ਦਲਿਤ ਜਥੇਬੰਦੀਆਂ ਵੱਲੋਂ ਕੀਤੇ ‘ਭਾਰਤ ਬੰਦ’ ਦੌਰਾਨ ਹਿੰਸਾ ਵਿੱਚ ਅੱਠ ਮੌਤਾਂ


* ਪੰਜਾਬ ਵਿੱਚ ਆਮ ਕਰ ਕੇ ਸੁੱਖ-ਸਾਂਦ ਰਹੀ
ਨਵੀਂ ਦਿੱਲੀ, 2 ਅਪਰੈਲ, (ਪੋਸਟ ਬਿਊਰੋ)- ਸ਼ਡਿਊਲਡ ਕਾਸਟ ਤੇ ਸ਼ਡਿਊਲਡ ਟਰਾਈਬਜ਼ ਦੇ ਘੇਰੇ ਵਿਚਲੀਆਂ ਦਲਿਤ ਜਾਤੀਆਂ ਉੱਤੇ ਜ਼ੁਲਮ ਰੋਕਣ ਦੇ ਕਾਨੂੰਨ ਨੂੰ ਕਮਜ਼ੋਰ ਕੀਤੇ ਜਾਣ ਦੇ ਸ਼ੱਕ ਦੇ ਖ਼ਿਲਾਫ਼ ਦਲਿਤ ਜਥੇਬੰਦੀਆਂ ਵੱਲੋਂ ਦਿੱਤੇ ਗਏ ‘ਭਾਰਤ ਬੰਦ’ ਦੇ ਸੱਦੇ ਦੌਰਾਨ ਅੱਜ ਸਾਰੇ ਦੇਸ਼ ਦੇ ਕਈ ਰਾਜਾਂ ਵਿੱਚ ਭਾਰੀ ਹਿੰਸਾ ਅਤੇ ਅੱਗਜ਼ਨੀ ਹੋਣ ਕਾਰਨ ਘੱਟੋ-ਘੱਟ ਅੱਠ ਲੋਕਾਂ ਦੀ ਮੌਤ ਹੋ ਗਈ ਤੇ ਕਈ ਦਰਜਨਾਂ ਜ਼ਖ਼ਮੀ ਹੋ ਗਏ। ‘ਜੈ ਭੀਮ’ ਦੇ ਨਾਅਰੇ ਲਾਉਂਦੇ ਹੋਏ ਇਸ ਭਾਰਤ ਬੰਦ ਦੇ ਸਮੱਰਥਕਾਂ ਨੇ ਕਈ ਥਾਈਂ ਰੇਲ ਗੱਡੀਆਂ ਰੋਕੀਆਂ ਤੇ ਵਾਹਨਾਂ ਨੂੰ ਅੱਗਾਂ ਲਾ ਦਿੱਤੀਆਂ। ਪੁਲੀਸ ਤੇ ਬੰਦ ਦੇ ਵਿਰੋਧੀਆਂ ਨਾਲ ਉਨ੍ਹਾਂ ਦੀਆਂ ਕਈ ਥਾਂਈਂ ਝੜਪਾਂ ਵੀ ਹੋਈਆਂ। ਸਰਕਾਰੀ ਸੂਤਰਾਂ ਦੇ ਦੱਸਣ ਮੁਤਾਬਕ ਸਭ ਤੋਂ ਵੱਧ ਪੰਜ ਮੌਤਾਂ ਮੱਧ ਪ੍ਰਦੇਸ਼ ਵਿੱਚ ਹੋਈਆਂ, ਉੱਤਰ ਪ੍ਰਦੇਸ਼ ਤੇ ਰਾਜਸਥਾਨ ਵਿੱਚ ਵੀ ਇਕ-ਇਕ ਵਿਅਕਤੀ ਮਾਰਿਆ ਗਿਆ ਅਤੇ ਕਈ ਸ਼ਹਿਰਾਂ ਵਿੱਚ ਕਰਫ਼ਿਊ ਲਾਉਣਾ ਪਿਆ। ਕੇਂਦਰੀ ਗ੍ਰਹਿ ਮੰਤਰਾਲੇ ਨੇ ਦੰਗਾ-ਰੋਕੂ ਪੁਲੀਸ ਦੇ 800 ਜਵਾਨ ਮੱਧ ਪ੍ਰਦੇਸ਼ ਤੇ ਉੱਤਰ ਪ੍ਰਦੇਸ਼ ਨੂੰ ਭੇਜੇ ਅਤੇ ਸਾਰੀਆਂ ਰਾਜ ਸਰਕਾਰਾਂ ਨੂੰ ਅਮਨ-ਕਾਨੂੰਨ ਕਾਇਮ ਰੱਖਣ ਅਤੇ ਆਮ ਲੋਕਾਂ ਦੇ ਜਾਨ-ਮਾਲ ਦੀ ਰਾਖੀ ਲਈ ਜ਼ਰੂਰੀ ਕਦਮ ਚੁੱਕਣ ਦੀ ਹਦਾਇਤ ਕੀਤੀ।
ਵਰਨਣ ਯੋਗ ਹੈ ਇਕ ਜਨਤਕ ਹਿੱਤ ਪਟੀਸ਼ਨ ਦੇ ਆਧਾਰ ਉੱਤੇ ਬੀਤੀ 20 ਮਾਰਚ ਨੂੰ ਸੁਪਰੀਮ ਕੋਰਟ ਨੇ ਇੱਕ ਫ਼ੈਸਲੇ ਦੌਰਾਨ ਪ੍ਰਸ਼ਾਸਨ ਦੇ ਈਮਾਨਦਾਰ ਅਫ਼ਸਰਾਂ ਨੂੰ ਐੱਸ ਸੀ/ ਐੱਸ ਟੀ ਐਕਟ ਦੇ ਨਾਲ ਦਰਜ ਕਰਵਾਏ ਜਾ ਰਹੇ ਝੂਠੇ ਕੇਸਾਂ ਤੋਂ ਬਚਾਉਣ ਲਈ ਇਸ ਐਕਟ ਹੇਠ ਕੇਸ ਦਰਜ ਹੋਣ ਉਤੇ ਉਨ੍ਹਾਂ ਦੀ ਫ਼ੌਰੀ ਗ੍ਰਿਫ਼ਤਾਰੀ ਕਰਨ ਉਤੇ ਰੋਕ ਲਾ ਦਿੱਤੀ ਸੀ। ਦਲਿਤ ਜਥੇਬੰਦੀਆਂ ਤੇ ਵਿਰੋਧੀ ਧਿਰ ਨੇ ਸੁਪਰੀਮ ਕੋਰਟ ਦੇ ਇਸ ਫ਼ੈਸਲੇ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਇਸ ਨਾਲ ਦੇਸ਼ ਭਰ ਵਿੱਚ ਦਲਿਤ ਤੇ ਪਛੜੇ ਭਾਈਚਾਰਿਆਂ ਦੇ ਲੋਕਾਂ ਉਤੇ ਜ਼ੁਲਮ ਹੋਰ ਵਧਣਗੇ।
ਇਸ ਫੈਸਲੇ ਦੇ ਵਿਰੋਧ ਵਿੱਚ ਕੀਤੇ ਗਏ ਅੱਜ ਦੇ ‘ਭਾਰਤ ਬੰਦ’ ਨਾਲ ਕਈ ਰਾਜਾਂ ਵਿੱਚ ਟਰਾਂਸਪੋਰਟ, ਮੋਬਾਈਲ ਅਤੇ ਇੰਟਰਨੈੱਟ ਸੇਵਾਵਾਂ ਉਤੇ ਅਸਰ ਪਿਆ ਅਤੇ ਇੱਕ ਦੌ ਦੇ ਕਰੀਬ ਰੇਲ ਗੱਡੀਆਂ ਪ੍ਰਭਾਵਿਤ ਹੋਈਆਂ। ਕਈ ਥਾਂ ਰੇਲ ਗੱਡੀਆਂ ਨੂੰ ਰੱਦ ਅਕਰਨਾ ਪਿਆ। ਅੱਗਜ਼ਨੀ, ਫਾਇਰਿੰਗ ਤੇ ਤੋੜ-ਭੰਨ ਦੀਆਂ ਬਹੁਤੀਆਂ ਘਟਨਾਵਾਂ ਮੱਧ ਪ੍ਰਦੇਸ਼, ਉੱਤਰ ਪ੍ਰਦੇਸ਼, ਰਾਜਸਥਾਨ, ਬਿਹਾਰ, ਹਰਿਆਣਾ ਵਿੱਚ ਹੋਣ ਦੀ ਖਬਰ ਹੈ, ਪੰਜਾਬ ਆਮ ਕਰ ਕੇ ਸੁੱਖ-ਸਾਂਦ ਵਾਲਾ ਰਿਹਾ, ਪਰ ਇੱਕਾ-ਦੁੱਕਾ ਘਟਨਾ ਏਥੇ ਵੀ ਹੋਈ ਹੈ। ਮਹਾਰਾਸ਼ਟਰ ਤੇ ਉੜੀਸਾ ਵਿੱਚ ਵੀ ਜਨਜੀਵਨ ਉਤੇ ਮਾੜਾ ਅਸਰ ਪਿਆ।
ਮੱਧ ਪ੍ਰਦੇਸ਼ ਦੇ ਗਵਾਲੀਅਰ ਵਿੱਚ ਤਿੰਨ ਵਿਅਕਤੀ, ਭਿੰਡ ਜ਼ਿਲੇ ਵਿੱਚ ਦੋ ਤੇ ਮੁਰੈਣਾ ਜ਼ਿਲ੍ਹੇ ਵਿੱਚ ਇੱਕ ਵਿਅਕਤੀ ਮਾਰਿਆ ਗਿਆ। ਉੱਤਰ ਪ੍ਰਦੇਸ਼ ਦੇ ਮੁਜ਼ੱਫ਼ਰਨਗਰ ਜ਼ਿਲ੍ਹੇ ਵਿੱਚ ਇਕ ਜਣੇ ਦੀ ਮੌਤ ਹੋ ਗਈ ਅਤੇ 40 ਪੁਲੀਸ ਮੁਲਾਜ਼ਮਾਂ ਸਣੇ ਕਰੀਬ 75 ਜਣੇ ਜ਼ਖ਼ਮੀ ਹੋ ਗਏ। ਪੁਲੀਸ ਨੇ ਕਰੀਬ 450 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਆਗਰਾ, ਹਾਪੁੜ, ਮੇਰਠ ਤੇ ਆਜ਼ਮਗੜ੍ਹ ਜ਼ਿਲ੍ਹਿਆਂ ਵਿੱਚ ਵੀ ਹਿੰਸਾ ਹੋਣ ਅਤੇ ਅੱਗਜ਼ਨੀ ਦੀ ਖ਼ਬਰ ਹੈ। ਰਾਜਸਥਾਨ ਦੇ ਅਲਵਰ ਜ਼ਿਲ੍ਹੇ ਵਿੱਚ ਇਕ ਜਣੇ ਦੀ ਮੌਤ ਹੋ ਗਈ ਤੇ ਨੌਂ ਪੁਲੀਸ ਵਾਲਿਆਂ ਸਣੇ 26 ਜਣੇ ਹੋਰ ਜ਼ਖ਼ਮੀ ਹੋਏ। ਦਿੱਲੀ ਵਿੱਚ ਮੁਜ਼ਾਹਰਾਕਾਰੀਆਂ ਨੇ ਕਈ ਥਾਈਂ ਲਾਈਨਾਂ ਉਤੇ ਧਰਨੇ ਮਾਰ ਕੇ ਰੇਲ ਆਵਾਜਾਈ ਰੋਕੀ ਤੇ ਸੜਕੀ ਆਵਾਜਾਈ ਰੋਕਣ ਨਾਲ ਦਿੱਲੀ ਦੀ ਆਵਜਾਈ ਦੀ ਹਾਲਤ ਕੁਝ ਇਲਾਕਿਆਂ ਵਿੱਚ ਵਿਗੜੀ ਹੋਈ ਨਜ਼ਰ ਆਈ।
ਦਲਿਤ ਜਥੇਬੰਦੀਆਂ ਦੇ ਅੱਜ ਦੇ ‘ਭਾਰਤ ਬੰਦ’ ਦੌਰਾਨ ਪੰਜਾਬ ਵਿੱਚ ਇੱਕਾ-ਦੁੱਕਾ ਘਟਨਾਵਾਂ ਛੱਡ ਕੇ ਬੰਦ ਸ਼ਾਂਤੀ ਪੂਰਨ ਰਿਹਾ। ਅੰਦੋਲਨਕਾਰੀਆਂ ਨੇ ਰੇਲਵੇ ਲਾਈਨਾਂ ਉੱਤੇ ਸਵੇਰੇ ਸ਼ਾਮ ਤਕ ਰੇਲ ਗੱਡੀਆਂ ਰੋਕੀਆਂ। ਸ਼ਹਿਰਾਂ ਤੇ ਕਸਬਿਆਂ ਵਿੱਚ ਉਨ੍ਹਾਂ ਨੇ ਰੈਲੀਆਂ ਤੇ ਮੀਟਿੰਗਾਂ ਕਰ ਕੇ ਐਸ ਸੀ, ਐਸ ਟੀ ਐਕਟ ਨੂੰ ਕਮਜ਼ੋਰ ਬਣਾਉਣ ਵਿਰੁੱਧ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ। ਸ਼ਾਮ ਵੇਲੇ ਕਈ ਥਾਵਾਂ ਉੱਤੇ ਦੁਕਾਨਾਂ ਖੁਲ੍ਹਣੀਆਂ ਸ਼ੁਰੂ ਹੋ ਗਈਆਂ ਸਨ।
ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਪੁਲੀਸ ਤੇ ਨੀਮ ਫੌਜੀ ਬਲਾਂ ਦੀਆਂ ਚਾਰ ਟੁਕੜੀਆਂ ਤਾਇਨਾਤ ਕਰ ਕੇ ਅਮਨ-ਕਾਨੂੰਨ ਦੀ ਹਾਲਤ ਬਣਾਈ ਰੱਖਣ ਲਈ ਯਤਨ ਕੀਤੇ, ਪਰ ਰੇਲਵੇ ਲਾਈਨਾਂ ਜਾਮ ਕਰਨ ਵਾਲਿਆਂ ਨੂੰ ਕੁਝ ਨਹੀਂ ਕਿਹਾ ਤੇ ਬਾਅਦ ਦੁਪਹਿਰ ਲਾਈਨਾਂ ਤੋਂ ਉਨ੍ਹਾਂ ਦੇ ਉਠ ਜਾਣ ਮਗਰੋਂ ਰੇਲ ਆਵਾਜਾਈ ਬਹਾਲ ਹੋ ਗਈ। ਸਰਕਾਰੀ ਤੇ ਪ੍ਰਾਈਵੇਟ ਟਰਾਂਸਪੋਰਟ, ਸਾਰੇ ਵਿਦਿਅਕ ਅਦਾਰੇ ਅਤੇ ਇੰਟਰਨੈਂੱਟ ਸੇਵਾਵਾਂ ਬੰਦ ਕਰ ਕੇ ਸਰਕਾਰ ਨੇ ਇਕ ਤਰ੍ਹਾਂ ਅੰਦੋਲਨ ਕਰ ਰਹੇ ਲੋਕਾਂ ਦੀ ਹਮਾਇਤ ਕਰ ਦਿੱਤੀ।
