ਦਿਲ ਦਰਿਆ

-ਨਿਰਮਲ ਤਪ੍ਰੇਮੀ
ਪਹਿਲੇ ਹੀ ਦਿਨ ਤੋਂ ਮਾਲਿਨ ਦੀ ਨਿਰਸਵਾਰਥ ਸੇਵਾ ਅਤੇ ਮੁਹੱਬਤ ਨੇ ਮੈਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਮੈਂ ਛੇਤੀ ਹੀ ਨਿਰੋਗ ਹੋ ਜਾਵਾਂਗਾ। ਉਹ ਸਾਰਾ ਦਿਨ ਮੇਰੇੇ ਨਿੱਕੇ-ਨਿੱਕੇ ਕੰਮਾਂ ‘ਚ ਲੱਗੀ ਰਹਿੰਦੀ। ਉਸ ਦਾ ਕਿਸਾਨ ਪਤੀ ਵੀ ਆਪਣੇ ਹੱਥ ਦੇ ਕੰਮ ਛੱਡ ਕੇ ਮੇਰੀ ਮੁੱਠੀ-ਚਾਪੀ ਕਰਦਾ ਰਹਿੰਦਾ। ਉਸ ਖੂਹ ਤੋਂ ਮੈਨੂੰ ਐਨਾ ਆਪਣਾਪਣ, ਐਨਾ ਪਿਆਰ ਮਿਲਿਆ ਕਿ ਦੋ-ਚਾਰ ਦਿਨਾਂ ਵਿੱਚ ਹੀ ਉਸ ਖੂਹ ਦਾ ਕਣ-ਕਣ ਮੇਰੇ ਨਾਲ ਘੁਲ-ਮਿਲ ਗਿਆ। ਹੋਰ ਤਾਂ ਹੋਰ, ਉਨ੍ਹਾਂ ਦਾ ਡੱਬੂ ਕੁੱਤਾ, ਜੋ ਉਹ ਖੂਹ ਦੇ ਨਾਲ ਲੱਗਦੇ ਖੇਤਾਂ ਵਿੱਚ ਤਾਂ ਇੱਕ ਪਾਸੇ, ਉਸਦੇ ਕੋਲ ਦੇ ਰਾਹਾਂ ‘ਤੇ ਵੀ ਕਿਸੇ ਓਪਰੇ ਬੰਦੇ ਦੇ ਆਉਣ-ਜਾਣ ਨੂੰ ਦੁੱਭਰ ਬਣਾ ਦਿੰਦਾ ਸੀ, ਮੇਰੇ ਅੱਗੇ-ਪਿੱਛੇ ਪੂਛ ਹਿਲਾਉਂਦਾ ਫਿਰਦਾ ਸੀ।
ਪੀਲੀਆ ਹੋਣ ਤੋਂ ਬਾਅਦ ਮੈਂ ਆਪਣੇ ਸ਼ਹਿਰ ਤੋਂ ਉਸ ਪਿੰਡ ਵਿੱਚ ਰਾਜ਼ੀ ਹੋਣ ਲਈ ਗਿਆ ਸੀ। ਸ਼ਹਿਰ ਵਿੱਚ ਇਹ ਬਿਮਾਰੀ ਕਾਬੂ ‘ਚ ਨਹੀਂ ਆ ਰਹੀ ਸੀ। ਇੱਕ ਵਾਰ ਠੀਕ ਹੋਇਆ, ਪਰ ਕੁਝ ਦਿਨਾਂ ਬਾਅਦ ਇਹ ਫੇਰ ਉਭਰ ਕੇ ਆਈ। ਦੂਜੀ ਵਾਰ ਜਦੋਂ ਠੀਕ ਹੋਇਆ ਤਾਂ ਕਾਫੀ ਕਮਜ਼ੋਰ ਹੋ ਚੁੱਕਾ ਸੀ, ਪਰ ਮੇਰਾ ਚਿਹਰਾ ਹਰਦੀ ਵਰਗਾ ਪੀਲਾ ਪੈ ਗਿਆ ਸੀ। ਹੁਣ ਅੱਖਾਂ ਵਿੱਚ ਪਿਲੱਤਣ ਤਾਂ ਨਹੀਂ ਰਹੀ ਸੀ, ਪਰ ਮੇਰਾ ਚਿਹਰਾ ਹਲਦੀ ਵਾਂਗ ਪੀਲਾ ਪੈ ਗਿਆ ਸੀ। ਆਪਣੇ ਨਹੁੰਆਂ ਵੱਲ ਦੇਖਦਾ ਤਾਂ ਮੇਰਾ ਦਿਲ ਬੈਠਣ ਲੱਗਦਾ ਸੀ। ਐਨੇ ਚਿੱਟੇ ਹੋ ਗਏ ਸਨ, ਜਿਵੇਂ ਉਨ੍ਹਾਂ ਵਿੱਚ ਭੋਰਾ ਖੂਨ ਹੀ ਨਾ ਬਚਿਆ ਹੋਵੇ। ਡਾਕਟਰ ਦਾ ਮਸ਼ਵਰਾ ਸੁਣ ਕੇ ਮੇਰੇ ਇੱਕ ਦੋਸਤ ਨੇ ਮੈਨੂੰ ਆਪਣੇ ਪਿੰਡ ਵਾਲੇ ਖੂਹ ‘ਤੇ ਘੱਲ ਦਿੱਤਾ, ਤਾਂ ਕਿ ਉਥੋਂ ਦੀ ਤਾਜ਼ੀ ਆਬੋ-ਹਵਾ ਵਿੱਚ ਹਰੀਆਂ ਸਬਜ਼ੀਆਂ ਖਾ ਕੇ ਛੇਤੀ ਹੀ ਨਿਰੋਗ ਹੋ ਸਕਾਂ।
ਠੰਢ ਦੇ ਦਿਨ ਸਨ। ਗਾਜਰ-ਮੂਲੀ, ਸਰ੍ਹੋ-ਪਾਲਕ, ਗੋਭੀ, ਸ਼ਲਗਮ, ਛੋਲੇ, ਬੈਂਗਣ, ਕੀ ਨਹੀਂ ਸੀ ਉਸ ਖੂਹ ਉਤੇ। ਗੰਨੇ ਦੇ ਖੇਤ। ਖੁਦ ਹੀ ਜਦੋਂ ਦਿਲ ਚਾਹੇ, ਤੋੜੋ ਅਤੇ ਖਾਓ। ਸਵੇਰ ਦੀ ਤਾਜ਼ੀ ਹਵਾ। ਦੁਪਹਿਰ ਦੀ ਨਰਮ ਅਤੇ ਗਰਮ ਧੁੱਪ। ਸ਼ਾਮ ਵੇਲੇ ਮਾਲਿਨ ਅਤੇ ਉਸ ਦੇ ਕਿਸਾਨ ਪਤੀ ਦਾ ਵੇਲੇ-ਕੁਵੱਲੇ ਮੇਰੀ ਹਰੇਕ ਜ਼ਰੂਰਤ ਦਾ ਖਿਆਲ ਰੱਖਣਾ। ਉਨ੍ਹਾਂ ਨੇ ਮੈਨੂੰ ਆਪਣੇ ਮਾਲਕ ਦਾ ਮਹਿਮਾਨ ਸਮਝ ਕੇ ਮਾਲਕ ਨਾਲੋਂ ਵੱਧ ਸੇਵਾ ਕਰਨੀ ਸ਼ੁਰੂ ਕਰ ਦਿੱਤੀ।
ਦਿਨ ਚੜ੍ਹਦਾ ਤਾਂ ਮਾਲਿਨ ਮੇਰੇ ਲਈ ਲੱਸੀ ਦਾ ਛੰਨਾ ਭਰ ਕੇ ਲੈ ਆਉਂਦੀ। ਉਸ ‘ਤੇ ਤਾਜ਼ਾ ਕੱਢੇ ਹੋਏ ਮੱਖਣ ਦਾ ਪੇੜਾ ਤੈਰ ਰਿਹਾ ਹੁੰਦਾ। ਉਹ ਲੱਸੀ ਪੀ ਕੇ ਮੈਂ ਸੈਰ ਲਈ ਨਿਕਲਦਾ ਤਾਂ ਮਾਲਿਨ ਆਪਣੇ ਵਫਾਦਾਰ ਕੁੱਤੇ ਨੂੰ ਮੇਰੇ ਨਾਲ ਕਰ ਦਿੰਦੀ, ‘‘ਡੱਬੂ, ਇਨ੍ਹਾਂ ਦੇ ਨਾਲ ਜਾਹ। ਸਾਹਬ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ।” ਡੱਬੂ ਪੂਛ ਹਿਲਾਉਂਦਾ ਮੇਰੇ ਨਾਲ ਤੁਰ ਪੈਂਦਾ। ਤ੍ਰੇਲ-ਭਿੱਜੀਆਂ ਪਗਡੰਡੀਆਂ ‘ਤੇ ਡੱਬੂ ਮੇਰੇ ਅੱਗੇ-ਪਿੱਛੇ ਇਉਂ ਤੁਰਦਾ, ਜਿਵੇਂ ਮੇਰਾ ਮਾਰਗ ਦਰਸ਼ਨ ਕਰ ਰਿਹਾ ਹੋਵੇ। ਮੈਂ ਕਿਸੇ ਰੁੱਖ ‘ਤੇ ਲੱਗੇ ਹੋਏ ਫਲਾਂ ਨੂੰ ਦੇਖਣ ਜਾਂ ਤੋੜਨ ਲਈ ਠਹਿਰ ਜਾਂਦਾ ਤਾਂ ਅੱਗੇ-ਅੱਗੇ ਤੁਰਦੇ ਡੱਬੂ ਦੇ ਪੈਰ ਵੀ ਰੁਕ ਜਾਂਦੇ। ਮੈਂ ਕਿਸੇ ਗੰਨੇ ਦੇ ਖੇਤ ‘ਚੋਂ ਗੰਨਾ ਪੁੱਟਣਾ ਚਾਹੰੁਦਾ ਤਾਂ ਡੱਬੂ ਉਥੇ ਵੀ ਮੇਰੀ ਮਦਦ ਕਰਦਾ। ਉਹ ਕਿਆਰੀ ਦੇ ਕਿਸੇ ਮੋਟੇ ਗੰਨੇ ਦੇ ਕੋਲ ਜਾ ਕੇ ਖੜ੍ਹਾ ਹੋ ਜਾਂਦਾ, ਜਿਵੇਂ ਕਹਿ ਰਿਹਾ ਹੋਵੇ ਕਿ ਇਹਨੂੰ ਪੁੱਟੋ, ਇਹ ਗੰਨਾ ਵੱਧ ਮਿੱਠਾ ਹੋਵੇਗਾ।
ਵਾਪਸ ਮੁੜਦਾ ਤਾਂ ਮੇਰੇ ਕਮਰੇ ਵਿੱਚ ਰੰਗ-ਬਿਰੰਗੀਆਂ ਫੁੱਲਾਂ ਭਰੀ ਟੋਕਰੀ ਰੱਖੀ ਹੁੰਦੀ। ਕਮਰਾ ਮਹਿਕ-ਮਹਿਕ ਜਾਂਦਾ। ਥੋੜ੍ਹਾ ਆਰਾਮ ਕਰ ਕੇ ਮੈਂ ਟਿਊਬਵੈਲ ਦੇ ਖੁੱਲ੍ਹੇ ਪਾਣੀ ਥੱਲੇ ਨਹਾਉਂਦਾ। ਉਥੋਂ ਤਾਜ਼ਾ ਦਮ ਹੋ ਕੇ ਮੁੜਦਾ ਤਾਂ ਮਾਲਿਨ ਰਸੋਈ ਵਿੱਚ ਆਪਣੇ ਕੋਲ ਬਹਾ ਕੇ ਸਰ੍ਹੋਂ ਦੇ ਸਾਗ ‘ਤੇ ਘਿਓ ਦੀ ਕੜਛੀ ਪਾ ਕੇ ਨਾਸ਼ਤਾ ਕਰਾਉਂਦੀ। ਨਾਸ਼ਤੇ ਵਿੱਚ ਮੱਕੀ ਜਾਂ ਬਾਜਰੇ ਦੀ ਰੋਟੀ ਖੁਆਉਂਦੀ। ਉਹ ਤਵੇ ਤੋਂ ਲਾਹ ਕੇ ਪਾਥੀਆਂ ਦੀ ਮੱਧਮ ਅੱਗ ‘ਤੇ ਰੱਖ ਕੇ ਰਾੜ੍ਹਦੀ ਸੀ, ਜਿਸ ਨਾਲ ਉਹ ਰੋਟੀ ਸਖਤ ਵੀ ਹੋ ਜਾਂਦੀ ਤੇ ਸੁਆਹ ਦੀ ਮਹਿਕ ਵੀ ਭਰ ਜਾਂਦੀ। ਖਾ ਕੇ ਮਜ਼ਾ ਆ ਜਾਂਦਾ। ਸਵੇਰ ਦੇ ਸਮੇਂ, ਦੁਪਹਿਰ, ਰਾਤ ਨੂੰ ਚੰਗੇ ਖਾਣ-ਪੀਣ ਨਾਲ ਦੋ ਹਫਤਿਆਂ ਵਿੱਚ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਨਹੁੰਆਂ ਵਿੱਚ ਲਾਲੀ ਆ ਰਹੀ ਹੈ। ਗੱਲ੍ਹਾਂ ਵਿੱਚ ਉਸ ਦੇਸੀ ਗੁਲਾਬਾਂ ਜਿਹੀ ਰੰਗਤ ਭਰ ਰਹੀ ਹੈ, ਜਿਨ੍ਹਾਂ ਦੀ ਖੁਸ਼ਬੂ ਨਾਲ ਮੈਂ ਸਾਰਾ ਦਿਨ ਭਿੱਜਿਆ ਰਹਿੰਦਾ ਸੀ।
ਇਸੇ ਤਰ੍ਹਾਂ ਹੌਲੀ ਹੌਲੀ ਮੇਰੀ ਸਿਹਤ ਵਿੱਚ ਸੁਧਾਰ ਹੁੰਦਾ ਗਿਆ। ਜਿਵੇਂ ਜਿਵੇਂ ਮੈਂ ਨਿਰੋਗ ਹੁੰਦਾ ਜਾ ਰਿਹਾ ਸੀ, ਉਵੇਂ ਉਵੇਂ ਮੈਂ ਦਿਲ ਹੀ ਦਿਲ ਵਿੱਚ ਮਾਲਿਨ ਤੇ ਉਸ ਦੇ ਕਿਸਾਨ ਪਤੀ ਦੀ ਅਹਿਸਾਨਮੰਦੀ ਮਹਿਸੂਸ ਕਰ ਰਿਹਾ ਸੀ, ਜਿਨ੍ਹਾਂ ਦੀ ਨਿਰਸਵਾਰਥ ਸੇਵਾ ਨੇ ਮੇਰੇ ਅੰਦਰ ਨਵੀਂ ਜ਼ਿੰਦਗੀ ਫੂਕ ਦਿੱਤੀ ਸੀ। ਇਥੋਂ ਤੱਕ ਕਿ ਕਦੀ ਕਦੀ ਉਨ੍ਹਾਂ ਦੇ ਕੁੱਤੇ ਡੱਬੂ ਦਾ ਵੀ ਧੰਨਵਾਦ ਪ੍ਰਗਟ ਕਰਨ ਨੂੰ ਜੀ ਚਾਹੁੰਦਾ ਸੀ, ਜੋ ਆਪਣੀ ਪੂਛ ਹਿਲਾਉਂਦਾ ਹੋਇਆ ਪੈਰ-ਪੈਰ ‘ਤੇ ਮੇਰੇ ਨਾਲ ਰਹਿੰਦਾ ਸੀ। ਉਹ ਤਾਂ ਇਥੋਂ ਤੱਕ ਕਰਦਾ ਸੀ ਕਿ ਜਦ ਮੈਂ ਉਨ੍ਹਾਂ ਦੀ ਹਵੇਲੀ ਦੀ ਕੋਠੜੀ ਵਿੱਚ ਸੌਂ ਰਿਹਾ ਹੰਦਾ, ਤਦ ਵੀ ਉਹ ਬਾਹਰ ਦਰਵਾਜ਼ੇ ‘ਤੇ ਬੈਠਾ ਰਹਿੰਦਾ ਅਤੇ ਮੇਰੇ ਬਾਹਰ ਨਿਕਲਣ ‘ਤੇ ਪੂਛ ਹਿਲਾਉਂਦਾ ਮੇਰੇ ਪੈਰਾਂ ਨੂੰ ਇਉਂ ਸੁੰਘਣ ਲੱਗਦਾ, ਜਿਵੇਂ ਉਹ ਮੇਰੇ ਪੈਰ ਛੂਹ ਰਿਹਾ ਹੋਵੇ। ਇਸ ਲਈ ਉਨ੍ਹਾਂ ਤਿੰਨਾਂ ਲਈ ਮੇਰੇ ਦਿਲ ਵਿੱਚ ਹਮੇਸ਼ਾ ਨਿੱਤ-ਨਵੀਆਂ ਕੋਮਲ ਜਿਹੀਆਂ ਭਾਵਨਾਵਾਂ ਜਾਗਦੀਆਂ ਰਹਿੰਦੀਆਂ ਸਨ। ਕਦੀ ਮੈਂ ਸੋਚਦਾ ਕਿ ਮੈਂ ਜਾਣ ਤੋਂ ਪਹਿਲਾਂ ਮਾਲਿਨ ਅਤੇ ਕਿਸਾਨ ਨੂੰ ਮੋਟੀ ਰਕਮ ਇਨਾਮ ਦੇ ਰੂਪ ਵਿੱਚ ਦੇ ਕੇ ਜਾਵਾਂਗਾ। ਕਦੀ ਸੋਚਦਾ ਕਿ ਮੈਂ ਉਨ੍ਹਾਂ ਨੂੰ ਦੋਵਾਂ ਨੂੰ ਆਪਣੇ ਸ਼ਹਿਰ ਵਿੱਚ ਬੁਲਾਊਂਗਾ ਤੇ ਉਨ੍ਹਾਂ ਨੂੰ ਉਥੋਂ ਦੀ ਖੂਬ ਸੈਰ ਕਰਾਊਂਗਾ।
ਥੋੜ੍ਹੇ ਸ਼ਬਦਾਂ ਵਿੱਚ ਕਹਾਂ ਤਾਂ ਮੇਰੇ ਦਿਲ ਦੇ ਦਰਿਆ ਵਿੱਚ ਉਨ੍ਹਾਂ ਲੋਕਾਂ ਲਈ ਪਿਆਰ ਦੀ ਭਾਵਨਾ ਉਲਰ-ਉਲਰ ਪੈਂਦੀ ਸੀ ਅਤੇ ਹਰ ਪਲ ਸਾਫ-ਸੁਥਰੀਆਂ ਲਹਿਰਾਂ ਨਾਲ ਮੇਰਾ ਵਜੂਦ ਭਿੱਜ-ਭਿੱਜ ਜਾਂਦਾ ਸੀ, ਪਰ ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਉਨ੍ਹਾਂ ਦੇ ਸਾਹਮਣੇ ਆਪਣਾ ਪਿਆਰ ਕਿਵੇਂ ਪ੍ਰਗਟ ਕਰਾਂ? ਉਨ੍ਹਾਂ ਲਈ ਮੇਰੇ ਕੋਲ ਸ਼ਬਦ ਨਹੀਂ ਸਨ ਅਤੇ ਜੇ ਸਨ ਤਾਂ ਉਨ੍ਹਾਂ ਦੀ ਸੇਵਾ ਸਾਹਮਣੇ ਹਲਕੇ ਪੈਂਦੇ ਸਨ, ਇਸ ਲਈ ਚਾਹੁੰਦਾ ਹੋਇਆ ਵੀ ਹੁਣ ਤੱਕ ਕੁਝ ਨਹੀਂ ਕਹਿ ਸਕਿਆ ਸੀ। ਇਥੋਂ ਤੱਕ ਕਿ ਮੇਰੇ ਮੁੜਨ ‘ਚ ਸਿਰਫ ਦੋ ਦਿਨ ਰਹਿ ਗਏ। ਮੇਰੇ ਵਾਪਸ ਜਾਣ ਦੀਆਂ ਸਾਰੀਆਂ ਤਿਆਰੀਆਂ ਸ਼ੁਰੂ ਹੋ ਗਈਆਂ ਸਨ। ਕਿਸਾਨ ਇੱਕ ਦਿਨ ਪੰਜ ਕਿਲੋਮੀਟਰ ਦੂਰ ਰੇਲਵੇ ਸਟੇਸ਼ਨ ‘ਤੇ ਜਾ ਕੇ ਮੇਰੀ ਗੱਡੀ ਦੀ ਟਿਕਟ ਲੈ ਆਇਆ ਸੀ। ਮਾਲਿਨ ਨੇ ਨਾਲ ਲਿਜਾਣ ਲਈ ਮੇਰੇ ਲਈ ਮੱਕੀ ਦਾ ਆਟਾ, ਘਰ ਦਾ ਬਣਿਆ ਹੋਇਆ ਗੁੜ ਅਤੇ ਸ਼ੱਕਰ ਅਤੇ ਪਤਾ ਨਹੀਂ ਇਹੋ ਜਿਹੀੱਾਂ ਕਿੰਨੀਆਂ ਹੀ ਸ਼ੈਆਂ ਦੀਆਂ ਪੋਟਲੀਆਂ ਬੰਨ੍ਹ ਕੇ ਇੱਕ ਥੈਲੇ ‘ਚ ਤੁੰਨ ਦਿੱਤੀਆਂ ਸਨ।
ਭਰੇ ਹੋਏ ਘੜੇ ਨੂੰ ਹੋਰ ਪਾਣੀ ਨਾਲ ਭਰ ਕੇ, ਵਾਰ-ਵਾਰ ਉਪਰੋਂ ਛਲਕਾ ਕੇ ਹੀ ਜਿਵੇਂ ਕੋਈ ਯਕੀਨ ਕਰਨਾ ਚਾਹੁੰਦਾ ਹੈ ਕਿ ਘੜਾ ਸੱਚਮੁੱਚ ਨੱਕ ਤੱਕ ਭਰਿਆ ਹੋਇਆ ਹੈ, ਇਹੀ ਹਾਲ ਮਾਲਿਨ ਅਤੇ ਉਸ ਦੇ ਪਤੀ ਦਾ ਸੀ। ਜਿਉਂ ਜਿਉਂ ਮੇਰੇ ਜਾਣ ਦਾ ਸਮਾਂ ਨੇੜੇ ਆ ਰਿਹਾ ਸੀ, ਉਨ੍ਹਾਂ ਦੀ ਸੇਵਾ ਦੀ ਭਾਵਨਾ ਵਧ ਰਹੀ ਸੀ।
ਅਗਲੀ ਸਵੇਰ ਮੈਂ ਟੁਰ ਜਾਣਾ ਸੀ। ਉਸ ਦਿਨ ਸ਼ਾਮ ਨੂੰ ਮੈਂ ਆਖਰੀ ਵਾਰ ਖੇਤਾਂ ਦੀ ਸੈਰ ਨੂੰ ਨਿਕਲਿਆ ਤਾਂ ਮਾਲਿਨ ਵੀ ਨਾਲ ਹੋ ਤੁਰੀ। ਕੁੱਤਾਂ ਤਾਂ ਖੈਰ ਨਾਲ ਰਹਿੰਦਾ ਹੀ ਸੀ। ਤੁਰਦੇ ਤੁਰਦੇ ਜਦ ਅਸੀਂ ਗੰਨੇ ਦੇ ਖੇਤ ਕੋਲੋਂ ਲੰਘੇ ਤਾਂ ਮਾਲਿਨ ਨੇ ਪੁੱਛਿਆ, ‘‘ਗੰਨਾ ਚੂਪੋਗੇ?”
‘‘ਇੱਛਾਂ ਤਾ ਨਹੀਂ ਹੋ ਹੈ”, ਮੇਰਾ ਜਵਾਬ ਸੀ।
ਮਾਲਿਨ ਸ਼ਾਇਦ ਆਪਣੀ ਸੇਵਾ ਦੀ ਭਾਵਨਾ ਨੂੰ ਪੂਰਾ ਕਰਨਾ ਚਾਹੁੰਦੀ ਸੀ, ਕਹਿਣ ਲੱਗੀ, ‘ਸ਼ਹਿਰ ਵਿੱਚ ਏਦਾਂ ਦੇ ਗੰਨੇ ਚੂਪਣ ਨੂੰ ਕਿੱਥੋਂ ਮਿਲਣਗੇ ਤੇ ਉਸ ਨੇ ਮੇਰੀ ਬਾਂਹ ਫੜੀ ਤੇ ਸਰ-ਸਰ ਕਰਦੇ ਲੰਬੇ-ਲੰਬੇ ਗੰਨਿਆਂ ਕੋਲ ਲੈ ਗਈ।”
