ਦਾੜ੍ਹੀ ਵਧਾਉਣ ਕਾਰਨ ਪਤੀ ਨੂੰ ਜੇਲ ਭੇਜਿਆ

arrest
ਗਾਜ਼ੀਆਬਾਦ, 18 ਮਾਰਚ (ਪੋਸਟ ਬਿਊਰੋ)- ਖਬਰ ਹੈਰਾਨੀ ਵਾਲੀ ਹੈ, ਪਰ ਇਹ ਸੱਚੀ ਹੈ ਕਿ ਇੱਕ ਵਿਚਾਰਾ ਪਤੀ ਪੈਂਟ-ਸ਼ਰਟ ਦੀ ਜਗ੍ਹਾ ਕੁੜਤਾ ਪਜਾਮਾ ਪਹਿਨ ਕੇ ਤੇ ਦਾੜ੍ਹੀ ਰੱਖ ਕੇ ਸਹੁਰੇ ਗਿਆ ਤਾਂ ਪਤਨੀ ਨੇ ਨਾ ਕੇਵਲ ਉਸ ਦੇ ਨਾਲ ਜਾਣ ਤੋਂ ਇਨਕਾਰ ਕਰ ਦਿੱਤਾ, ਸਗੋਂ ਉਸ ਨੂੰ ਜੇਲ ਵੀ ਭਿਜਵਾ ਦਿੱਤਾ।
ਮੁਰਾਦਨਗਰ ਦੀ ਕੱਚੀ ਸਰਾਏ ਕਾਲੋਨੀ ਦਾ ਨਿਜਾਮੁਦੀਨ, ਮੇਰਠ ਦੇ ਕਾਲਜ ਵਿੱਚ ਪੜ੍ਹਦਾ ਸੀ। ਕਾਲਜ ਵਿੱਚ ਬੜੌਤ ਦੀ ਅੰਜੂਮਨੀਸ਼ਾ ਨਾਲ ਉਸ ਦਾ ਪ੍ਰੇਮ ਪ੍ਰਸੰਗ ਚੱਲਦਾ ਸੀ। ਦੋਵਾਂ ਨੇ ਅੱਠ ਸਾਲ ਪਹਿਲਾਂ ਪਰਵਾਰਾਂ ਦੀ ਰਜ਼ਾਮੰਦੀ ਨਾਲ ਪ੍ਰੇਮ ਵਿਆਹ ਕਰ ਲਿਆ। ਵਿਆਹ ਦੇ ਅੱਠ ਦਿਨ ਬਾਅਦ ਅੰਜੂਮਨੀਸ਼ਾ ਆਪਣੇ ਪੇਕੇ ਚਲੀ ਗਈ। ਇਸ ਦੌਰਾਨ ਨਿਜਾਮੂਦੀਨ ਜਮਾਤ (ਧਰਮ ਪ੍ਰਚਾਰ) ਵਿੱਚ ਚਲਾ ਗਿਆ। ਜਦੋਂ ਘਰ ਵਾਪਸ ਪੁੱਜਾ ਤਾਂ ਪਹਿਰਾਵਾ ਬਦਲਿਆ ਹੋਇਆ ਸੀ। ਚਿਹਰੇ ਉੱਤੇ ਦਾੜ੍ਹੀ ਸੀ ਅਤੇ ਪੈਂਟ ਸ਼ਰਟ ਦੀ ਜਗ੍ਹਾ ਕੁੜਤਾ ਪਜਾਮਾ ਸੀ। ਇਸ ਪਹਿਰਾਵੇ ਵਿੱਚ ਉਹ ਪਤਨੀ ਨੂੰ ਲੈਣ ਲਈ ਸਹੁਰੇ ਘਰ ਬੜੌਤ ਗਿਆ। ਪਤਨੀ ਉਸ ਨੂੰ ਪਛਾਣ ਨਾ ਸਕੀ ਤਾਂ ਉਸ ਨੇ ਪਤਨੀ ਅਤੇ ਸੱਸ ਨੂੰ ਆਪਣੇ ਬਾਰੇ ਦੱਸਿਆ। ਦਾੜ੍ਹੀ ਵਧਾਉਣ ਉੱਤੇ ਪਤਨੀ ਅਤੇ ਸੱਸ ਭੜਕ ਗਈਆਂ। ਪਤਨੀ ਨੇ ਤੁਰੰਤ ਦਾੜ੍ਹੀ ਕੱਟਣ ਦਾ ਫੁਰਮਾਨ ਸੁਣਾ ਦਿੱਤਾ, ਪਰ ਨੌਜਵਾਨ ਨੇ ਦਾੜ੍ਹੀ ਕਟਵਾਉਣ ਤੋਂ ਇਨਕਾਰ ਕਰ ਦਿੱਤਾ। ਪਤਨੀ ਨੇ ਕਹਿ ਦਿੱਤਾ ਕਿ ਜਦ ਤੱਕ ਮਿਜਾਮੂਦੀਨ ਕੁੜਤਾ-ਪਜਾਮੇ ਦੀ ਜਗ੍ਹਾ ਪੈਂਟ ਸ਼ਰਟ ਨਹੀਂ ਪਾਏਗਾ ਤੇ ਦਾੜ੍ਹੀ ਨਹੀਂ ਕਟਵਾਏਗਾ, ਤਦ ਤੱਕ ਉਹ ਉਸ ਦੇ ਨਾਲ ਨਹੀਂ ਜਾਵੇਗੀ। ਨੌਜਵਾਨ ਕਈ ਦਿਨ ਸਹੁਰੇ ਘਰ ਰਹਿ ਕੇ ਪਤਨੀ ਨੂੰ ਨਾਲ ਚੱਲਣ ਨੂੰ ਕਹਿੰਦਾ ਰਿਹਾ, ਪਰ ਉਹ ਦਾੜ੍ਹੀ ਕੱਟਣ ਦੀ ਜ਼ਿੱਦ ‘ਤੇ ਅੜੀ ਰਹੀ। ਆਖਰ ਨਿਜਾਮੂਦੀਨ ਨੂੰ ਘਰ ਵਾਪਸ ਆਉਣਾ ਪਿਆ। ਉਸ ਦੇ ਪਰਵਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਅੰਜੂਮਨੀਸ਼ਾ ਨੇ ਦਾੜ੍ਹੀ ਨਾ ਕਟਵਾਉਣ, ਪਾਲਣ ਪੋਸ਼ਣ ਨਾ ਕਰਨ ਤੇ ਤੰਗ ਕਰਨ ਬਾਰੇ ਨਿਜਾਮੂਦਦੀਨ ਦੇ ਖਿਲਾਫ ਕੇਸ ਕਰ ਦਿੱਤਾ ਸੀ। ਇਸ ‘ਤੇ ਕੋਰਟ ਨੇ ਉਸ ਨੂੰ ਪਿਛਲੇ ਦਿਨੀਂ ਇਕ ਹਫਤੇ ਦੀ ਸਜ਼ਾ ਸੁਣਾ ਦਿੱਤੀ। ਨਿਜਾਮੂਦਦੀਨ ਹੁਣ ਬਾਗਪਤ ਦੀ ਜੇਲ ਵਿੱਚ ਹੈ।