ਦਾਦੀ ਦੀ ਜਾਨ ਬਚਾਉਣ ਵਾਲੇ ਪੰਜ ਸਾਲਾ ਬੱਚੇ ਦਾ ਸਨਮਾਨ

ਜੇਮਜ਼ ਟੌਂਕਸ

ਮੈਲਬੌਰਨ, 20 ਨਵੰਬਰ (ਪੋਸਟ ਬਿਊਰੋ)- ਆਸਟ੍ਰੇਲੀਆ ਦੇ ਮੈਲਬੌਰਨ ਵਿਚ ਇਕ ਪੰਜ ਸਾਲਾ ਲੜਕੇ ਨੂੰ ਆਪਣੀ ਦਾਦੀ ਦੀ ਜਾਨ ਬਚਾਉਣ ਦੇ ਲਈ ਸਨਮਾਨਤ ਕੀਤਾ ਗਿਆ। ਉਸ ਨੂੰ ਇਹ ਸਨਮਾਨ ਵਿਕਟੋਰੀਆ ਦੇ ਪਾਰਲੀਮੈਂਟ ਭਵਨ ਵਿਚ ਕੁਈਨਜ਼ ਹਾਲ ਵਿਖੇ ਦਿੱਤਾ ਗਿਆ।
ਵਰਨਣ ਯੋਗ ਹੈ ਕਿ ਇਕ ਸਾਲ ਪਹਿਲਾਂ ਅੱਜ ਦੇ ਦਿਨ ਜੇਮਜ਼ ਟੌਂਕਸ ਆਪਣੀ ਦਾਦੀ ਨਾਲ ਜਿਪਸਲੈਂਡ ਤੋਂ ਬਾਈਕ ਉੱਤੇ ਸਵਾਰੀ ਕਰ ਰਿਹਾ ਸੀ। ਜਦੋਂ ਉਹ ਦੋਵੇਂ ਝਾੜੀਆਂ ਨੇੜਿਓਂ ਲੰਘ ਰਹੇ ਸਨ ਤਾਂ ਉਨ੍ਹਾਂ ਦੀ ਬਾਈਕ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਦੋਵੇਂ ਡਿੱਗ ਪਏ। ਡਿੱਗਣ ਨਾਲ ਜੇਮਜ਼ ਦੀ ਦਾਦੀ ਮੈਰੀਕੇ ਵਾਨ ਡੂਏ (65) ਦੇ ਸਿਰ ਦੇ ਸੱਜੇ ਪਾਸੇ ਗੰਭੀਰ ਸੱਟ ਲੱਗੀ, ਜਿਸ ਕਾਰਨ ਉਹ ਬੇਹੋਸ਼ ਹੋ ਗਈ। ਉਸ ਦੇ ਸਿਰ ਵਿਚੋਂ ਖੂਨ ਵੱਗ ਰਿਹਾ ਸੀ। ਇਸ ਸਥਿਤੀ ਵਿਚ ਵੀ ਜੇਮਜ਼ ਘਬਰਾਇਆ ਨਹੀਂ ਅਤੇ ਉਸ ਨੇ ਹਿੰਮਤ ਨਾਲ ਆਪਣੀ ਦਾਦੀ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ। ਉਹ ਇਕੱਲਾ ਕੁਝ ਨਹੀਂ ਕਰ ਸਕਦਾ ਸੀ, ਇਸ ਲਈ ਉਹ ਹੋਰ ਲੋਕਾਂ ਤੋਂ ਮਦਦ ਲੈਣ ਦੌੜਿਆ। ਉਸ ਨੇ ਇਕ ਵਿਅਕਤੀ ਤੋਂ ਮਦਦ ਮੰਗੀ ਤੇ ਉਸ ਨੂੰ ਦੱਸਿਆ ਕਿ ਉਸ ਦੀ ਦਾਦੀ ਬੇਹੋਸ਼ ਹੋ ਗਈ ਹੈ ਅਤੇ ਉਸ ਦੇ ਸਿਰ ਵਿਚੋਂ ਖੂਨ ਵੱਗ ਰਿਹਾ ਹੈ। ਉਸ ਵਿਅਕਤੀ ਨੇ ਤੁਰੰਤ ਪੈਰਾ ਮੈਡੀਕਲ ਅਧਿਕਾਰੀਆਂ ਨੂੰ ਹਾਦਸੇ ਦੀ ਸੂਚਨਾ ਦਿੱਤੀ। ਇਸ ਮਗਰੋਂ ਪੈਰਾ ਮੈਡੀਕਲ ਅਧਿਕਾਰੀ ਜਲਦੀ ਨਾਲ ਹਾਦਸੇ ਵਾਲੀ ਜਗ੍ਹਾ ਪੁੱਜੇ ਤੇ ਜੇਮਜ਼ ਦੀ ਦਾਦੀ ਨੂੰ ਬੈਰਨਸਡੇਲ ਹਸਪਤਾਲ ਪਹੁੰਚਾਇਆ। ਸਮੇਂ ਉੱਤੇ ਹਸਪਤਾਲ ਪਹੁੰਚਣ ਕਾਰਨ ਦਾਦੀ ਦੀ ਜਾਨ ਬਚ ਗਈ। ਐਂਬੂਲੈਂਸ ਵਿਚ ਜਾਣ ਤੋਂ ਪਹਿਲਾਂ ਦਾਦੀ ਨੇ ਜੇਮਜ਼ ਨੂੰ ਪਿਆਰ ਕੀਤਾ ਤੇ ਕਿਹਾ ਸੀ ਕਿ ਤੂੰ ਮੇਰਾ ਹੀਰੋ ਹੈਂ। ਜੇਮਜ਼ ਦੇ ਨਾਲ 13 ਹੋਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ। ਇਨ੍ਹਾਂ ਬੱਚਿਆਂ ਵਿਚ ਰਿਚਮੰਡ ਭੈਣਾਂ ਐਨਾਬੇਲੇ ਅਤੇ ਸੋਫੀ ਮੈਥਿਊਜ਼ ਵੀ ਸਨ।