ਦਾਰੂਲ ਉਲੂਮ ਦਾ ਨਵਾਂ ਫਤਵਾ: ਬੈਂਕ ਵਿੱਚ ਕੰਮ ਕਰਦੇ ਪਰਵਾਰ ਵਿੱਚ ਵਿਆਹ ਨਾ ਕਰਾਇਆ ਜਾਵੇ


ਸਹਾਰਨਪੁਰ, 5 ਜਨਵਰੀ (ਪੋਸਟ ਬਿਊਰੋ)- ਇਸਲਾਮਕ ਸਿਖਿਆ ਸੰਸਥਾ ਦਾਰੂਲ ਉਲੂਮ ਦੇਵਬੰਦ ਨੇ ਇੱਕ ਨਵਾਂ ਫਤਵਾ ਜਾਰੀ ਕੀਤਾ ਹੈ। ਇਸ ਫਤਵੇ ਵਿੱਚ ਮੁਸਲਮਾਨਾਂ ਨੂੰ ਕਿਹਾ ਗਿਆ ਹੈ ਕਿ ਉਹ ਉਨ੍ਹਾਂ ਪਰਵਾਰਾਂ ਤੋਂ ਦੂਰ ਰਹਿਣ, ਜਿਹੜੇ ਬੈਂਕਿੰਗ ਸੈਕਟਰ ਵਿੱਚ ਨੌਕਰੀ ਰਾਹੀਂ ਰੁਪਏ ਕਮਾ ਰਹੇ ਹਨ। ਅਜਿਹੇ ਰੁਪਏ ਹਰਾਮ ਹਨ। ਅਜਿਹੇ ਪਰਵਾਰਾਂ ‘ਚ ਵਿਆਹ ਨਾ ਕਰਨ ਦੀ ਗੱਲ ਵੀ ਫਤਵੇ ‘ਚ ਕਹੀ ਗਈ ਹੈ।
ਦਾਰੂਲ ਉਲੂਮ ਨੇ ਇਹ ਫਰਮਾਨ ਇੱਕ ਵਿਅਕਤੀ ਵੱਲੋਂ ਪੁੱਛੇ ਸਵਾਲ ‘ਤੇ ਜਾਰੀ ਕੀਤਾ ਹੈ। ਇਸ ਵਿੱਚ ਉਸ ਨੇ ਪੁੱਛਿਆ ਸੀ ਕਿ ਭਾਰਤ ਤੋਂ ਉਸ ਨੂੰ ਵਿਆਹ ਲਈ ਕਈ ਅਜਿਹੀਆਂ ਪੇਸ਼ਕਸ਼ਾਂ ਆ ਰਹੀਆਂ ਹਨ ਜਿਨ੍ਹਾਂ ਦੇ ਪਿਤਾ ਬੈਂਕ ਵਿੱਚ ਨੌਕਰੀ ਕਰਦੇ ਹਨ। ਬੈਂਕਿੰਗ ਪ੍ਰਣਾਲੀ ਪੂਰੀ ਤਰ੍ਹਾਂ ਸੂਦ (ਵਿਆਜ) ‘ਤੇ ਆਧਾਰਤ ਹੈ, ਜੋ ਇਸਲਾਮ ਵਿੱਚ ਹਰਾਮ ਹੈ। ਕੀ ਅਜਿਹੇ ਪਰਵਾਰ ਵਿੱਚ ਵਿਆਹ ਕੀਤਾ ਜਾ ਸਕਦਾ ਹੈ? ਇਹ ਸਵਾਲ ਦਾਰੂਲ ਉਲੂਮ ਦੇ ਫਤਵਾ ਸੈਕਸ਼ਨ ‘ਚ ਭੇਜਿਆ ਗਿਆ ਤਾਂ ਸਵਾਲ ਦੇ ਜਵਾਬ ਵਿੱਚ ਫਰਮਾਨ ਜਾਰੀ ਕੀਤਾ ਗਿਆ ਹੈ ਕਿ ਉਸ ਪਰਵਾਰ ਵਿੱਚ ਵਿਆਹ ਨਹੀਂ ਕਰਨਾ ਚਾਹੀਦਾ, ਜੋ ਹਰਾਮ ਦੀ ਕਮਾਈ ਕਰਦੇ ਹੋਣ। ਕਿਸੇ ਨੇਕ ਘਰ ਵਿੱਚ ਰਿਸ਼ਤਾ ਲੱਭਣਾ ਚਾਹੀਦਾ ਹੈ।