ਦਸਤਾਵੇਜ਼ ਲੀਕ ਕਰਨ ਦੇ ਦੋਸ਼ ਵਿੱਚ ਅਮਰੀਕਾ ਅਗਲੇ ਯਤਨ ਦੀ ਤਿਆਰੀ ਵਿੱਚ

julian assange
ਵਾਸ਼ਿੰਗਟਨ, 21 ਅਪ੍ਰੈਲ (ਪੋਸਟ ਬਿਊਰੋ)- ਅਮਰੀਕਾ ਗੁਪਤ ਦਸਤਾਵੇਜ਼ਾਂ ਨੂੰ ਉਜਾਗਰ ਕਰਨ ਬਾਰੇ ਵਿਕੀਲੀਕਸ ਦੇ ਮੋਢੀ ਜੂਲੀਅਨ ਅਸਾਂਜੇ ਸਮੇਤ ਪੂਰੇ ਗਰੁੱਪ ਦੇ ਖ਼ਿਲਾਫ਼ ਦੋਸ਼ ਤੈਅ ਕਰਨ ਦੀ ਤਿਆਰੀ ਵਿੱਚ ਹੈ। ਅਮਰੀਕੀ ਸਰਕਾਰ ਦੇ ਵਕੀਲ ਇਸ ਉੱਤੇ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕਰ ਰਹੇ ਹਨ।
ਇੱਕ ਮੀਡੀਆ ਚੈਨਲ ਨੇ ਸ਼ੁੱਕਰਵਾਰ ਨੂੰ ਆਪਣੀ ਰਿਪੋਰਟ ਵਿੱਚ ਦੱਸਿਆ ਕਿ ਅਮਰੀਕਾ ਅਧਿਕਾਰੀ ਮੁੜ ਕੇ ਜੂਲੀਅਨ ਅਸਾਂਜੇ ਦੀ ਗ੍ਰਿਫ਼ਤਾਰੀ ਦੀ ਮੰਗ ਕਰਨਗੇ। ਵਾਸ਼ਿੰਗਟਨ ਪੋਸਟ ਦੇ ਮੁਤਾਬਿਕ ਸਰਕਾਰੀ ਵਕੀਲ ਇਸ ਯਤਨ ਵਿੱਚ ਵਿਕੀਲੀਕਸ ਦੇ ਮੈਂਬਰਾਂ ਦੇ ਖ਼ਿਲਾਫ਼ ਦੋਸ਼ ਲਾਉਣ ਬਾਰੇ ਵੀ ਵਿਚਾਰ ਕਰ ਰਹੇ ਹਨ। ਇਸ ਤੋਂ ਪਹਿਲਾਂ ਓਬਾਮਾ ਪ੍ਰਸ਼ਾਸਨ ਵਿੱਚ ਨਿਆਂ ਵਿਭਾਗ ਨੇ ਇਸ ਤਰ੍ਹਾਂ ਕਰਨ ਤੋਂ ਨਾਂਹ ਕਰ ਦਿੱਤੀ ਸੀ। ਤਾਜ਼ਾ ਖ਼ਬਰਾਂ ਮੁਤਾਬਿਕ ਵਿਕੀਲੀਕਸ ਉੱਤੇ ਸਾਜ਼ਿਸ਼ ਰੱਚਣ, ਸਰਕਾਰੀ ਜਾਇਦਾਦ ਦੀ ਚੋਰੀ ਤੇ ਗੁਪਤ ਕਾਨੂੰਨ ਦੇ ਉਲੰਘਣ ਸਮੇਤ ਕਈ ਦੋਸ਼ ਲਾਏ ਜਾਣ ਦੀ ਤਿਆਰੀ ਹੈ। ਫਿਰ ਵੀ ਇਸ ਕੰਮ ਲਈ ਨਿਆਂ ਵਿਭਾਗ ਦੇ ਸਿਖ਼ਰਲੇ ਅਧਿਕਾਰੀਆਂ ਦੀ ਮਜ਼ਬੂਤੀ ਦੀ ਲੋੜ ਹੈ।
ਇਹ ਕਦਮ ਓਦੋਂ ਉਠਾਇਆ ਗਿਆ ਹੈ, ਜਦ ਵਿਕੀਲੀਕਸ ਨੇ ਪਿਛਲੇ ਮਹੀਨੇ ਸੀ ਆਈ ਏ ਦੇ ਸਾਈਬਰ ਜਾਸੂਸੀ ਨਾਲ ਜੁੜੇ ਲਗਪਗ 8,000 ਦਸਤਾਵੇਜ਼ ਹੋਰ ਜਾਰੀ ਕੀਤੇ ਹਨ। ਇਸ ਉੱਤੇ ਸੀ ਆਈ ਏ ਦੇ ਡਾਇਰੈਕਟਰ ਮਾਈਕ ਪਾਂਪੀਓ ਨੇ ਇਸ ਗਰੁੱਪ ਦੀ ਸਖ਼ਤ ਨਿੰਦਾ ਕੀਤੀ ਤੇ ਇਸ ਨੂੰ ਅਮਰੀਕਾ ਦੀ ਸੁਰੱਖਿਆ ਲਈ ਖ਼ਤਰਾ ਕਰਾਰ ਦਿੱਤਾ। ਇਸ ਤੋਂ ਪਹਿਲਾਂ ਵਿਕੀਲੀਕਸ ਨੇ ਵਿਦੇਸ਼ ਮੰਤਰਾਲੇ ਨਾਲ ਜੁੜੇ ਢਾਈ ਲੱਖ ਕੇਬਲਾਂ ਅਤੇ ਅਫ਼ਗਾਨਿਸਤਾਨ ਤੇ ਇਰਾਕ ਮਾਮਲੇ ਦੇ ਹਜ਼ਾਰਾਂ ਕਾਗਜ਼ਾਂ ਨੂੰ ਜਾਰੀ ਕਰਕੇ ਅਮਰੀਕਾ ਲਈ ਔਖੀ ਸਥਿਤੀ ਪੈਦਾ ਕਰ ਦਿੱਤੀ ਸੀ। ਅਟਾਰਨੀ ਜਨਰਲ ਜੈਫ ਸੇਸ਼ੰਸ ਨੇ ਕੱਲ੍ਹ ਪੱਤਰਕਾਰਾਂ ਨੂੰ ਕਿਹਾ ਕਿ ਅਸਾਂਜੇ ਦੀ ਗ੍ਰਿਫ਼ਤਾਰੀ ਮੁੱਢਲੀ ਹੈ। ਨਿਆਂ ਵਿਭਾਗ ਨੇ ਗੁਪਤ ਸੂਚਨਾ ਮੀਡੀਆ ਵਿੱਚ ਲੀਕ ਕਰਨ ਦੇ ਜ਼ਿੰਮੇਵਾਰ ਲੋਕਾਂ ਉੱਤੇ ਮੁਕੱਦਮਾ ਚਲਾਉਣ ਲਈ ਕਦਮ ਚੁੱਕਿਆ ਹੈ।