ਦਾੜ੍ਹੀਆਂ

-ਜ਼ਕਰੀਆ ਤਾਮਿਰ
-ਪੰਜਾਬੀ ਰੂਪ- ਇੰਦੇ
ਸਾਡੇ ਆਕਾਸ਼ ਵਿੱਚੋਂ ਪੰਛੀ ਉਡ ਗਏ, ਬੱਚਿਆਂ ਨੇ ਗਲੀਆਂ ਵਿੱਚ ਖੇਡਣਾ ਬੰਦ ਕਰ ਦਿੱਤਾ, ਪਿੰਜਰੇ ਵਿੱਚ ਡੱਕੇ ਹੋਏ ਪੰਛੀਆਂ ਦਾ ਗਾਉਣ ਕੰਬਦਾ-ਕੰਬਦਾ ਡੁਸ-ਡੁਸ ਕਰਨ ਲੱਗ ਪਿਆ ਤੇ ਦਵਾਖਾਨਿਆਂ Ḕਚੋਂ ਰੂਈ ਲੋਪ ਹੋਈ ਹੈ, ਕਿਉਂ ਜੋ ਸੱਜਣੋਂ, ਮੰਗੋਲ ਜੇਤੂ ਤੈਮੂਰ ਦੀਆਂ ਫੌਜਾਂ ਨੇ ਸਾਡੇ ਸ਼ਹਿਰ ਨੂੰ ਘੇਰਾ ਘੱਤਿਆ ਸੀ। ਚੰਗੇ ਭਾਗਾਂ ਨੂੰ ਸੂਰਜ ਭੈਅਭੀਤ ਨਹੀਂ ਸੀ ਹੋਇਆ ਤੇ ਰੋਜ਼ ਨੇਮ ਨਾਲ ਸਵੇਰੇ ਚੜ੍ਹ ਪੈਂਦਾ ਸੀ।
***
ਅਸੀਂ ਸ਼ਹਿਰ ਦੇ ਨਾਗਰਿਕ ਸਾਂ। ਸਾਡੇ ਮੂੰਹਾਂ Ḕਤੇ ਪਿਲੱਤਣ ਨਹੀਂ ਸੀ ਆਈ, ਸਗੋਂ ਅਸੀਂ ਮੁਸਕੁਰਾਉਂਦੇ ਤੇ ਉਸ ਪਰਵਰ ਦਿਗਾਰ ਦਾ ਜੱਸ ਗਾਉਂਦੇ ਜਿਸ ਨੇ ਸਾਨੂੰ ਦਾੜ੍ਹੀਆਂ ਵਾਲੇ ਆਦਮੀ ਬਣਾਇਆ ਸੀ। ਅਸੀਂ ਮਸ਼ਵਰੇ ਲਈ ਮੀਟਿੰਗ ਸੱਦੀ, ਸੋਚੀਏ ਕਿ ਤੈਮੂਰ ਲੰਗ ਦੇ ਹੱਥੋਂ ਹਾਰ ਤੋਂ ਕਿਵੇਂ ਬਚ ਸਕਦੇ ਹਾਂ। ਪਹਿਲਾ ਵਕਤਾ ਉਤਾਵਲਾ ਜਿਹਾ ਇਕ ਲੜਕਾ ਸੀ, ਜੋ ਔਰਤਾਂ ਦੇ ਕੱਪੜਿਆਂ ਦਾ ਵਿਕਰੇਤਾ ਸੀ। ਉਹ ਬੜੇ ਜੋਸ਼ ਨਾਲ ਉਚੀ-ਉਚੀ ਬੋਲ ਰਿਹਾ ਸੀ, ‘ਭੁੱਲ ਜਾਉ, ਸਭ ਕੁਝ ਭੁੱਲ ਜਾਉ।Ḕ ਲੋਕਾਂ ਨੇ ਝੱਟ ਹੀ ਉਸ ਵੱਲ ਤ੍ਰਿਸਕਾਰ ਨਾਲ ਵੇਖਿਆ ਤੇ ਉਸ ਨੂੰ ਚੁੱਪ ਹੀ ਨਹੀਂ ਹੋਣਾ ਪਿਆ, ਸਗੋਂ ਉਹ ਸ਼ਰਮਿੰਦਾ ਵੀ ਹੋਇਆ।
ਉਦੋਂ ਸ਼ਹਿਰ ਦਾ ਸਭ ਤੋਂ ਲੰਮੀ ਦਾੜ੍ਹੀ ਵਾਲਾ ਪੁਰਸ਼ ਉਠਿਆ ਤੇ ਠਰੰਮੇ ਨਾਲ ਬੋਲਿਆ, ‘ਅਸੀਂ ਲੜਾਈ ਨਹੀਂ ਚਾਹੁੰਦੇ। ਲੜਾਈ ਉਹੀ ਚਾਹੁੰਦੇ ਹਨ, ਜੋ ਇਸ ਜੱਗ ਵਿੱਚ ਜਿਊਂਦੇ ਨਹੀਂ ਤੇ ਅਸੀਂ, ਅੱਲਾਹ ਦੇ ਫਜ਼ਲ ਨਾਲ, ਦਾੜ੍ਹੀਆਂ ਵਾਲੇ ਹਾਂ, ਇਸੇ ਕਰਕੇ ਅਸੀਂ ਜਿਊਂਦੇ ਹਾਂ।’ ਤੁਰੰਤ ਹੀ ਵਕਤੇ ਦੀ ਹੱਲਾਸ਼ੇਰੀ ਤੇ ਪੁਸ਼ਟੀ ਵਜੋਂ ਆਵਾਜ਼ਾਂ ਆਉਣ ਲੱਗ ਪਈਆਂ ਤੇ ਕੁਝ ਦਲੀਲਾਂ ਮਗਰੋਂ ਫੈਸਲਾ ਹੋਇਆ ਕਿ ਤੈਮੂਰ ਲੰਗ ਨਾਲ ਗੱਲਬਾਤ ਕਰਨ ਲਈ ਇਕ ਪ੍ਰਤੀਨਿਧ ਮੰਡਲ ਗੰਢਿਆ ਜਾਵੇ। ਇਸ ਪ੍ਰਤੀਨਿਧ ਮੰਡਲ ਦਾ ਮੁਖੀ ਸ਼ਹਿਰ ਦਾ ਇਕ ਬਿਰਧ ਆਦਮੀ ਥਾਪਿਆ ਗਿਆ, ਤੁਰਨ ਵੇਲੇ ਜਿਸ ਦੀ ਦਾੜ੍ਹੀ ਉਸ ਦੇ ਗੋਡਿਆਂ ‘ਤੇ ਪੈਂਦੀ ਸੀ।
***
ਸਾਡੇ ਸ਼ਹਿਰ ਦੇ ਸੱਤ ਮੁੱਖ ਦੁਆਰ ਸਨ। ਇਹ ਪ੍ਰਤੀਨਿਧ ਮੰਡਲ ਇਕ ਮੁੱਖ ਦੁਆਰ ਤੋਂ ਨਿਕਲਿਆ ਤੇ ਉਨ੍ਹਾਂ ਨੇ ਆਪਣੇ ਅੱਗੇ ਚਿੱਟੇ ਰੰਗ ਦਾ ਇਕ ਪਰਚਮ ਫੜਿਆ ਹੋਇਆ ਸੀ। ਉਹ ਫੌਜੀਆਂ ਵਿੱਚੋਂ ਲੰਘਦੇ ਗਏ, ਜਿਨ੍ਹਾਂ ਦੀ ਗਿਣਤੀ ਟਿੱਡੀਆਂ ਤੇ ਤਾਰਿਆਂ ਨਾਲੋਂ ਵੱਧ ਸੀ। ਫੌਜੀ ਆਪਣੇ ਅੰਦਰਲੇ ਕੱਪੜਿਆਂ ਵਿੱਚ ਜੂੰਆਂ ਕੱਢਣ ਵਿੱਚ ਗੁਆਚੇ ਹੋਏ ਸਨ। ਉਨ੍ਹਾਂ ਦੀਆਂ ਬੰਦੂਕਾਂ ਧੁੱਪੇ ਸੁੱਕਣੇ ਪਾਈਆਂ ਸਨ, ਜਿਨ੍ਹਾਂ Ḕਤੇ ਲਹੂ ਜਾਂ ਮਿੱਟੀ ਗਾਰਾ ਜੰਮਿਆ ਸੀ। ਪ੍ਰਤੀਨਿਧੀ ਮੰਡਲ ਦੇ ਵਿਅਕਤੀ ਹੌਲੀ-ਹੌਲੀ ਮਾਣ ਤਾਣ ਨਾਲ ਪੈਰ ਧਰਦੇ ਤੈਮੂਰ ਲੰਗ ਦੇ ਤੰਬੂ ਵਿੱਚ ਦਾਖਲ ਹੋਏ। ਉਨ੍ਹਾਂ ਨੇ ਵੇਖਿਆ, ਤੈਮੂਰ ਲੰਗ ਜੁਆਨ ਜਿਹਾ ਲੜਕਾ ਸੀ ਤੇ ਉਸ ਦੀਆਂ ਅੱਖਾਂ ਬੱਚਿਆਂ ਵਰਗੀਆਂ ਸਨ ਤੇ ਉਸ ਦੀ ਮੁਸਕਾਨ ਬਿਰਧਾਂ ਵਾਲੀ ਸੀ।
