ਦਹਿਸ਼ਤਗਰਦ ਹਾਫਿਜ਼ ਸਈਦ ਨੇ ਸਿਆਸੀ ਪਾਰਟੀ ਦਾ ਬਾਕਾਇਦਾ ਮੁੱਢ ਬੰਨ੍ਹਿਆ

saeed
ਨਵੀਂ ਦਿੱਲੀ, 7 ਅਗਸਤ, (ਪੋਸਟ ਬਿਊਰੋ)- ਪਾਕਿਸਤਾਨ ਦੀ ਇੱਕ ਚੈਰਿਟੀ ਸੰਸਥਾਂ, ਜਿਸ ਉੱਤੇ ਅਮਰੀਕਾ ਵੱਲੋਂ ਭਾਰਤ ਦੇ ਖ਼ਿਲਾਫ਼ ਅੱਤਵਾਦ ਨੂੰ ਸ਼ਹਿ ਦੇਣ ਦੇ ਦੋਸ਼ ਲਾਏ ਹੋਏ ਹਨ ਅਤੇ ਇਸ ਦੇ ਮੁਖੀਆ ਹਾਫਿਜ਼ ਸਈਦ ਨੂੰ ਮੁੰਬਈ ਹਮਲੇ ਦਾ ਮੁਖ ਸਾਜ਼ਿਸੀਆ ਮੰਨਿਆ ਹੋਇਆ ਹੈ, ਉਸ ਨੇਂ ਨਵੀਂ ਰਾਜਨੀਤਕ ਪਾਰਟੀ ਲਾਂਚ ਕੀਤੀ ਹੈ। ਪਾਕਿਸਤਾਨ ਵਿੱਚ ਹਾਫਿਜ਼ ਸਈਦ ਦੀ ਅਗਵਾਈ ਵਾਲੇ ਜਮਾਤ-ਉਦ-ਦਾਵਾ (ਜੇ ਯੂ ਡੀ), ਜੋ ਅੱਤਵਾਦ ਟੋਲੇ ਲਸ਼ਕਰ-ਏ-ਤਾਇਬਾ ਦਾ ਬਦਲਿਆ ਨਾਂਅ ਹੈ, ਵੱਲੋਂ ਨਵੀਂ ਰਾਜਨੀਤਕ ਪਾਰਟੀ ‘ਮਿਲੀ ਮੁਸਲਿਮ ਲੀਗ’ ਬਣਾਈ ਗਈ ਹੈ।
ਹਾਫਿਜ਼ ਸਈਦ ਅਤੇ ਉਸ ਦੀ ਜਥੇਬੰਦੀ ਵੱਲੋਂ ਬਣਾਈ ਗਈ ਇਸ ਨਵੀਂ ਪਾਰਟੀ ਦੇ ਮੁਖੀ ਸੈਫਉੱਲਾ ਖਾਲਿਦ ਨੇ ਦੱਸਿਆ ਕਿ ਉਨ੍ਹਾਂ ਪਾਕਿਸਤਾਨ ਨੂੰ ਅਸਲੀ ਇਸਲਾਮਿਕ ਅਤੇ ਭਲਾਈ ਵਾਲਾ ਦੇਸ਼ ਬਣਾਉਣ ਲਈ ਨਵੀਂ ਪਾਰਟੀ ਬਣਾਈ ਹੈ। ਜਮਾਤ-ਉਦ-ਦਾਵਾ ਦੇ ਸਰਗਰਮ ਆਗੂ ਤਾਬਿਸ਼ ਕਿਊਮ, ਜਿਸ ਨੂੰ ਮਿਲੀ ਮੁਸਲਿਮ ਲੀਗ ਦਾ ਬੁਲਾਰਾ ਬਣਾਇਆ ਗਿਆ ਹੈ, ਨੇ ਦੱਸਿਆ ਕਿ ਉਨ੍ਹਾਂ ਨੇ ਪਾਕਿਸਤਾਨ ਚੋਣ ਕਮਿਸ਼ਨ ਨੂੰ ਨਵੀਂ ਪਾਰਟੀ ਦੀ ਰਜਿਸਟ੍ਰੇਸ਼ਨ ਦੇ ਪੇਪਰ ਦੇ ਦਿੱਤੇ ਹਨ। ਇਸ ਦੌਰਾਨ ਜਮਾਤ-ਉਦ-ਦਾਵਾ ਨੇ ਇਸ ਗੱਲ ਤੋਂ ਇਨਕਾਰ ਕੀਤਾ ਕਿ ਉਹ ਪੁਰਾਣੇ ਟੋਲੇ ਲਸ਼ਕਰ-ਏ-ਤਾਇਬਾ ਦਾ ਨਵਾਂ ਫਰੰਟ ਹੈ। ਕਿਊਮ ਨੇ ਦੱਸਿਆ ਕਿ ਹਾਫਿਜ਼ ਸਈਦ ਲਾਹੌਰ ਵਿਖੇ ਘਰ ਵਿੱਚ ਨਜ਼ਰਬੰਦ ਹੋਣ ਕਾਰਨ ਪਾਰਟੀ ਦੇ ਲਾਂਚ ਕਰਨ ਸਮੇਂ ਹਾਜ਼ਰ ਨਹੀਂ ਹੋ ਸਕੇ ਅਤੇ ਜਮਾਤ ਉਦ ਦਾਅਵਾ ਦੀ ਵਿਚਾਰਧਾਰਾ ਨੂੰ ਮੰਨਣ ਵਾਲੇ ਸਭ ਲੋਕ ਇਸ ਦੇ ਵਿੱਚ ਸ਼ਾਮਲ ਹੋਣਗੇ। ਉਨ੍ਹਾਂ ਨੇ ਹਾਫਿਜ਼ ਸਈਦ ਦੀ ਰਿਹਾਈ ਦੀ ਮੰਗ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਰਿਹਾਅ ਹੋਣ ਤੋਂ ਬਾਅਦ ਇਸ ਰਾਜਨੀਤਕ ਪਾਰਟੀ ਵਿੱਚ ਉਹ ਆਪਣੀ ਮਰਜ਼ੀ ਦਾ ਭੂਮਿਕਾ ਨਿਭਾਉਣਗੇ।
ਵਰਨਣ ਯੋਗ ਹੈ ਕਿ ਬੀਤੇ ਸਮੇਂ ਵਿੱਚ ਹਾਫਿਜ਼ ਸਈਦ ਕਹਿੰਦਾ ਰਿਹਾ ਹੈ ਕਿ ਪਾਕਿਸਤਾਨ ਦਾ ਮੌਜ਼ੂਦਾ ਲੋਕਤੰਤਰ ਇਸਲਾਮ ਦੇ ਮੁਤਾਬਕ ਚੱਲਣ ਵਾਲਾ ਨਹੀਂ ਹੈ। ਹਾਫਿਜ਼ ਸਈਦ ਦੇ ਸਿਰ ਉੱਤੇ ਅਮਰੀਕਾ ਨੇ 10 ਲੱਖ ਡਾਲਰ ਦਾ ਇਨਾਮ ਰੱਖਿਆ ਹੋਇਆ ਹੈ। ਇਕ ਸੁਰੱਖਿਆ ਮਾਹਰ ਦਾ ਕਹਿਣਾ ਹੈ ਕਿ ਇਹ ਪਾਰਟੀ ਅੱਤਵਾਦੀਆਂ ਨੂੰ ਬਚਾਉਣ ਲਈ ਸੰਸਾਰ ਭਾਈਚਾਰੇ ਉੱਤੇ ਦਬਾਅ ਬਣਾਉਣ ਵਾਸਤੇ ਬਣਾਈ ਗਈ ਹੈ।