ਦਲਬੀਰ ਕੌਰ ਕਹਿੰਦੀ: ਜੇਲ ਸੁਪਰਡੈਂਟ ਨੇ ਰਚੀ ਸੀ ਸਰਬਜੀਤ ਦੇ ਕਤਲ ਦੀ ਸਾਜ਼ਿਸ਼

sarabjit sister
ਤਰਨ ਤਾਰਨ, 17 ਫਰਵਰੀ (ਪੋਸਟ ਬਿਊਰੋ)- ਪਾਕਿਸਤਾਨ ਵਿੱਚ ਲਾਹੌਰ ਦੀ ਕੋਟ ਲਖਪਤ ਜੇਲ ਵਿੱਚ ਭਾਰਤੀ ਨਾਗਰਿਕ ਸਰਬਜੀਤ ਸਿੰਘ ਦੀ ਕਤਲ ਦੇ ਕੇਸ ਵਿੱਚ ਪਾਕਿਸਤਾਨ ਦੀ ਅਦਾਲਤ ਵੱਲੋਂ ਇਕ ਜੇਲ ਅਧਿਕਾਰੀ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕਰਨ ‘ਤੇ ਸਰਬਜੀਤ ਦੀ ਭੈਣ ਦਲਬੀਰ ਕੌਰ ਨੇ ਖੁਸ਼ੀ ਪ੍ਰਗਟਾਈ ਹੈ। ਉਨ੍ਹਾਂ ਕਿਹਾ ਕਿ ਭਾਵੇਂ ਦੇਰੀ ਨਾਲ ਫੈਸਲਾ ਹੋਇਆ ਹੈ, ਪਰ ਹੁਣ ਦੇਖਣਾ ਹੈ ਕਿ ਪਾਕਿਸਤਾਨ ਦੇ ਇਰਾਦੇ ਕਿਵੇਂ ਜ਼ਾਹਰ ਹੁੰਦੇ ਹਨ।
ਭਿੱਖੀਵਿੰਡ (ਤਰਨ ਤਾਰਨ) ਦੇ ਵਾਸੀ ਸਰਬਜੀਤ ਸਿੰਘ ਦੀ ਭੈਣ ਦਲਬੀਰ ਕੌਰ ਨੇ ਕਿਹਾ ਕਿ ਮੇਰਾ ਭਰਾ ਬੇਕਸੂਰ ਸੀ, ਉਹ ਗਲਤੀ ਨਾਲ ਸਰਹੱਦ ਪਾਰ ਕਰ ਗਿਆ ਸੀ ਤੇ ਉਸ ਨੂੰ ਮਨਜੀਤ ਸਿੰਘ ਬਣਾ ਕੇ ਪਾਕਿਸਤਾਨ ‘ਚ ਬੰਬ ਧਮਾਕਿਆਂ ਦਾ ਦੋਸ਼ੀ ਦੱਸ ਕੇ ਪੇਸ਼ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ ਫਾਂਸੀ ਦੀ ਸਜ਼ਾ ਸੁਣਾ ਦਿੱਤੀ। ਆਪਣੇ ਭਰਾ ਨੂੰ ਬੇਗੁਨਾਹ ਸਾਬਤ ਕਰਨ ਦੀ ਮੈਂ ਕੋਸ਼ਿਸ਼ ਕਰ ਰਹੀ ਸੀ, ਪਰ ਜੇਲ ”ਚ ਸਾਜ਼ਿਸ਼ ਤਹਿਤ 26 ਅਪ੍ਰੈਲ 2013 ਨੂੰ ਇਸ ‘ਤੇ ਜਾਨਲੇਵਾ ਹਮਲਾ ਹੋਇਆ ਅਤੇ ਦੋ ਮਈ ਨੂੰ ਸਰਬਜੀਤ ਨੂੰ ਮ੍ਰਿਤਕ ਐਲਾਨਿਆ ਗਿਆ। ਦਲਬੀਰ ਕੌਰ ਨੇ ਕਿਹਾ ਕਿ ਉਸ ਦੀ ਹੱਤਿਆ ਸਾਜ਼ਿਸ਼ ਹੇਠ ਹੋਈ ਸੀ ਤੇ ਇਸ ਵਿੱਚ ਜੇਲ ਸੁਪਰਡੈਂਟ ਦਾ ਹੱਥ ਹੈ। ਲਾਹੌਰ ਦੀ ਅਦਾਲਤ ਵੱਲੋਂ ਸਰਬਜੀਤ ਦੇ ਕੇਸ ਵਿੱਚ ਜੇਲ ਅਧਿਕਾਰੀ ਦਾ ਵਾਰੰਟ ਜਾਰੀ ਹੋ ਗਿਆ ਹੈ ਤੇ ਅਦਾਲਤ ਨੂੰ ਸਮਾਂਬੱਧ ਸੁਣਵਾਈ ਕਰਕੇ ਸਰਬਜੀਤ ਦੇ ਕਾਤਲਾਂ ਨੂੰ ਫਾਂਸੀ ਦੀ ਸਜ਼ਾ ਦੇਣੀ ਚਾਹੀਦੀ ਹੈ। ਦਲਬੀਰ ਕੌਰ ਨੇ ਕਿਹਾ ਕਿ ਲਾਹੌਰ ਹਾਈ ਕੋਰਟ ਦੇ ਜਸਟਿਸ ਮਜ਼ਹਰ ਅਲੀ ਅਕਬਰ ਨਕਵੀ ਨੇ 40 ਗਵਾਹਾਂ ਦੇ ਬਿਆਨ ਦਰਜ ਲੈਣ ਪਿੱਛੋਂ ਸਰਬਜੀਤ ਸਿੰਘ ਦੇ ਕਤਲ ਬਾਰੇ ਰਿਪੋਰਟ ਪਾਕਿਸਤਾਨੀ ਸਰਕਾਰ ਨੂੰ ਸੌਂਪੀ ਹੈ। ਇਸ ਰਿਪੋਰਟ ਨੂੰ ਜਨਤਕ ਕੀਤਾ ਜਾਣਾ ਚਾਹੀਦਾ ਹੈ।