***
ਪ੍ਰਤੀਨਿਧ ਮੰਡਲ ਦੇ ਮੁਖੀ ਨੇ ਕਿਹਾ, ‘ਅਸੀਂ ਅਮਨ ਚਾਹੁੰਦੇ ਹਾਂ ਤੇ ਬਿਨਾਂ ਲੜਾਈ ਦੇ ਇਹ ਸ਼ਹਿਰ ਤੁਹਾਡਾ ਹੈ। ਸਾਡਾ ਸ਼ਹਿਰ ਛੋਟਾ ਜਿਹਾ ਹੈ ਤੇ ਇਸ ਦੇ ਪੱਲੇ ਕੁਝ ਨਹੀਂ। ਇਥੇ ਨਾ ਕੋਈ ਸੋਨੇ ਦੀ ਚੀਜ਼ ਹੈ, ਨਾ ਬਾਲਣ ਪਾਣੀ, ਤ੍ਰੀਮਤਾਂ ਸਾਡੀਆਂ ਬੱਕਰੀਆਂ ਜਿਹੀਆਂ ਹਨ ਤੇ ਅਸੀਂ ਉਨ੍ਹਾਂ ਤੋਂ ਛੁਟਕਾਰਾ ਪਾਉਣਾ ਚਾਹਾਂਗੇ।Ḕ
ਤੈਮੂਰ ਲੰਗ ਨੇ ਕਿਹਾ, ‘ਖੂਨ ਵਹਾਉਣਾ ਮੈਨੂੰ ਚੰਗਾ ਨਹੀਂ ਲੱਗਦਾ ਤੇ ਨਾ ਮੈਨੂੰ ਸੋਨੇ ਜਾਂ ਸੋਹਣੀਆਂ ਔਰਤਾਂ ਦੀ ਝਾਕ ਹੈ, ਪਰ ਮੈਂ ਸੁਣਿਆ ਹੈ ਕਿ ਸ਼ਹਿਰ ਦੇ ਨਾਈ ਭੁੱਖੇ ਭਾਣੇ ਹਨ, ਕਿਉਂ ਜੋ ਤੁਸੀਂ ਆਪਣੀਆਂ ਦਾੜ੍ਹੀਆਂ ਵਧਾਈ ਜਾਂਦੇ ਹੋ। ਇਹ ਬੇਇਨਸਾਫੀ ਵਾਲੀ ਗੱਲ ਹੈ, ਜਿਸ ਦੀ ਮੈਂ ਨਿੰਦਾ ਕਰਦਾ ਹਾਂ, ਕਿਉਂਕਿ ਮੇਰਾ ਜੀਵਨ ਖਾਸ ਕਰਕੇ ਦੱਬੇ ਕੁਚਲੇ ਲੋਕਾਂ ਦੇ ਹਿੱਤ ਵਿੱਚ ਅਰਪਿਤ ਹੈ। ਮੇਰਾ ਉਦੇਸ਼ ਦੁਨੀਆ ਦੇ ਕੋਨੇ-ਕੋਨੇ ਵਿੱਚ ਨਿਆਂ ਫੈਲਾਉਣਾ ਹੈ ਕਿ ਇਸ ਧਰਤੀ Ḕਤੇ ਕੋਈ ਵੀ ਜੀਅ ਭੁੱਖਾ ਨਾ ਮਰੇ।’
ਪ੍ਰਤੀਨਿਧ ਮੰਡਲ ਦੇ ਮੈਂਬਰ ਇਹ ਸੁਣ ਕੇ ਠਠਬੰਰ ਗਏ ਤੇ ਉਨ੍ਹਾਂ ਨੇ ਇਕ ਦੂਜੇ ਦੀਆਂ ਅਸਚਰਜ ਭਰੀਆਂ ਅੱਖਾਂ ਵਿੱਚ ਵੇਖਿਆ।