ਮੈਂ ਤਾਂ ਬਾਹਰ ਖੜ੍ਹਾ ਰਿਹਾ ਅਤੇ ਉਹ ਮਿੱਠੇ ਤੇ ਮੋਟੇ ਗੰਨੇ ਦੀ ਭਾਲ ਵਿੱਚ ਦੋ-ਤਿੰਨ ਪੈਰ ਖੇਤ ਦੇ ਅੰਦਰ ਜਾ ਵੜੀ। ਉਹ ਇੱਕ-ਇੱਕ ਗੰਨਾ ਮੈਨੂੰ ਦਿਖਾ-ਦਿਖਾ ਕੇ ਪੁੱਛ ਰਹੀ ਸੀ ਕਿ ਕਿਹੜਾ ਤੋੜਾਂ।
ਮੇਰੇ ਦਿਲ ਦਰਿਆ ਦੇ ਕੰਢੇ ਨਾਲੋਂ ਥੋੜ੍ਹੀ ਜਿਹੀ ਮਿੱਟੀ ਟੁੱਟ ਕੇ ਡਿੱਗੀ ਅਤੇ ਦਿਲ ਵਿੱਚ ਵਗਦੇ ਖਿਆਲਾਂ ਦੇ ਸਾਫ-ਸੁਥਰੇ, ਨਿਰਮਲ ਪਾਣੀ, ਦੀ ਇੱਕ ਲਹਿਰ ਨੂੰ ਗੰਧਲਾ ਅਤੇ ਮੈਲਾ ਕਰ ਗਈ ਸੀ। ਅਜੇ ਮੇਰੇ ਦਿਲ ਵਿੱਚ ਸਿਰਫ ਇਹ ਖਿਆਲ ਹੀ ਪੈਦਾ ਹੋਇਆ ਸੀ, ਉਸ ‘ਤੇ ਅਮਲ ਕਰਨ ਦੇ ਲਈ ਮੈਂ ਆਪਣਾ ਪੈਰ ਅਗਾਂਹ ਨਹੀਂ ਵਧਾਇਆ ਸੀ, ਤਦੇ ਮੇਰੇ ਕੋਲ ਖੜ੍ਹੇ ਡੱਬੂ ਨੇ ਮੇਰੀ ਟੰਗ ਨੂੰ ਆਪਣੇ ਦੰਦਾਂ ਵਿੱਚ ਨੱਪ ਲਿਆ।
‘‘ਓਏ ਓਏ, ਡੱਬੂ ਕੀ ਕਰਦਾ ਏਂ?” ਮਾਲਿਨ ਹੱਥ ਵਿੱਚ ਫੜਿਆ ਹੋਇਆ ਗੰਨਾ ਲੈ ਕੇ ਡੱਬੂ ਨੂੰ ਮਾਰਨ ਦੌੜੀ, ਪਰ ਮੈਨੂੰ ਇਸ ਦਾ ਭੋਰਾ ਵੀ ਅਹਿਸਾਸ ਨਹੀਂ ਸੀ। ਮੈਨੂੰ ਪਤਾ ਸੀ ਕਿ ਜੋ ਕੰਮ ਮੈਂ ਕਰਨ ਲੱਗਾ ਸੀ, ਉਸ ਨੂੰ ਰੋਕਣ ਲਈ ਡੱਬੂ ਨੇ ਜੋ ਕੀਤਾ ਸੀ, ਉਹ ਠੀਕ ਹੀ ਕੀਤਾ ਸੀ। ਅਗਲੇ ਦਿਨ ਉਥੋਂ ਤੁਰਦੇ ਸਮੇਂ ਮਾਲਿਨ ਅਤੇ ਕਿਸਾਨ ਵਾਰ-ਵਾਰ ਕੁੱਤੇ ਦੀ ਗੁਸਤਾਖੀ ਲਈ ਮੁਆਫੀ ਮੰਗ ਰਹੇ ਸਨ, ਪਰ ਮੇਰੀ ਇਹ ਹਿੰਮਤ ਨਹੀਂ ਪੈ ਰਹੀ ਸੀ ਕਿ ਮੇਰੇ ਦਿਲ ਦਾ ਕੁੱਤਾ ਮੇਰੇ ਕੋਲੋਂ ਜੋ ਗੁਸਤਾਖੀ ਕਰਵਾਉਣ ਜਾ ਰਿਹਾ ਸੀ, ਉਸ ਦੇ ਲਈ ਮੁਆਫੀ ਮੰਗ ਸਕਾਂ?
ਮੇਰੇ ਅੰਦਰ ਤਾਂ ਉਸ ਕਿਸਾਨ ਜੋੜੇ ਦਾ ਧੰਨਵਾਦ ਕਰਨ ਦੀ ਹਿੰਮਤ ਹੀ ਨਹੀਂ ਬਚੀ ਸੀ।