ਦਸੰਬਰ ਵਿੱਚ ਹੋਣਗੀਆਂ ਚਾਰ ਫੈਡਰਲ ਹਲਕਿਆਂ ਵਿੱਚ ਜਿ਼ਮਨੀ ਚੋਣਾਂ


ਓਟਵਾ, 5 ਨਵੰਬਰ (ਪੋਸਟ ਬਿਊਰੋ) : ਸਾਬਕਾ ਪਬਲਿਕ ਸਰਵਿਸਿਜ਼ ਮੰਤਰੀ ਜੂਡੀ ਫੂਟੇ ਦੇ ਹਲਕੇ ਸਮੇਤ ਦੇਸ਼ ਦੇ ਚਾਰ ਹਲਕਿਆਂ ਵਿੱਚ 11 ਦਸੰਬਰ ਨੂੰ ਜਿ਼ਮਨੀ ਚੋਣਾਂ ਹੋਣ ਜਾ ਰਹੀਆਂ ਹਨ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਦੇ ਹਲਕੇ ਬੌਨਾਵਿਸਤਾ-ਬਰਿਨ-ਟ੍ਰਿਨਿਟੀ, ਬ੍ਰਿਟਿਸ਼ ਕੋਲੰਬੀਆ ਦੇ ਹਲਕੇ ਸਾਊਥ ਸਰ੍ਹੀ-ਵਾੲ੍ਹੀਟ ਰੌਕ, ਸਸਕੈਚਵਨ ਦੇ ਹਲਕੇ ਬੈਟਲਫੋਰਡਸ- ਲਾਇਡਮਿੰਸਟਰ ਤੇ ਓਨਟਾਰੀਓ ਦੇ ਹਲਕੇ ਸਕਾਰਬੌਰੋ-ਐਗਿਨਕੋਰਟ ਉੱਤੇ ਹੋਣ ਜਾ ਰਹੀਆਂ ਜਿ਼ਮਨੀ ਚੋਣਾਂ ਲਈ ਤਰੀਕ ਦਾ ਐਲਾਨ ਕੀਤਾ।
ਫੂਟੇ ਨੇ ਅਗਸਤ ਵਿੱਚ ਕੈਬਨਿਟ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਸੀ। ਇਸ ਤੋਂ ਬਾਅਦ ਜਦੋਂ ਉਨ੍ਹਾਂ ਨੂੰ ਇਹ ਪਤਾ ਲੱਗਿਆ ਕਿ ਉਨ੍ਹਾਂ ਦੀਆਂ ਦੋ ਬਾਲਗ ਧੀਆਂ ਨੂੰ ਵੀ ਬ੍ਰੈਸਟ ਕੈਂਸਰ ਹੋਣ ਦਾ ਖਤਰਾ ਹੈ ਤਾਂ ਉਨ੍ਹਾਂ ਸਤੰਬਰ ਵਿੱਚ ਬੌਨਾਵਿਸਤਾ-ਬਰਿਨ-ਟ੍ਰਿਨਿਟੀ ਤੋਂ ਐਮਪੀ ਵਜੋਂ ਵੀ ਅਸਤੀਫਾ ਦੇ ਦਿੱਤਾ ਸੀ। ਜਿ਼ਕਰਯੋਗ ਹੈ ਕਿ ਉਹ ਆਪ ਦੋ ਵਾਰੀ ਬ੍ਰੈਸਟ ਕੈਂਸਰ ਨੂੰ ਮਾਤ ਦੇ ਚੁੱਕੀ ਹੈ।
ਬੀਸੀ ਵਾਲੀ ਸੀਟ ਉਸ ਸਮੇਂ ਖਾਲੀ ਹੋ ਗਈ ਸੀ ਜਦੋਂ ਸਾਬਕਾ ਕੰਜ਼ਰਵੇਟਿਵ ਐਮਪੀ ਡਾਇਨੇ ਵਾਟਸ ਨੇ ਪ੍ਰੋਵਿੰਸ਼ੀਅਲ ਲਿਬਰਲ ਲੀਡਰਸਿ਼ਪ ਵਿੱਚ ਹਿੱਸਾ ਲੈਣ ਲਈ ਆਪਣਾ ਅਹੁਦਾ ਛੱਡ ਦਿੱਤਾ ਸੀ। ਸਾਬਕਾ ਕੰਜ਼ਰਵੇਟਿਵ ਐਮਪੀ ਗੈਰੀ ਰਿਟਜ਼ ਦੇ ਅਗਸਤ ਵਿੱਚ ਫੈਡਰਲ ਸਿਆਸਤ ਤੋਂ ਰਿਟਾਇਰ ਹੋਣ ਤੋਂ ਬਾਅਦ ਸਸਕੈਚਵਨ ਵਾਲੀ ਸੀਟ ਖਾਲੀ ਹੋਈ ਸੀ। ਇਸ ਤੋਂ ਇਲਾਵਾ ਲਿਬਰਲ ਐਮਪੀ ਆਰਨੌਲਡ ਚੈਨ ਦੀ ਮੌਤ ਕਾਰਨ ਟੋਰਾਂਟੋ ਦੇ ਹਲਕੇ ਵਿੱਚ ਜਿ਼ਮਨੀ ਚੋਣ ਕਰਵਾਏ ਜਾਣ ਦਾ ਰਾਹ ਖੁੱਲ੍ਹ ਗਿਆ।