ਤੈਮੂਰ ਲੰਗ ਨੇ ਕਿਹਾ, ‘ਮੇਰੀਆਂ ਇਹ ਫੌਜਾਂ ਸ਼ਹਿਰ ਤੋਂ ਉਦੋਂ ਤੀਕ ਨਹੀਂ ਹਿੱਲਣਗੀਆਂ, ਜਦੋਂ ਤੀਕ ਤੁਸੀਂ ਆਪਣੀਆਂ ਦਾੜ੍ਹੀਆਂ ਮੁਨਾ ਨਹੀਂ ਲੈਂਦੇ ਤੇ ਨਾਈਆਂ ਦਾ ਕੰਮ ਨਹੀਂ ਚੱਲ ਪੈਂਦਾ।’
ਪ੍ਰਤੀਨਿਧ ਮੰਡਲ ਦੇ ਮੁਖੀ ਨੇ ਜਵਾਬ ਦਿੱਤਾ, ‘ਤੁਸੀਂ ਜੋ ਕਿਹਾ ਹੈ, ਵਜ਼ਨਦਾਰ ਮਸਲਾ ਹੈ ਅਤੇ ਫੈਸਲਾਕੁਨ ਜਵਾਬ ਦੇਣ ਤੋਂ ਪਹਿਲਾਂ ਇਹ ਜ਼ਰੂਰੀ ਹੈ ਕਿ ਅਸੀਂ ਸ਼ਹਿਰ ਨੂੰ ਮੁੜ ਜਾਈਏ।’
ਤੈਮੂਰ ਲੰਗ ਨੇ ਕਿਹਾ, ‘ਜਾਂ ਆਪਣੀਆਂ ਦਾੜ੍ਹੀਆਂ ਮੁਨਵਾ ਲਓ ਜਾਂ ਫਿਰ ਇਸ ਜਹਾਨ ਤੋਂ ਛੁੱਟੀ ਕਰੋ। ਤੁਸੀਂ ਕੀ ਕਰਨਾ ਹੈ, ਵੇਖ ਲਓ।’
ਪ੍ਰਤੀਨਿਧ ਮੰਡਲ ਦੇ ਮੈਂਬਰਾਂ ਅੰਦਰ ਚੁੱਪ ਵਰਤ ਗਈ ਤੇ ਉਹ ਭੈਅ ਦੇ ਪਰਛਾਵੇਂ ਹੇਠ ਆ ਗਏ। ਉਸ ਪਲ ਉਨ੍ਹਾਂ ਨੂੰ ਜੀਵਨ ਗੂੜ੍ਹੇ ਨੀਲੇ ਅੰਬਰ ਵਾਂਗ ਜਾਂ ਲਾਲ-ਲਾਲ ਫੁੱਲਾਂ ਵਾਂਗ ਖੂਬਸੂਰਤ ਜਾਪਿਆ। ਇਹ ਜੀਵਨ ਉਨ੍ਹਾਂ ਨੂੰ ਇਕ ਸਤੇ ਹੋਏ ਪ੍ਰੇਮੀ ਦੇ ਗਾਏ ਸੋਗ ਭਰੇ ਗੀਤਾਂ ਵਾਂਗ ਜਾਂ ਨਵਜੰਮੇ ਬਾਲ ਦੀਆਂ ਪਹਿਲੀਆਂ ਚੀਕਾਂ ਤੇ ਤੀਵੀ ਦੇ ਕੰਬਦੇ ਹੋਏ ਮੂੰਹ ਵਾਂਗ ਖੂਬਸੂਰਤ ਲੱਗਿਆ। ਉਨ੍ਹਾਂ ਨੇ ਮਨ ਹੀ ਮਨ ਵਿੱਚ ਸ਼ੀਸ਼ਿਆਂ ਸਾਹਮਣੇ ਆਪਣੇ ਆਪ ਨੂੰ ਖੜੇ ਵੇਖਿਆ ਮੂੰਹ ਉਨ੍ਹਾਂ ਦੇ ਮੁੰਨੇ ਹੋਏ ਸਫਾਚੱਟ ਦਿਸੇ। ਉਹ ਭੈਅ ਤੇ ਰੋਹ ਨਾਲ ਰੋਮ-ਰੋਮ ਝੰਜੋੜੇ ਗਏ।
