ਦਲਾਈ ਲਾਮਾ ਦੇ ਅਰੁਣਾਚਲ ਦੌਰੇ ਕਾਰਨ ਚੀਨ ਨੇ ਭਾਰਤ ਨੂੰ ਧਮਕੀ ਦੇਣ ਵਰਗੀ ਭਾਸ਼ਾ ਵਰਤੀ

Dalai Lama in Arunachal Pradesh* ਮੇਰਾ ਤਾਂ ਭਾਰਤ ਨੇ ਕਦੀ ਇਸਤੇਮਾਲ ਨਹੀਂ ਕੀਤਾ: ਦਲਾਈ ਲਾਮਾ
ਬੀਜਿੰਗ, 5 ਅਪ੍ਰੈਲ, (ਪੋਸਟ ਬਿਊਰੋ)- ਚੀਨ ਨੇ ਆਪਣੇ ਵੱਲੋਂ ਵਿਵਾਦਤ ਕਹੇ ਜਾਂਦੇ ਅਰੁਣਾਚਲ ਪ੍ਰਦੇਸ਼ ਦੇ ਹਿੱਸਿਆਂ ਵਿੱਚ ਦਲਾਈ ਲਾਮਾ ਦੇ ਦੌਰੇ ਦੀ ਭਾਰਤ ਵਲੋਂ ਇਜਾਜ਼ਤ ਦੇਣ ਨੂੰ ਦੋ-ਪੱਖੀ ਸੰਬੰਧਾਂ ਨੂੰ ‘ਗੰਭੀਰ ਨੁਕਸਾਨ’ ਪਹੁੰਚਾਉਣ ਦੀ ਹਰਕਤ ਆਖਦੇ ਹੋਏ ਅੱਜ ਚੇਤਾਵਨੀ ਦਿਤੀ ਕਿ ਉਹ ਅਪਣੀ ਖੇਤਰੀ ਪ੍ਰਭੂਸੱਤਾ ਤੇ ਹਿਤਾਂ ਦੀ ਰਾਖੀ ਲਈ ਜ਼ਰੂਰੀ ਕਦਮ ਚੁੱਕੇਗਾ। ਦਲਾਈ ਲਾਮਾ ਦੇ ਦੌਰੇ ਨੂੰ ਲੈ ਕੇ ਚੀਨ ਨੇ ਬੀਜਿੰਗ ਵਿਚ ਭਾਰਤ ਦੇ ਰਾਜਦੂਤ ਵਿਜੇ ਗੋਖਲੇ ਨੂੰ ਓਥੋਂ ਦੇ ਵਿਦੇਸ਼ ਮੰਤਰਾਲੇ ਵਿੱਚ ਬੁਲਾ ਕੇ ਵੀ ਅਪਣਾ ਵਿਰੋਧ ਦਰਜ ਕਰਵਾਇਆ ਹੈ।
ਇਸ ਸੰਬੰਧ ਵਿੱਚ ਚੀਨ ਦੇ ਵਿਦੇਸ਼ ਮੰਤਰਾਲੇ ਦੀ ਬੁਲਾਰਾ ਹੁਆ ਚੁਨੀਯੰਗ ਨੇ ਕਿਹਾ, ‘ਚੀਨ ਦੀਆਂ ਭਾਵਨਾਵਾਂ ਦੀ ਅਣਦੇਖੀ ਕਰ ਕੇ ਭਾਰਤ ਨੇ ਚੀਨ-ਭਾਰਤ ਸਰਹੱਦ ਦੇ ਪੂਰਬੀ ਹਿੱਸੇ ਦੇ ਵਿਵਾਦਤ ਖੇਤਰਾਂ ਵਿਚ ਦਲਾਈ ਲਾਮਾ ਦਾ ਦੌਰਾ ਕਰਵਾਇਆ ਹੈ, ਜਿਸ ਕਾਰਨ ਚੀਨ ਦੇ ਹਿਤਾਂ ਤੇ ਚੀਨ-ਭਾਰਤ ਸਬੰਧਾਂ ਨੂੰ ਗੰਭੀਰ ਨੁਕਸਾਨ ਪਹੁੰਚਿਆ ਹੈ।’ ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਚੀਨ ਦਿੜ੍ਹਤਾ ਨਾਲ ਇਸ ਕਦਮ ਦਾ ਵਿਰੋਧ ਕਰਦਾ ਹੈ। ਬੁਲਾਰੇ ਨੇ ਕਿਹਾ, ‘ਸਰਹੱਦ ਦੇ ਪੂਰਬੀ ਹਿੱਸੇ ਬਾਰੇ ਚੀਨ ਦਾ ਰੁਖ਼ ਮਹੱਤਵ ਪੂਰਨ ਤੇ ਸਪੱਸ਼ਟ ਹੈ। ਭਾਰਤ 14ਵੇਂ ਦਲਾਈ ਲਾਮਾ ਦੀ ਭੂਮਿਕਾ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ।’ ਉਨ੍ਹਾਂ ਕਿਹਾ, ‘ਸੰਵੇਦਨਸ਼ੀਲ ਅਤੇ ਵਿਵਾਦ ਪੂਰਨ ਖੇਤਰਾਂ ਵਿਚ ਇਸ ਦੌਰੇ ਦੀ ਵਿਵਸਥਾ ਨਾਲ ਨਾ ਸਿਰਫ਼ ਤਿੱਬਤ ਦੇ ਮੁੱਦੇ ਨਾਲ ਜੁੜੀ ਭਾਰਤੀ ਪ੍ਰਤੀਬੱਧਤਾ ਦੇ ਉਲਟ ਅਸਰ ਪਵੇਗਾ, ਸਗੋਂ ਸਰਹੱਦੀ ਖੇਤਰ ਨੂੰ ਲੈ ਕੇ ਵਿਵਾਦ ਵੀ ਵਧੇਗਾ।’ ਹੁਆ ਨੇ ਕਿਹਾ ਕਿ ਇਹ ਦੁਵੱਲੇ ਸੰਬੰਧਾਂ ਉੱਤੇ ਅਸਰ ਪਾਵੇਗਾ ਤੇ ਕਿਸੇ ਵੀ ਤਰ੍ਹਾਂ ਨਾਲ ਭਾਰਤ ਲਈ ਫ਼ਾਇਦੇਮੰਦ ਨਹੀਂ ਹੋਵੇਗਾ। ਚੀਨ ਦੀ ਬੁਲਾਰਾ ਨੇ ਕਿਹਾ, ‘ਇਹ ਦੌਰਾ ਯਕੀਨੀ ਤੌਰ ਉੱਤੇ ਚੀਨ ਦੀ ਬੇਚੈਨੀ ਵਿਚ ਵਾਧਾ ਕਰੇਗਾ। ਇਹ ਭਾਰਤ ਨੂੰ ਕੋਈ ਲਾਹੇਵੰਦ ਨਹੀਂ ਹੋਵੇਗਾ।’ ਉਸ ਨੇ ਜ਼ੋਰ ਦੇ ਕੇ ਕਿਹਾ ਕਿ ਚੀਨ ਅਪਣੀ ਖੇਤਰੀ ਪ੍ਰਭੂਸੱਤਾ ਅਤੇ ਵਿਧਾਨਕ ਅਧਿਕਾਰੀਆਂ ਅਤੇ ਹਿਤਾਂ ਦੀ ਰਖਿਆ ਲਈ ਸਖ਼ਤੀ ਨਾਲ ਜ਼ਰੂਰੀ ਕਦਮ ਚੁੱਕੇਗਾ।
ਭਾਰਤ ਨਾਲ ਨਾਰਾਜ਼ਗੀ ਵਿੱਚ ਚੀਨ ਕਿਹੜੇ ਕਦਮ ਚੁੱਕੇਗਾ, ਇਹ ਪੁੱਛੇ ਜਾਣ ਉੱਤੇ ਹੁਆ ਨੇ ਹੋਰ ਜਾਣਕਾਰੀ ਨਹੀਂ ਦਿਤੀ। ਉਨ੍ਹਾਂ ਕਿਹਾ, ‘ਮੇਰੇ ਕੋਲ ਦੱਸਣ ਲਈ ਜ਼ਿਆਦਾ ਕੁਝ ਨਹੀਂ। ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਤਿੱਬਤ ਨਾਲ ਜੁੜਿਆ ਮੁੱਦਾ ਚੀਨ ਦੇ ਮੂਲ ਹਿੱਤਾਂ ਨਾਲ ਜੁੜਿਆ ਹੈ। ਚੀਨ ਦੀਆਂ ਭਾਵਨਾਵਾਂ ਦੀ ਪ੍ਰਵਾਹ ਕੀਤੇ ਬਿਨਾਂ ਭਾਰਤ ਦਲਾਈ ਲਾਮਾ ਦੇ ਦੌਰੇ ਕਰਵਾ ਰਿਹਾ ਹੈ।’ ਉਨ੍ਹਾਂ ਕਿਹਾ, ‘ਅਸੀਂ ਭਾਰਤ ਤੋਂ ਮੰਗ ਕਰਦੇ ਹਾਂ ਕਿ ਉਹ ਦਲਾਈ ਲਾਮਾ ਦੀ ਵਰਤੋਂ ਕਰਦੇ ਹੋਏ ਚੀਨੀ ਹਿਤਾਂ ਨੂੰ ਸੱਟ ਮਾਰਨ ਵਾਲੇ ਕੰਮਾਂ ਨੂੰ ਤੁਰਤ ਰੋਕੇ ਤੇ ਦੋਵਾਂ ਦੇਸ਼ਾਂ ਵਿਚਾਲੇ ਸੰਵੇਦਨਸ਼ੀਲ ਮੁੱਦਿਆਂ ਨੂੰ ਹਵਾ ਨਾ ਦੇਵੇ। ਇਸ ਦੇ ਨਾਲ ਸਰਹੱਦੀ ਮੁੱਦਿਆਂ ਅਤੇ ਦੋ-ਪੱਖੀ ਕਾਨੂੰਨਾਂ ਉੱਤੇ ਦੋਵਾਂ ਦੇਸ਼ਾਂ ਦਰਮਿਆਨ ਗੱਲਬਾਤ ਦੇ ਆਧਾਰ ਨੂੰ ਨੁਕਸਾਨ ਨਾ ਪਹੁੰਚਾਵੇ।’
ਦੂਸਰੇ ਪਾਸੇ ਤਿੱਬਤੀ ਲੋਕਾਂ ਦੇ ਧਾਰਮਿਕ ਬੁੱਧ ਗੁਰੂ ਦਲਾਈ ਲਾਮਾ ਨੇ ਇਸ ਦੌਰਾਨ ਭਾਰਤ ਸਰਕਾਰ ਵੱਲੋਂ ਆਪਣੇ ਕਿਸੇ ਇਸਤੇਮਾਲ ਦੀ ਗੱਲ ਰੱਦ ਕੀਤੀ ਹੈ। ਦਲਾਈ ਲਾਮਾ ਵੱਲੋਂ ਆਏ ਇਕ ਬਿਆਨ ਵਿੱਚ ਉਨ੍ਹਾਂ ਨੇ ਕਿਹਾ ਹੈ ਕਿ ਚੀਨ ਜੇ ਉਨ੍ਹਾਂ ਨੂੰ ‘ਦੈਂਤ ਵੀ ਮੰਨੇ ਤਾਂ ਕੋਈ ਦਿੱਕਤ ਨਹੀਂ।’ ਉਨ੍ਹਾਂ ਨੇ ਸਾਫ ਸ਼ਬਦਾਂ ਵਿੱਚ ਕਿਹਾ ਹੈ ਕਿ ਭਾਰਤ ਨੇ ਚੀਨ ਦੇ ਖਿਲਾਫ ਕਦੇ ਵੀ ਉਨ੍ਹਾਂ ਦਾ ਇਸਤੇਮਾਲ ਨਹੀਂ ਕੀਤਾ। ਵਰਨਣ ਯੋਗ ਹੈ ਕਿ ਤਿੱਬਤੀ ਅਧਿਆਤਮਕ ਨੇਤਾ ਦਲਾਈ ਲਾਮਾ ਇਕ ਵਾਰ ਫਿਰ ਪੂਰਬੀ ਉੱਤਰ ਭਾਰਤ ਦੇ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ਉੱਤੇ ਹਨ। ਉਹ ਅੱਗੇ ਵੀ ਅਰੁਣਾਚਲ ਪ੍ਰਦੇਸ਼ ਦੀ ਯਾਤਰਾ ਕਰ ਚੁੱਕੇ ਹਨ। ਉਦੋਂ ਵੀ ਚੀਨ ਨੇ ਅਜਿਹੀ ਨਾਰਾਜ਼ਗੀ ਜਤਾਈ ਸੀ। ਭਾਰਤੀ ਪ੍ਰਧਾਨ ਮੰਤਰੀ ਦੇ ਅਰੁਣਾਚਲ ਦੌਰੇ ਉੱਤੇ ਵੀ ਬੀਜਿੰਗ ਵਲੋਂ ਮਾਯੂਸੀ ਜਤਾਉਣਾ ਕੋਈ ਨਵੀਂ ਗੱਲ ਨਹੀਂ ਹੈ।