ਗਵਾਂਢੀ ਰਾਜ ਹਰਿਆਣਾ ਵਿੱਚ ਦੋ ਦਰਜਨ ਸ਼ਹਿਰਾਂ ਵਿੱਚ ਬੰਦ ਦਾ ਬਹੁਤਾ ਅਸਰ ਦੇਖਣ ਨੂੰ ਮਿਲਿਆ। ਅੰਦੋਲਨ ਦੌਰਾਨ ਸਾਰੇ ਰਾਜ ਵਿੱਚ 200 ਤੋਂ ਵੱਧ ਆਮ ਲੋਕ ਤੇ ਕਰੀਬ 50 ਪੁਲੀਸ ਵਾਲੇ ਜ਼ਖ਼ਮੀ ਹੋ ਗਏ। ਇੱਕ ਦਰਜਨ ਤੋਂ ਵੱਧ ਰੋਡਵੇਜ਼ ਦੀਆਂ ਬੱਸਾਂ ਦੀ ਭੰਨਤੋੜ ਕੀਤੀ ਗਈ। ਕੈਥਲ ਵਿੱਚ ਹਾਲਾਤ ਜਿ਼ਆਦਾ ਤਣਾਅ ਵਾਲੇ ਰਹੇ। ਇਥੇ ਪ੍ਰਦਰਸ਼ਨ ਕਰ ਰਹੇ ਲੋਕਾਂ ਤੇ ਪੁਲੀਸ ਦੀ ਸਿੱਧੀ ਝੜਪ ਪਿੱਛੋਂ ਅੰਦੋਲਨਕਾਰੀਆਂ ਨੇ ਪੁਲੀਸ ਜਵਾਨਾਂ ਨੂੰ ਦੌੜਾ ਦੌੜਾ ਕੇ ਕੁੱਟਿਆ ਅਤੇ ਰੇਲਵੇ ਇੰਜਣ ਉੱਤੇ ਪਥਰਾਅ ਕੀਤਾ। ਇਸ ਦੌਰਾਨ 50 ਤੋਂ ਵੱਧ ਮੋਟਰਸਾਈਕਲ, 6 ਕਾਰਾਂ, ਰੋਡਵੇਜ਼ ਦੀ ਇਕ ਬੱਸ, 3 ਟਰੱਕਾਂ ਤੇ ਪੁਲੀਸ ਵਾਹਨਾਂ ਨੂੰ ਨੁਕਸਾਨ ਪੁੱਜਾ। ਹਿਸਾਰ, ਯਮੁਨਾ ਨਗਰ, ਫਰੀਦਾਬਾਦ ਅਤੇ ਕਰਨਾਲ ਵਿੱਚ ਪੁਲੀਸ ਅਤੇ ਪ੍ਰਦਰਸ਼ਨ ਕਰਦੇ ਲੋਕਾਂ ਦੀ ਝੜਪ ਹੋਈ। ਹਿਸਾਰ ਵਿੱਚ ਪ੍ਰਦਰਸ਼ਨ ਕਰਦੇ ਲੋਕਾਂ ਨੇ ਮੁੱਖ ਮੰਤਰੀ ਦੇ ਇੱਕ ਸਮਾਗਮ ਵਿੱਚ ਵੜਨ ਦੀ ਕੋਸ਼ਿਸ਼ ਵੀ ਕੀਤੀ। ਅੰਦੋਲਨ ਦੌਰਾਨ ਹਰਿਆਣਾ ਪੁਲੀਸ ਦੇ ਢਿੱਲੇ ਪ੍ਰਬੰਧ ਸਾਫ ਨਜ਼ਰ ਆਉਂਦੇ ਰਹੇ।