ਦਾਊਦ ਨੂੰ ਮੋਦੀ ਦਾ ਡਰ, ਗੱਲਬਾਤ ਦੀ ਵੀਡੀਓ ਟੇਪ ਸਾਹਮਣੇ ਆਈ


ਨਵੀਂ ਦਿੱਲੀ, 14 ਨਵੰਬਰ (ਪੋਸਟ ਬਿਊਰੋ)- ਵਿਦੇਸ਼ ‘ਚ ਬੈਠੇ ਭਗੌੜਿਆਂ ਦੀ ਹਵਾਲਗੀ ਲਈ ਮੋਦੀ ਸਰਕਾਰ ਵੱਲੋਂ ਛੇੜੀ ਗਈ ਮੁਹਿੰਮ ਦਾ ਅਸਰ ਪੈ ਰਿਹਾ ਹੈ। ਇਥੋਂ ਤੱਕ ਕਿ ਇਸ ਮੁਹਿੰਮ ਨਾਲ ਅੰਡਰਵਰਲਡ ਸਰਗਨਾ ਦਾਊਦ ਇਬਰਾਹੀਮ ਨੂੰ ਵੀ ਆਪਣੀ ਜ਼ਮੀਨ ਹਿੱਲਦੀ ਮਹਿਸੂਸ ਹੋਣ ਲੱਗੀ ਹੈ। ਹੋ ਸਕਦਾ ਹੈ ਕਿ ਇਸੇ ਕਾਰਨ ਉਸ ਨੇ ਕੈਸੇਟ ਕਿੰਗ ਗੁਲਸ਼ਨ ਕੁਮਾਰ ਦੀ ਹੱਤਿਆ ਵਿੱਚ ਲੋੜੀਂਦੇ ਸੰਗੀਤਕਾਰ ਨਦੀਮ ਸੈਫੀ ਨੂੰ ਭਾਰਤੀ ਕਾਨੂੰਨ ਦੇ ਘੇਰੇ ‘ਚ ਨਾ ਆਉਣ ਦੇਣ ਲਈ ਹੱਥ-ਪੈਰ ਮਾਰਨੇ ਸ਼ੁਰੂ ਕਰ ਦਿੱਤੇ ਹਨ।
ਇੱਕ ਟੀ ਵੀ ਚੈਨਲ ਵੱਲੋਂ ਜਾਰੀ ਕੀਤੀ ਵੀਡੀਓ ਟੇਪ ਵਿੱਚ ਦਾਊਦ ਨੂੰ ਖੁਦ ਫੋਨ ‘ਤੇ ਭਾਰਤ ਸਰਕਾਰ ਦੀ ਮੁਹਿੰਮ ਅਤੇ ਨਦੀਮ ਦੇ ਬਾਰੇ ਫਿਕਰ ਜ਼ਾਹਰ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਨੱਬੇ ਦੇ ਦਹਾਕੇ ਵਿੱਚ ਬਾਲੀਵੁੱਡ ਦੀ ਇੱਕ ਹਿੱਟ ਸੰਗੀਤਕਾਰ ਜੋੜੀ ਦਾ ਮੈਂਬਰ ਰਹਿ ਚੁੱਕਾ ਨਦੀਮ ਸੈਫੀ ਲੰਬੇ ਸਮੇਂ ਤੋਂ ਬ੍ਰਿਟੇਨ ਵਿੱਚ ਕਿਸੇ ਗੁਪਤ ਸਥਾਨ ‘ਤੇ ਰਹਿ ਰਿਹਾ ਹੈ। 12 ਅਗਸਤ 1997 ਨੂੰ ਮੁੰਬਈ ‘ਚ ਗੁਲਸ਼ਨ ਕੁਮਾਰ ਦੀ ਹੱਤਿਆ ਵਿੱਚ ਨਦੀਮ ਨੂੰ ਸ਼ੱਕੀ ਵਜੋਂ ਨਾਮਜ਼ਦ ਕੀਤਾ ਗਿਆ ਸੀ। ਚੈਨਲ ਕੋਲ ਮੌਜੂਦ ਕਾਲ ਇੰਟਰਸੈਪਟਸ ਨਾਲ ਬਾਲੀਵੁੱਡ ਦੇ ਸਭ ਤੋਂ ਸਨਸਨੀਖੇਜ਼ ਮੰਨੇ ਜਾਣ ਵਾਲੇ ਗੁਲਸ਼ਨ ਕੁਮਾਰ ਹੱਤਿਆਕਾਂਡ ਦੀ ਤਹਿਤ ਤੱਕ ਜਾਣ ਵਿੱਚ ਮਦਦ ਮਿਲ ਸਕਦੀ ਹੈ। 2015 ਵਿੱਚ ਰਿਕਾਰਡ ਕੀਤੀ ਗਈ ਇਸ ਟੇਪ ਵਿੱਚ ਦਾਊਦ ਨੂੰ ਚਿੰਤਾ ਜ਼ਾਹਰ ਕਰਦੇ ਹੋਏ ਸੁਣਿਆ ਜਾ ਸਕਦਾ ਹੈ। ਮਿਲੀ ਜਾਣਕਾਰੀ ਅਨੁਸਾਰ ਦਾਊਦ ਫੋਨ ‘ਤੇ ਆਪਣੇ ਇੱਕ ਗੁਰਗੇ ਨਾਲ ਜਿਸ ਵਿਅਕਤੀ ਬਾਰੇ ਚਿੰਤਾ ਜ਼ਾਹਰ ਕਰ ਰਿਹਾ ਹੈ, ਉਹ ਕੋਈ ਹੋਰ ਨਹੀਂ, ਨਦੀਮ ਸੈਫੀ ਹੀ ਹੈ। ਗੱਲਬਾਤ ਦੀ ਟੇਪ ਖੁਲਾਸਾ ਕਰਦੀ ਹੈ ਕਿ ਕਿਵੇਂ ਦਾਊਦ ਦਾ ਇੱਕ ਗੁਰਗਾ ਉਸ ਨੂੰ ਕਾਨੂੰਨ ਨੂੰ ਲੋੜੀਂਦੇ ਸੰਗੀਤਕਾਰ ਨੂੰ ਲੈ ਕੇ ਸੰਭਾਵਿਤ ਕਾਨੂੰਨੀ ਖਤਰੇ ਬਾਰੇ ਸਾਵਧਾਨ ਕਰ ਕਰ ਰਿਹਾ ਹੈ। ਉਹ ਦੱਸਦਾ ਹੈ ਕਿ ਬ੍ਰਿਟੇਨ ‘ਚ ਭਾਰਤੀ ਭਗੌੜਿਆਂ ਦੀ ਹਵਾਲਗੀ ਸੰਬੰਧੀ ਮੋਦੀ ਸਰਕਾਰ ਦੀਆਂ ਸ਼ੁਰੂ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਕੀ ਨਤੀਜੇ ਹੋ ਸਕਦੇ ਹਨ।