਿੱਚ ਕਰਣੇਸ਼ ਦਾ ਬਹੁਤ ਸਹਿਯੋਗ ਰਿਹਾ ਹੈ।
* ਕੀ ਕਦੇ ਆਪਣੇ ਕਰੀਅਰ ਨੂੰ ਖਤਰਾ ਮਹਿਸੂਸ ਹੋਇਆ?
– ਸ਼ੁਰੂ ਵਿੱਚ ਹੋਇਆ ਸੀ, ਕਿਉਂਕਿ ਮੈਨੂੰ ਲੱਗਾ ਸੀ ਕਿ ਮੈਂ ਇਸ ਇੰਡਸਟਰੀ ਵਿੱਚ ਜਾਵਾਂਗੀ, ਪਰ ਜਦ ਤੁਸੀਂ ਸੋਚ ਲੈਂਦੇ ਹੋ ਕਿ ਤੁਸੀਂ ਇਹ ਕੰਮ ਕਰਨਾ ਹੀ ਹੈ ਤਾਂ ਫਿਰ ਹਰ ਸਥਿਤੀ ਵਿੱਚੋਂ ਨਿਕਲਣ ਲਈ ਤਿਆਰ ਰਹਿੰਦੇ ਹੋ। ਮੈਨੂੰ ਰਾਤੋਂ-ਰਾਤ ਸਫਲਤਾ ਮਿਲੀ, ਅਜਿਹੇ ਵਿੱਚ ਕਿਵੇਂ ਇਸ ਨੂੰ ਸੰਭਾਲਾਂ, ਉਸ ਨੂੰ ਲੈ ਕੇ ਚਿੰਤਾ ਹੋਈ, ਪਰ ਇੰਨਾ ਸੋਚ ਲਿਆ ਸੀ ਕਿ ਮੈਂ ਕੀ ਕਰਨਾ ਹੈ। ਮੈਂ 20 ਸਾਲ ਦੀ ਉਮਰ ਵਿੱਚ ਹੀ ਸੋਚ ਲਿਆ ਕਿ ਮੈਂ ਆਈਟਮ ਗੀਤ ਨਹੀਂ ਕਰਨੇ, ਕਿਉਂਕਿ ਇਨ੍ਹਾਂ ਤੋਂ ਮੈਨੂੰ ਕ੍ਰਿਏਟਿਵ ਸੰਤੁਸ਼ਟੀ ਨਹੀਂ ਮਿਲੇਗੀ। ਕਾਫੀ ਸੋਚ ਸਮਝ ਕੇ ਅੱਗੇ ਵਧੀ ਹਾਂ ਅਤੇ ਹੁਣ ਡਰ ਲੱਗਦਾ ਹੈ। ਮੈਂ ਆਪਣਾ ਸੌ ਫੀਸਦੀ ਦਿੰਦੀ ਹਾਂ, ਫਿਰ ਚਾਹੇ ਗੱਲ ਘਰ ਦੀ ਸਫਾਈ ਦੀ ਹੋਵੇ ਜਾਂ ਕੋਈ ਹੋਰ ਕੰਮ।
* ਕੀ ਇੰਡਸਟਰੀ ਵਿੱਚ ਕਰੀਬ 10 ਸਾਲ ਤੱਕ ਕੰਮ ਕਰਨਾ ਕਠਿਨ ਸੀ ਅਤੇ ਕਿਸੇ ਕੰਟ੍ਰੋਵਰਸੀ ਨੂੰ ਕਿਵੇਂ ਲੈਂਦੇ ਹੋ?