ਪ੍ਰਤੀਨਿਧ ਮੰਡਲ ਦਾ ਮੁਖੀ ਬੋਲਣ ਲੱਗਾ। ਉਸ ਨੂੰ ਜਾਪਿਆ, ਜਿਵੇਂ ਸਾਡੇ ਸ਼ਹਿਰ ਦੇ ਸਾਰੇ ਬੰਦੇ ਬੜੇ ਆਦਰ ਸਤਿਕਾਰ ਨਾਲ ਉਸ ਦੇ ਬੋਲ ਸੁਣ ਰਹੇ ਹਨ। ਉਸ ਨੇ ਨਿਰਜਿੰਦ ਜਿਹੀ ਆਵਾਜ਼ ਵਿੱਚ ਕਿਹਾ, ‘ਭਲਕੇ ਸਾਡਾ ਸ਼ਹਿਰ ਆਪਣੇ ਭਵਿੱਖ ਦਾ ਫੈਸਲਾ ਕਰੇਗਾ।Ḕ
ਪ੍ਰਤੀਨਿਧ ਮੰਡਲ ਸ਼ਹਿਰ ਮੁੜ ਗਿਆ ਤੇ ਸਾਨੂੰ ਉਸ ਨੇ ਉਹ ਕੁਝ ਦੱਸਿਆ, ਜੋ ਤੈਮੂਰ ਲੰਗ ਨੇ ਕਿਹਾ ਸੀ। ਅਸੀਂ ਗੁੱਸੇ ਨਾਲ ਭੜਕ ਗਏ, ‘ਜੇ ਸਾਡੀਆਂ ਦਾੜ੍ਹੀਆਂ ਹੀ ਨਾ ਰਹੀਆਂ ਤਾਂ ਸਾਡੇ ਜੀਊਣ ਦਾ ਕੀ ਹੱਜ ਹੈ?’
***
ਤੇ ਅਗਲੇ ਦਿਨ ਤੈਮੂਰ ਲੰਗ ਦੀਆਂ ਫੌਜਾਂ ਨੇ ਸਾਡੇ ਸ਼ਹਿਰ ‘ਤੇ ਹੱਲਾ ਬੋਲ ਦਿੱਤਾ, ਕੰਧਾਂ ਢੇਰ ਕਰ ਦਿੱਤੀਆਂ, ਘਰਾਂ ਦੇ ਗੇਟ ਤੋੜ ਦਿੱਤੇ ਤੇ ਸਾਰੇ ਆਦਮੀਆਂ ਨੂੰ ਮਾਰ ਮੁਕਾਇਆ।
ਇਉਂ ਤੈਮੂਰ ਲੰਗ ਨੂੰ ਆਦਮੀਆਂ ਦੇ ਸਿਰਾਂ ਦੇ ਅੰਬਾਰ ਨੂੰ ਤ੍ਰਿਪਤ ਮਨ ਨਾਲ ਵੇਖਣ ਦਾ ਮੌਕਾ ਮਿਲ ਗਿਆ। ਉਨ੍ਹਾਂ ਦੇ ਚਿਹਰਿਆਂ ਦੇ ਰੰਗ ਉਡੇ ਸਨ ਤੇ ਲਹੂ ਨਾਲ ਲਿੱਬੜੇ ਸਨ, ਪਰ ਉਹ ਮੁਸਕੁਰਾ ਰਹੇ ਸਨ। ਉਨ੍ਹਾਂ ਨੇ ਮੂੰਹਾਂ ‘ਤੇ ਆਪਣੀਆਂ ਦਾੜ੍ਹੀਆਂ ਦਾ ਮਾਣ ਲਿਖਿਆ ਸੀ। ਜਿਵੇਂ ਕਿਹਾ ਗਿਆ ਹੈ, ਉਨ੍ਹਾਂ ਦੇ ਮੱਥਿਆਂ ‘ਤੇ ਵਟ ਨਹੀਂ ਸਨ। ਇਹ ਵਟ ਉਦੋਂ ਹੀ ਪਏ, ਜਦੋਂ ਤੈਮੂਰ ਲੰਗ ਨੇ ਨਾਈਆਂ ਨੂੰ ਹੁਕਮ ਦਿੱਤਾ ਕਿ ਇਨ੍ਹਾਂ ਦੀਆਂ ਦਾੜ੍ਹੀਆਂ ਮੁੰਨ ਦਿਉ।
***
ਸੋ ਸੱਜਣੋਂ, ਬਿਨਾਂ ਕੋਈ ਬਦਲਾ ਲਏ ਅਸੀਂ ਹਾਰ ਗਏ ਅਤੇ ਉਹ ਸ਼ਰਮ ਹੰਢਾਉਣੀ ਪਈ ਜਿਸ ਨੂੰ ਸਾਡੇ ਹਿੱਸੇ ਆਇਆ ਖੂਨ ਵੀ ਨਹੀਂ ਧੋ ਸਕਦਾ।