ਦਲਾਈ ਲਾਮਾ ਦੇ ਸਮਾਗਮ ਵਿੱਚ ਜਾਣ ਤੋਂ ਚੀਨ ਫਿਰ ਭੜਕਿਆ

dlia lama
ਬੀਜਿੰਗ, 20 ਮਾਰਚ (ਪੋਸਟ ਬਿਊਰੋ)- ਦਲਾਈ ਲਾਮਾ ਦੇ ਮੁੱਦੇ ਉੱਤੇ ਚੀਨ ਨੇ ਇਕ ਵਾਰ ਫਿਰ ਭਾਰਤ ਦੇ ਖਿਲਾਫ ਨਾਰਾਜ਼ਗੀ ਪ੍ਰਗਟ ਕੀਤੀ ਹੈ। ਉਸ ਨੇ ਭਾਰਤ ਨੂੰ ਸੁਚੇਤ ਕੀਤਾ ਹੈ ਕਿ ਉਹ ਉਸ ਦੀ ਚਿੰਤਾ ਦੇ ਵਿਸ਼ਿਆਂ ਨੂੰ ਧਿਆਨ ਦੇਵੇ, ਨਹੀਂ ਤਾਂ ਦੋਵੇਂ ਦੇਸ਼ਾਂ ਦੇ ਸਬੰਧ ਪ੍ਰਭਾਵਤ ਹੋ ਸਕਦੇ ਹਨ। ਚੀਨ ਨੇ ਇਹ ਗੱਲ ਬਿਹਾਰ ਵਿੱਚ ਕਰਵਾਏ ਗਏ ਅੰਤਰਰਾਸ਼ਟਰੀ ਬੌਧ ਸੰਮੇਲਨ ਵਿੱਚ ਦਲਾਈਲਾਮਾ ਨੂੰ ਸੱਦੇ ਜਾਣ ਉੱਤੇ ਕਹੀ ਹੈ।
ਚੀਨ ਦੇ ਵਿਦੇਸ਼ ਮੰਤਰਾਲਾ ਦੀ ਬੁਲਾਰਾ ਹੁਆ ਚੁਨੀਇੰਗ ਨੇ ਕਿਹਾ ਹੈ ਕਿ ਪਿਛਲੇ ਦਿਨਾਂ ਵਿੱਚ ਭਾਰਤ ਨੇ ਕਈ ਮੁੱਦਿਆਂ ਉੱਤੇ ਚੀਨ ਦੀਆਂ ਮਾਨਤਾਵਾਂ ਤੇ ਇਤਰਾਜ਼ਾਂ ਨੂੰ ਸਨਮਾਨ ਨਹੀਂ ਦਿੱਤਾ। ਇਸ ਤਰ੍ਹਾਂ ਦੇ ਮਾਮਲਿਆਂ ‘ਚ ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਬੋਧੀ ਸੰਮੇਲਨ ਵਿੱਚ ਦਲਾਈ ਲਾਮਾ ਦਾ ਸੱਦਾ ਦੇਣਾ ਵੀ ਸ਼ਾਮਲ ਹੈ। ਚੀਨ ਭਾਰਤ ਦੇ ਇਸ ਕਦਮ ਨੂੰ ਸਖ਼ਤੀ ਨਾਲ ਰੱਦ ਕਰਦਾ ਅਤੇ ਉਸ ਦਾ ਵਿਰੋਧ ਕਰਦਾ ਹੈ। ਬੁਲਾਰੇ ਨੇ ਕਿਹਾ, ਸਾਡੀ ਅਪੀਲ ਹੈ ਕਿ ਭਾਰਤ ਦਲਾਈ ਲਾਮਾ ਤੇ ਉਸ ਦੇ ਸਾਥੀਆਂ ਦੇ ਵੱਖਵਾਦੀ ਵਤੀਰੇ ਨੂੰ ਪਛਾਣਨ ਅਤੇ ਤਿੱਬਤ ਅਤੇ ਉਸ ਨਾਲ ਜੁੜੇ ਵਿਸ਼ਿਆਂ ਦਾ ਸਨਮਾਨ ਕਰੇ। ਭਾਰਤ ਦੁਵੱਲੇ ਸਬੰਧਾਂ ਵਿੱਚ ਚੀਨ ਨੂੰ ਚਿੰਤਤ ਕਰਨ ਵਾਲੇ ਮਾਮਲਿਆਂ ਨੂੰ ਨਾ ਉਭਾਰੇ।
ਵਰਨਣ ਯੋਗ ਹੈ ਕਿ ਬਿਹਾਰ ਦੇ ਰਾਜਗੀਰ ਵਿੱਚ ਕਰਵਾਏ ਅੰਤਰਰਾਸ਼ਟਰੀ ਬੋਧੀ ਸੈਮੀਨਾਰ ਦਾ ਉਦਘਾਟਨ 17 ਮਾਰਚ ਨੂੰ ਦਲਾਈ ਲਾਮਾ ਨੇ ਕੀਤਾ ਸੀ। ਇਸ ਵਿੱਚ ਕਈ ਦੇਸ਼ਾਂ ਦੇ ਬਧੀ ਭਿਕਸ਼ੂ ਤੇ ਵਿਵਦਾਨਾਂ ਨੇ ਹਿੱਸਾ ਲਿਆ। ਇਸ ਤੋਂ ਪਹਿਲਾਂ ਚੀਨ ਨੇ ਦਲਾਈ ਲਾਮਾ ਦੇ ਅਰੁਣਾਚਲ ਪ੍ਰਦੇਸ਼ ਜਾਣ ਉੱਤੇ ਇਤਰਾਜ਼ ਕੀਤਾ ਸੀ। ਅਰੁਣਾਚਲ ਨੂੰ ਦੋਵੇਂ ਦੇਸ਼ਾਂ ਵਿਚਾਲੇ ਦਾ ਵਿਵਾਦਤ ਸਥਾਨ ਦੱਸ ਕੇ ਉਥੇ ਦਲਾਈ ਲਾਮਾ ਨੂੰ ਸੱਦੇ ਦਿੱਤੇ ਜਾਣ ਨੂੰ ਗ਼ਲਤ ਦੱਸਿਆ ਸੀ।