– ਨਹੀਂ, ਮੇਰੇ ਲਈ ਆਸਾਨ ਸੀ, ਕਿਉਂਕਿ ਸਟਾਰਡਮ ਮੇਰੇ ਉੱਤੇ ਕਦੇ ਹਾਵੀ ਨਹੀਂ ਹੋਇਆ। ਮੈਂ ਇੱਕ ਸਾਧਾਰਨ ਲੜਕੀ ਹਾਂ ਅਤੇ ਸੋਚਦੀ ਹਾਂ ਕਿ ਜੇ ਮੇਰੇ ਵਿੱਚ ਈਗੋ ਆ ਗਿਆ ਤਾਂ ਉਹ ਮੇਰੀ ਸਿਰਜਨਾਤਮਕਤਾ ਨੂੰ ਖਤਮ ਕਰ ਦੇਵੇਗਾ। ਮੈਂ ਖੁਦ ਨੂੰ ਕਦੇ ਸੁਪਰਸਟਾਰ ਨਹੀਂ ਸਮਝਦੀ। ਅਜੇ ਮੈਂ ਉਸ ਦੇ ਲਾਇਕ ਨਹੀਂ ਹਾਂ। ਕੰਟ੍ਰੋਵਰਸੀ ਨਾਲ ਮੈਨੂੰ ਫਰਕ ਨਹੀਂ ਪੈਂਦਾ। ਮੈਨੂੰ ਸ਼ਾਂਤੀ ਬਹੁਤ ਪਸੰਦ ਹੈ ਅਤੇ ਉਸ ਨੂੰ ਬਣਾਈ ਰੱਖਣ ਦੀ ਪੂਰੀ ਕੋਸ਼ਿਸ ਕਰਦੀ ਹਾਂ।
* ਕੀ ਔਰਤਾਂ ਅੱਜ ਵੀ ਆਪਣੇ ਰਿਲੇਸ਼ਨਸ਼ਿਪ ਨੂੰ ਲੈ ਕੇ ਖਤਰਾ ਮਹਿਸੂਸ ਕਰਦੀਆਂ ਹਨ?
– ਅਸਲ ਵਿੱਚ ਅੱਜ ਕੱਲ੍ਹ ਲੋਕ ਆਪਣੇ ਰਿਸ਼ਤੇ ਨੂੰ ਲੈ ਕੇ ਖੁਦ ਨਹੀਂ ਰਹਿੰਦੇ, ਜੋ ਮਿਲਿਆ ਹੈ ਉਨ੍ਹਾਂ ਨੂੰ ਉਸ ਤੋਂ ਹਮੇਸ਼ਾ ਜ਼ਿਆਦਾ ਚਾਹੀਦਾ ਹੈ, ਇਹ ਉਹ ਸੋਚਦੇ ਰਹਿੰਦੇ ਹਨ। ਅਜਿਹੇ ਵਿੱਚ ਉਨ੍ਹਾਂ ਨੂੰ ਬਹੁਤ ਕੁਝ ਗੁਆਉਣਾ ਪੈਂਦਾ ਹੈ। ਜੇ ਜਿੰਨਾ ਮਿਲਿਆ ਹੈ, ਉਸੇ ਤੋਂ ਸੰਤੁਸ਼ਟੀ ਰਹੇ, ਤਾਂ ਰਿਸ਼ਤਾ ਕਾਇਮ ਰਹਿੰਦਾ ਹੈ।
* ਕੋਈ ਸੁਪਰ ਪਾਵਰ ਮਿਲੇ ਤਾਂ ਕੀ ਬਦਲਣਾ ਚਾਹੋਗੇ?
– ਇੱਕ ‘ਟ੍ਰੂ ਸੈਂਸ ਆਫ ਫਰੀਡਮ’ ਨੂੰ ਬਦਲਣਾ ਚਾਹਾਂਗੀ, ਜੋ ਲੋਕ ਆਪਣੇ ਆਪ ਨੂੰ ਸਭ ਤੋਂ ਵੱਧ ਸਮਝਦਾਰ ਸਮਝਦੇ ਹਨ, ਦੂਸਰਿਆਂ ਨੂੰ ਨਹੀਂ, ਉਸ ਨਾਲ ਲਾਈਫ ਬੜੀ ਤਣਾਅ ਪੂਰਨ ਹੋ ਜਾਂਦੀ ਹੈ। ਜੇ ਉਨ੍ਹਾਂ ਦੀ ਸੋਚ ਬਦਲੇ ਤਾਂ ਉਹ ਖੁਦ ਖੁਸ਼ ਰਹਿਣ ਦੇ ਨਾਲ-ਨਾਲ ਦੂਸਰਿਆਂ ਨੂੰ ਵੀ ਖੁਸ਼ ਰੱਖ ਸਕਦੇ ਹਨ।