ਦਸ ਦਿਨ ਪਹਿਲਾਂ ਜ਼ਮਾਨਤ ਉੱਤੇ ਜੇਲ੍ਹੋਂ ਆਏ ਗੈਂਗਸਟਰ ਦਾ ਸਰੇ ਬਾਜ਼ਾਰ ਗੋਲੀਆਂ ਮਾਰ ਕੇ ਕਤਲ

tangser killed 2 tangser killed
ਫਰੀਦਕੋਟ, 16 ਜੁਲਾਈ (ਪੋਸਟ ਬਿਊਰੋ)- ਫਰੀਦਕੋਟ ਦੇ ਕੋਟ ਕਪੂਰਾ ਵਿੱਚ ਨਵੀਂ ਦਾਣਾ ਮੰਡੀ ਵਿੱਚ ਬੀਤੀ ਰਾਤ ਕਰੀਬ ਅੱਠ ਵਜੇ ਤਿੰਨ ਹਮਲਾਵਰਾਂ ਨੇ ਗੋਲੀਆਂ ਮਾਰ ਕੇ ਗੈਂਗਸਟਰ ਲਵੀ ਦੇਵੜਾ ਦਾ ਕਤਲ ਕਰ ਦਿੱਤਾ। ਲਵੀ 10 ਦਿਨ ਪਹਿਲਾਂ ਫਰੀਦਕੋਟ ਜੇਲ੍ਹ ਤੋਂ ਜ਼ਮਾਨਤ ‘ਤੇ ਛੁੱਟਿਆ ਸੀ। ਬਾਜ਼ਾਰ ਵਿੱਚ ਹੋਈ ਇਸ ਵਾਰਦਾਤ ਨਾਲ ਤਰਥੱਲੀ ਮਚ ਗਈ। ਪੁਲਸ ਦਾ ਕਹਿਣਾ ਹੈ ਕਿ ਵਾਰਦਾਤ ਦੋ ਗੁੱਟਾਂ ਦੀ ਦੁਸ਼ਮਣੀ ਦਾ ਨਤੀਜਾ ਹੈ। ਐੱਸ ਐੱਸ ਪੀ ਡਾਕਟਰ ਨਾਨਕ ਸਿੰਘ ਨੇ ਕਿਹਾ ਕਿ ਦੋਸ਼ੀਆਂ ਨੂੰ ਫੜਨ ਸੀ ਸੀ ਟੀ ਵੀ ਕੈਮਰਿਆਂ ਦੀ ਫੁਟੇਜ ਦੇਖੀ ਜਾ ਰਹੀ ਹੈ।
ਪੁਲਸ ਦੇ ਦੱਸਣ ਮੁਤਾਬਕ ਨਵੀਂ ਦਾਣਾ ਮੰਡੀ ਵਿੱਚ ਰਾਤ ਕਰੀਬ ਅੱਠ ਵਜੇ ਕਾਰ ਸਵਾਰ ਤਿੰਨ ਹਮਲਾਵਰ ਗੈਂਗਸਟਰ ਲਵੀ ਦਾ ਪਿੱਛਾ ਕਰਦੇ ਹੋਏ ਆਏ। ਤਿੰਨਾਂ ਨੇ ਆਪਣੇ ਮੂੰਹ ਕੱਪੜੇ ਨਾਲ ਢਕੇ ਹੋਏ ਸਨ। ਇਸ ਦੇ ਕਾਰਨ ਉਨ੍ਹਾ ਦੀ ਪਛਾਣ ਨਹੀਂ ਹੋ ਸਕੀ। ਉਨ੍ਹਾ ਨੇ ਗੈਂਗਸਟਰ ਲਵੀ ਉੱਤੇ ਬਾਜ਼ਾਰ ਵਿੱਚ ਰਿਵਾਲਵਰਾਂ ਨਾਲ ਗੋਲੀਆਂ ਚਲਾ ਦਿੱਤੀਆਂ ਤਾਂ ਇਸ ਨਾਲ ਭਾਜੜ ਮਚ ਗਈ। ਗੈਂਗਸਟਰ ਲਵੀ ਨੂੰ ਸੱਤ ਗੋਲੀਆਂ ਲੱਗੀਆਂ, ਪੁਲਸ ਉਸ ਨੂੰ ਹਸਪਤਾਲ ਲੈ ਕੇ ਪਹੁੰਚੀ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਸ ਦੇ ਸੂਤਰਾਂ ਨੇ ਦੱਸਿਆ ਕਿ ਗੈਂਗਸਟਰ ਲਵੀ ਦੇਵੜਾ ਦੇ ਨਾਂਅ ਉੱਤੇ ਹੱਤਿਆ ਦੀ ਕੋਸ਼ਿਸ਼, ਲੁੱਟ, ਧਮਕੀ, ਫਿਰੌਤੀ ਆਦਿ ਦੇ ਕਈ ਅਪਰਾਧਕ ਮਾਮਲੇ ਪੁਲਸ ਰਿਕਾਰਡ ਵਿੱਚ ਦਰਜ ਹਨ। ਪੁਲਸ ਦਾ ਮੰਨਣਾ ਹੈ ਕਿ ਗੈਂਗਸਟਰ ਲਵੀ ਦੇਵੜਾ ਦੀ ਹੱਤਿਆ ਪੂਰੀ ਪਲਾਨਿੰਗ ਨਾਲ ਕੀਤੀ ਗਈ ਹੈ, ਕਿਉਂਕਿ ਗੈਂਗਸਟਰ ਲਵੀ ਕੁਝ ਦਿਨ ਪਹਿਲਾਂ ਜੇਲ੍ਹ ਤੋਂ ਜ਼ਮਾਨਤ ‘ਤੇ ਬਾਹਰ ਆਇਆ ਸੀ।
ਜਾਣਕਾਰ ਸੂਤਰਾਂ ਮੁਤਾਬਕ ਜੇਲ੍ਹ ਵਿੱਚ ਗੈਂਗਸਟਰ ਲਵੀ ਦੇਵੜਾ ਦੀ ਹਰ ਪਲ ਦੀ ਖਬਰ ਦੂਸਰੇ ਗੁੱਟ ਨੂੰ ਮਿਲ ਰਹੀ ਸੀ। ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ, ਦੂਸਰੇ ਗੁੱਟ ਨੇ ਉਸ ਦੀ ਰੇਕੀ ਸ਼ੁਰੂ ਕਰ ਦਿੱਤੀ। ਕੱਲ੍ਹ ਹਮਲਾਵਰ ਉਸ ਦੀ ਹੱਤਿਆ ਕਰਨ ਵਿੱਚ ਕਾਮਯਾਬ ਹੋ ਗਏ।